ਬੱਸਾਂ ਦੀ ਘਾਟ ਕਾਰਨ ਆ ਰਹੀ ਸਮਿਸਆ ਦਾ ਜਲਦੀ ਕੀਤਾ ਜਾਵੇਗਾ ਹੱਲ : ਜੀਐਮ ਪਟਿਆਲਾ | Bhadson News
ਭਾਦਸੋਂ (ਸੁਸ਼ੀਲ ਕੁਮਾਰ)। ਸਥਾਨਕ ਸ਼ਹਿਰ ਵਿਖੇ ਸਰਕਾਰੀ ਬੱਸਾਂ ਦੇ ਰੈਗੂਲਰ ਨਾ ਆਉਣ ਕਾਰਨ ਜਿਥੇ ਪਟਿਆਲਾ ਰੂਟ ਤੇ ਜਾਣ ਵਾਲੀਆਂ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪੜਾਈ ਲਈ ਪਟਿਆਲਾ ਜਾਣ ਵਾਲੇ ਵਿਦਿਆਰਥੀ ਵੀ ਬੱਸ ਮਿਸ ਹੋਣ ਕਾਰਨ ਖੱਜਲ ਖੁਆਰ ਹੋ ਰਹੇ ਹਨ । ਸਮਾਂ ਸਾਰਨੀ ਮੁਤਾਬਕ ਭਾਦਸੋਂ ਤੋਂ ਪਟਿਆਲਾ ਲਈ ਪੀ.ਆਰ.ਟੀ.ਸੀ ਦੇ ਸਵੇਰ ਵੇਲੇ ਤਿੰਨ ਟਾਇਮ 6.45, 7.05 ਅਤੇ 7.25 ਪਾਏ ਹੋਏ ਹਨ, ਜ਼ੋ ਸਿਰਫ ਕਾਗਜਾਂ ਵਿਚ ਹੀ ਚੱਲਦੇ ਜਾਪਦੇ ਹਨ। (Bhadson News)
ਸਵੇਰ ਵੇਲੇ ਪੀ.ਆਰ.ਟੀ.ਸੀ ਦੇ ਟਾਇਮ ਬੰਦ ਹੋਣ ਕਾਰਨ ਮੁਲਾਜ਼ਮ ਆਪਣੇ ਕੰਮਾਂ ’ਤੇ ਦੇਰ ਨਾਲ ਪਹੁੰਚਦੇ ਹਨ ਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਕਾਲਜ ਜਾਂ ਸਕੂਲ ਪਹੁੰਚਣ ’ਚ ਦੇਰੀ ਹੁੰਦੀ ਹੈ ਤੇ ਉਨ੍ਹਾਂ ਦੀ ਪੜ੍ਹਾਈ ਦਾ ਵੀ ਕਾਫ਼ੀ ਨੁਕਸਾਨ ਹੁੰਦਾ ਹੈ। ਭਾਦਸੋਂ ਅਤੇ ਨੇੜਲੇ ਪਿੰਡਾਂ ਤੋਂ ਰੋਜ਼ਾਨਾ ਪਟਿਆਲਾ ਲਈ ਸਫ਼ਰ ਕਰਨ ਵਾਲੀਆਂ ਸਵਾਰੀਆਂ, ਵਿਦਿਆਰਥੀਆਂ ਨੇ ਦੱਸਿਆਂ ਕਿ ਪਿਛਲੇ ਇਕ ਹਫਤੇ ਤੋਂ ਪੀ.ਆਰ.ਟੀ.ਸੀ ਦੇ ਤਿੰਨ ਟਾਇਮਾਂ ਵਿਚ ਸਿਰਫ ਇਕ ਹੀ ਬੱਸ ਆ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਜਿਨ੍ਹਾਂ ਨੇ ਸਰਕਾਰੀ ਬੱਸ ਪਾਸ ਬਣਾਏ ਹੋਏ ਹਨ ਉਨ੍ਹਾਂ ਨੂੰ ਸਕੂਟਰਾਂ / ਮੋਟਰਸਾਈਕਲਾਂ ਤੇ ਜਾਣਾ / ਆਉਣਾ ਪੈਂਦਾ ਹੈ। ਉਨਾਂ ਨੂੰ ਕਾਲਜ਼ ਪਹੁੰਚਣ ਵਿੱਚ ਦੇਰੀ ਦੇ ਨਾਲ ਨਾਲ ਪੜ੍ਹਾਈ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਲੋਕਾਂ ਨੇ ਪੀ.ਆਰ.ਟੀ.ਸੀ ਵਿਭਾਗ ਤੋਂ ਮੰਗ ਕੀਤੀ ਕਿ ਸਵੇਰ ਦੇ ਸਮੇਂ ਸਾਰੇ ਟਾਇਮ ਰੈਗੂਲਰ ਚਲਾਏ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ, ਕਿਉਂਕਿ ਹੁਣ ਬੱਚਿਆਂ ਦੇ ਪੇਪਰਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ।
ਕੀ ਕਹਿੰਦੇ ਹਨ ਜਨਰਲ ਮੈਨੇਜਰ ਪੀ.ਆਰ.ਟੀ.ਸੀ ਪਟਿਆਲਾ
ਬੱਸਾਂ ਦੇ ਟਾਇਮ ਮਿਸ ਰਹਿਣ ਵਾਰੇ ਜਦੋਂ ਜਨਰਲ ਮੈਨੇਜਰ ਪੀ.ਆਰ.ਟੀ.ਸੀ ਪਟਿਆਲਾ ਨਾਲ ਉਹਨਾਂ ਦੇ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸਾਂ ਦੀ ਘਾਟ ਅਤੇ ਕਿਲੋਮੀਟਰ ਸਕੀਮ ਦਾ ਐਗਰੀਮੈਂਟ ਖਤਮ ਹੋਣ ਕਾਰਨ ਇਹ ਸਮੱਸਿਆ ਆਈ ਹੈ। ਹਫਤੇ ਤੱਕ ਬੱਸਾਂ ਆ ਜਾਣਗੀਆਂ ਅਤੇ ਫਿਰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ।