ਪਟਿਆਲਾ ਜ਼ਿਲ੍ਹੇ ਦੇ 2 ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗਟਿਵ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਿੰਦਰਾ ਹਸਤਪਾਲ ਵਿਖੇ ਦਾਖਲ ਹੋਏ ਦੋ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ। ਉਨ੍ਹਾਂ ਨੂੰ ਫਲੂ ਵਰਗੇ ਲੱਛਣ ਹੋਣ ‘ਤੇ ਦਾਖਲ ਕਰਵਾਇਆ ਗਿਆ ਸੀ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਦੀਆਂ ਦੋ ਔਰਤਾਂ ਜਿੰਨ੍ਹਾਂ ਨੂੰ ਫਲੂ ਵਰਗੇ ਲੱਛਣ ਹੋਣ ‘ਤੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਦੇ ਕੋਰੋਨਾ ਵਾਇਰਸ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਕੋਈ ਵੀ ਕੋਰੋਨਾ ਦਾ ਸ਼ੱਕੀ ਮਰੀਜ਼ ਰਿਪੋਰਟ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਕੋਈ ਵੀ ਦਵਾਈ ਨਹੀਂ ਹੈ ਅਜਿਹੇ ਵਿੱਚ ਨੀਮ ਹਕੀਮ ਅਤੇ ਝੋਲਾ ਛਾਪ ਡਾਕਟਰਾਂ ਵੱਲੋਂ ਲੋਕਾਂ ਨੂੰ ਕੋਰੋਨਾ ਦੇ ਇਲਾਜ਼ ਦੇ ਨਾਮ ‘ਤੇ ਗੁੰਮਰਾਹ ਕਰਕੇ ਲੁੱਟ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੋਲਾ ਛਾਪ ਡਾਕਟਰਾਂ ਦੇ ਝਾਂਸੇ ਵਿੱਚ ਨਾ ਆਉਣ ਸਗੋਂ ਕਿਸੇ ਵੀ ਕਿਸਮ ਦੀ ਤਕਲੀਫ ਹੋਣ ‘ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਉਣ, ਜਿੱਥੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਹਰ ਪ੍ਰਕਾਰ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਲਈ ਲੋੜੀਂਦੀਆਂ ਦਵਾਈਆਂ ਮੁਫ਼ਤ ਉਪਲਬਧ ਹਨ। ਉਨ੍ਹਾਂ ਝੋਲਾ ਛਾਪ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਗੁੰਮਰਾਹ ਨਾ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।