ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ‘ਚ ਪਰਨੀਤ ਕੌਰ ਨੇ ਪਾਇਆ ਹਿੱਸਾ

Parnit Kaur, Contributes, Patiala, Plastic, Campaign

ਪਟਿਆਲਾ ਸ਼ਹਿਰ ‘ਚ ਰੋਜ਼ਾਨਾ ਪੈਦਾ ਹੁੰਦੈ 230 ਟਨ ਕੂੜਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅਰੰਭੀ ਸਾਂਝੀ ‘ਸਵੱਛਤਾ ਹੀ ਸੇਵਾ’ ਸ਼੍ਰਮਦਾਨ ਮੁਹਿੰਮ ‘ਚ ਆਪਣਾ ਯੋਗਦਾਨ ਪਾਇਆ।  ਅੱਜ ਵਾਰਡ ਨੰਬਰ 41, ਸੰਜੇ ਕਲੋਨੀ ਨੇੜੇ ਨਵੀਂ ਰੇਹੜੀ ਮਾਰਕੀਟ ਤੋਂ ਸ਼ੁਰੂ ਕੀਤੀ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਪੈਦਲ ਚੱਲਦੇ ਹੋਏ ਨੇੜਲੀਆਂ ਕਲੋਨੀਆਂ ਦੀਆਂ ਗਲੀਆਂ ਵਿੱਚ ਗਏ, ਜਿੱਥੇ ਉਨ੍ਹਾਂ ਨੇ ਲਿਫ਼ਾਫ਼ਿਆਂ ਤੇ ਹੋਰ ਪਲਾਸਟਿਕ ਰਹਿੰਦ-ਖੂੰਹਦ ਨੂੰ ਬਹੁਤ ਬਰੀਕੀ ਨਾਲ ਖ਼ੁਦ ਇਕੱਠਾ ਕੀਤਾ, ਉੱਥੇ ਹੀ ਉਨ੍ਹਾਂ ਨੇ ਨਾਲ-ਨਾਲ ਸਥਾਨਕ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫੇ ਨਾ ਵਰਤਣ ਦੀ ਅਪੀਲ ਵੀ ਕੀਤੀ।

ਉਨ੍ਹਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਤਿਆਰ ਕਰਵਾਏ ਗਏ ਜੂਟ ਦੇ ਬੈਗ ਵੀ ਸਥਾਨਕ ਔਰਤਾਂ ਨੂੰ ਵੰਡੇ ਤੇ ਪਲਾਸਟਿਕ ਦੇ ਬੁਰੇ ਪ੍ਰਭਾਵ ਦੱਸਦਿਆਂ ਇਸ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਪ੍ਰੇਰਤ ਕੀਤਾ। ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਸਮੂਹ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਅਤੇ ਸਾਫ਼ ਵਾਤਾਵਰਣ ਲਈ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਹਰ ਵਿਅਕਤੀ ਪਲਾਸਟਿਕ ਮੁਕਤ ਪਟਿਆਲਾ ਅਤੇ ਸਾਫ਼ ਸੁਥਰੇ ਵਾਤਾਵਰਣ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਵੇ, ਇਹੋ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਉਪਦੇਸ਼ ਵੀ ਹੈ।

ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਨ ਮੌਕੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ੁਰੂ ਕੀਤੀ ‘ਸਵੱਛਤਾ ਹੀ ਸੇਵਾ’ ਦੀ ਸ਼੍ਰਮਦਾਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚੋਂ ਕਰੀਬ 35 ਟਨ ਕੂੜਾ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪਟਿਆਲਾ ਸ਼ਹਿਰ ਵਿੱਚ 230 ਟਨ ਕੂੜਾ ਰੋਜ਼ਾਨਾ ਪੈਦਾ ਹੁੰਦਾ ਹੈ, ਜਿਸ ਵਿੱਚੋਂ 80 ਟਨ ਦੇ ਕਰੀਬ ਪਲਾਸਟਿਕ ਹੁੰਦਾ ਹੈ ਤੇ ਇਸ ਵਿੱਚ 10 ਟਨ ਨਵਾਂ ਪਲਾਸਟਿਕ ਰੋਜ਼ਾਨਾ ਸ਼ਾਮਲ ਹੁੰਦਾ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਹਰਿਆਣਾ ਤੇ ਹੋਰ ਸ਼ਹਿਰਾਂ ਵਿੱਚ ਬਣਦੇ ਪਲਾਸਟਿਕ ਦੇ ਲਿਫ਼ਾਫੇ ਮੰਡੀਆਂ ‘ਚ ਪੁੱਜਦੇ ਹਨ ਤੇ ਇੱਕ ਰੇਹੜੀ ਵਾਲਾ 600 ਤੋਂ 800 ਗ੍ਰਾਮ ਤੱਕ ਲਿਫ਼ਾਫ਼ੇ ਰੋਜ਼ਾਨਾਂ ਵਰਤਦਾ ਹੈ ਅਤੇ ਸ਼ਹਿਰ ‘ਚ 4000 ਦੇ ਕਰੀਬ ਰੇਹੜੀਆਂ ਹਨ, ਇਸ ਲਈ ਪਟਿਆਲਾ ਸ਼ਹਿਰ ਵਾਸੀਆਂ ਨੂੰ ਖ਼ੁਦ ਸੁਚੇਤ ਹੋਣਾ ਪਵੇਗਾ ਤੇ ਪਲਾਸਟਿਕ ਨੂੰ ਨਾਂਹ ਕਹਿਣੀ ਹੀ ਪਵੇਗੀ। ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੀਆਂ 25 ਦੇ ਕਰੀਬ ਸੰਸਥਾਵਾਂ ਤੇ ਸਰਕਾਰੀ, ਗ਼ੈਰ ਸਰਕਾਰੀ ਅਦਾਰਿਆਂ ਨੇ ਆਪਣੇ ਆਪ ਨੂੰ ਇੱਕ ਵਾਰ ਵਰਤੋਂ ‘ਚ ਆਉਣ ਵਾਲੇ ਪਲਾਸਟਿਕ ਤੋਂ ਮੁਕਤ ਐਲਾਨ ਦਿੱਤਾ ਹੈ।
ਇਸ ਮੌਕੇ ਕੌਂਸਲਰ ਸੰਦੀਪ ਮਲਹੋਤਰਾ,  ਹਰੀਸ਼ ਕਪੂਰ, ਸ੍ਰੀਮਤੀ ਸੋਨੀਆ ਕਪੂਰ, ਸ੍ਰੀਮਤੀ ਜੋਗਿੰਦਰ ਕੌਰ ਆਦਿ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here