ਭੈਣ ਦਰਸ਼ਨਾ ਰਾਣੀ ਇੰਸਾਂ ਪਤਨੀ ਸੱਚਖੰਡਵਾਸੀ ਮਾਸਟਰ ਹੰਸਰਾਜ ਜੀ ਪਿੰਡ ਮਾਹੂਆਣਾ ਬੋਦਲਾ, ਤਹਿਸੀਲ ਤੇ ਜ਼ਿਲ੍ਹਾ ਫਾਜ਼ਿਲਕਾ (ਪੰਜਾਬ) ਆਪਣੇ ਉੱਪਰ ਹੋਈ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਬਿਆਨ ਕਰਦੇ ਹਨ:-
ਭੈਣ ਦਰਸ਼ਨਾ ਇੰਸਾਂ ਦੱਸਦੇ ਹਨ ਕਿ ਉਪਰੋਕਤ ਘਟਨਾ ਸੰਨ 1994 ਦੀ ਹੈ ਭੈਣ ਲਿਖਦੀ ਹੈ ਕਿ ਮੇਰਾ ਵਿਆਹ 1975 ’ਚ ਹੋਇਆ ਸੀ। ਮੇਰੇ ਪਤੀ ਸ੍ਰੀ ਹੰਸਰਾਜ ਜੀ ਪੰਜਾਬ ਦੇ ਇੱਕ ਸਰਕਾਰੀ ਸਕੂਲ ’ਚ ਪੰਜਾਬੀ ਅਧਿਆਪਕ ਸਨ। ਮੈਂ ਤਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਤੋਂ ਨਾਮ ਸ਼ਬਦ ਲੈ ਲਿਆ ਸੀ ਪਰ ਮੇਰੇ ਪਤੀ ਨੇ ਉਦੋਂ ਨਾਮ-ਸ਼ਬਦ ਨਹੀਂ ਲਿਆ ਸੀ। ਸਮੇਂ-ਸਮੇਂ ’ਤੇ ਮੈਂ ਬਹੁਤ ਨਿਮਰਤਾਪੂਰਨ ਉਨ੍ਹਾਂ ਨੂੰ ਨਾਮ-ਸ਼ਬਦ ਲੈਣ ਲਈ ਪ੍ਰੇਰਿਤ ਵੀ ਕਰਦੀ ਰਹਿੰਦੀ ਪਰ ਉਹ ਹਰ ਵਾਰ ਮੇਰੀ ਇਸ ਬੇਨਤੀ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ਼ ਦਿੰਦੇ ਪਰ ਹੈਰਾਨੀਜਨਕ ਗੱਲ ਇਹ ਵੀ ਸੀ ਕਿ ਉਹ ਸਾਡੇ ਤੋਂ ਜ਼ਿਆਦਾ ਅੰਤਰ ਮਨ ਨਾਲ ਪੂਜਨੀਕ ਸਤਿਗੁਰੂ ਜੀ ਨਾਲ ਜੁੜੇ ਹੋਏ ਸਨ।
ਹਰ ਵਾਰ ਸਤਿਸੰਗ ’ਤੇ ਜਾਣਾ, ਸਮਾਂ ਮਿਲਦੇ ਹੀ ਦਰਬਾਰ ਜਾ ਕੇ ਸੇਵਾ ਕਰਨਾ ਆਦਿ ਛੁੱਟੀ ਦਾ ਕੋਈ ਵੀ ਦਿਨ, ਐਤਵਾਰ ਜਾਂ ਕੋਈ ਸਰਕਾਰੀ ਛੁੱਟੀ ਹੁੰਦੀ, ਤਾਂ ਆਮ ਤੌਰ ’ਤੇ ਘਰ ਰਹਿਣ ਦੀ ਥਾਂ ਉੁਹ ਦਰਬਾਰ ’ਚ ਹੀ ਚਲੇ ਜਾਂਦੇ। ਕਹਿਣ ਦਾ ਮਤਲਬ ਕਿ ਉਨ੍ਹਾਂ ਨੂੰ ਸਾਡੇ ਪਰਿਵਾਰਕ ਮੈਂਬਰਾਂ ਤੋਂ ਕਿਤੇ ਜ਼ਿਆਦਾ ਪੂਜਨੀਕ ਸਤਿਗੁਰੂ ਜੀ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਸੀ ਸਿਰਫ਼ ਨਾਮ-ਸ਼ਬਦ ਨਹੀਂ ਲਿਆ ਸੀ ਮੈਂ ਇੱਕ-ਦੋ ਵਾਰ ਪੂਜਨੀਕ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਪਤੀ ਨੂੰ ਨਾਮ-ਸ਼ਬਦ ਦੀ ਦਾਤ ਬਖਸ਼ ਦੇਣ, ਪਰ ਪੂਜਨੀਕ ਪਰਮ ਪਿਤਾ ਜੀ ਦਾ ਹਰ ਵਾਰ ਇਹੀ ਜਵਾਬ ਹੁੰਦਾ ਕਿ, ‘‘ਬੇਟਾ! ਸਿਮਰਨ ਕਰਦੇ ਰਹੋ, ਸਮਾਂ ਆਉਣ ’ਤੇ ਖੁਦ ਹੀ ਨਾਮ-ਸ਼ਬਦ ਲੈ ਲਵੇਗਾ।’’
ਭੈਣ ਦਰਸ਼ਨਾ ਇੰਸਾਂ ਦੱਸਦੀ ਹੈ ਕਿ ਸੰਨ 1992 ’ਚ ਸਾਡੇ ਪਿੰਡ ਦਾ ਭੰਗੀਦਾਸ (ਉਸ ਸਮੇਂ ਸੈਕਟਰੀ ਕਹਿੰਦੇ ਸਨ) ਉਸ ਦੀ ਮੌਤ ਹੋ ਗਈ। ਪਿੰਡ ਦੀ ਸਾਧ-ਸੰਗਤ ਨੂੰ ਉਦੋਂ ਤੱਕ ਮਾਸਟਰ ਜੀ ਬਾਰੇ ਇਹ ਨਹੀਂ ਪਤਾ ਸੀ ਕਿ ਉਸ ਨੇ ਨਾਮ ਨਹੀਂ ਲਿਆ ਸਾਰੀ ਸਾਧ-ਸੰਗਤ ਉਨ੍ਹਾਂ ਨੂੰ ਨਾਮ ਲੇਵਾ ਹੀ ਸਮਝਦੀ ਸੀ ਸੰਗਤ ਨੇ ਉਨ੍ਹਾਂ ਨੂੰ ਭੰਗੀਦਾਸ ਦੀ ਡਿਊਟੀ ਕਰਨ ਲਈ ਬਹੁਤ ਜ਼ਿਆਦਾ ਮਜ਼ਬੂਰ ਕੀਤਾ ਪਹਿਲਾਂ ਤਾਂ ਉਨ੍ਹਾਂ ਨੇ ਸਾਫ਼ ਜਵਾਬ ਦਿੱਤਾ ਕਿ ਮੈਂ ਸਰਕਾਰੀ ਮੁਲਾਜ਼ਮ ਹਾਂ, ਮੇਰੇ ਤੋਂ ਇਹ ਪਵਿੱਤਰ ਡਿਊਟੀ ਨਿਭਾਈ ਨਹੀਂ ਜਾ ਸਕੇਗੀ। ਉੱਧਰ ਪਿੰਡ ਦੀ ਸਾਧ-ਸੰਗਤ ਨੇ ਉਨ੍ਹਾਂ ਨੂੰ ਵਾਰ-ਵਾਰ ਕਿਹਾ (ਭੰਗੀਦਾਸ ਦੀ ਡਿਊਟੀ ਲਈ) ਅਤੇ ਉੱਧਰ ਮੈਂ ਵੀ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਸਾਧ-ਸੰਗਤ ਭੰਗੀਦਾਸ ਦੀ ਪਵਿੱਤਰ ਡਿਊਟੀ ਸੌਂਪਣਾ ਚਾਹੁੰਦੀ ਹੈ, ਆਪ ਨਾਮ-ਸ਼ਬਦ ਲੈ ਕੇ ਇਹ ਡਿਊਟੀ ਸੰਭਾਲ ਲਓ, ਤਾਂ ਲੋਕਾਂ ਨੂੰ ਸਤਿਸੰਗ ਤੇ ਨਾਮ-ਸ਼ਬਦ ਨਾਲ ਜੋੜਨ ਦਾ ਕੰਮ ਪਹਿਲਾਂ ਤੋਂ ਹੋਰ ਜ਼ਿਆਦਾ ਕਰ ਸਕੋਗੇ। ਖੁਦ ਬਿਨਾ ਨਾਮ ਲਏ ਵੀ ਬਹੁਤ ਲੋਕਾਂ ਨੂੰ ਪੂਜਨੀਕ ਸਤਿਗੁਰੂ ਜੀ ਤੋਂ ਉਨ੍ਹਾਂ ਨੇ ਨਾਮ ਸ਼ਬਦ ਦਿਵਾਇਆ ਸੀ ਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਆਉਣ-ਜਾਣ ਦਾ ਕਿਰਾਇਆ ਭਾੜਾ, ਖਰਚਾ ਆਦਿ ਵੀ ਆਪਣੀ ਜੇਬ੍ਹ ’ਚੋਂ ਹੀ ਦਿੰਦੇ ਸੀ।
ਇਸ ਤਰ੍ਹਾਂ ਜ਼ਿਆਦਾ ਕਹਿਣ ’ਤੇ ਉਨ੍ਹਾਂ ਨੇ ਭੰਗੀਦਾਸ ਦੀ ਸੇਵਾ ਲਈ ਹਾਂ ਕਰ ਦਿੱਤੀ ਮੈਂ ਸਾਧ-ਸੰਗਤ ’ਚ ਸੱਚਾਈ ਵੀ ਦੱਸ ਦਿੱਤੀ ਕਿ ਮਾਸਟਰ ਜੀ ਨਾਮ-ਸ਼ਬਦ ਲੈ ਲੈਣ ਤੋਂ ਬਾਅਦ ਭੰਗੀਦਾਸ ਦੀ ਸੇਵਾ ਜ਼ਰੂਰ ਕਰਨਗੇ। ਉਪਰੋਕਤ ਘਟਨਾ ਜਨਵਰੀ 1992 ਦੇ ਸ਼ੁਰੂ ਦੇ ਦਿਨਾਂ ਦੀ ਹੈ ਮਿਤੀ 25 ਜਨਵਰੀ ਦਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦਾ ਪਵਿੱਤਰ ਭੰਡਾਰਾ ਸੀ ਮੇਰੇ ਪਤੀ ਵੀ ਪਵਿੱਤਰ ਭੰਡਾਰੇ ’ਤੇ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਦੇ ਨਾਲ ਗਏ ਅਤੇ ਉਨ੍ਹਾਂ ਨੇ ਉਸੇ ਪਵਿੱਤਰ ਭੰਡਾਰੇ ’ਤੇ ਪੂਜਨੀਕ ਹਜ਼ੂਰ ਪਿਤਾ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਉਨ੍ਹਾਂ ਨੇ ਭੰਗੀਦਾਸ ਦੀ ਸੇਵਾ ਲੈ ਲਈ ਉਸ ਪਵਿੱਤਰ ਸੇਵਾ ਨੂੰ ਉਨ੍ਹਾਂ ਨੇ ਆਪਣੇ ਅੰਤ ਸਮੇਂ ਤੱਕ (ਭਾਵ ਦੋ ਸਾਲ ਚਾਰ ਮਹੀਨੇ) ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਇਆ ਉਨ੍ਹਾਂ ਨੇ ਮਿਤੀ 1 ਜੁਲਾਈ 1994 ਨੂੰ ਆਪਣਾ ਸਰੀਰ ਛੱਡਿਆ।
ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਤ ਸਮੇਂ ਬਾਰੇ ਇੱਕ ਮਹੀਨਾ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਮਾਸਟਰ ਹੰਸਰਾਜ ਨੇ ਇੱਕ ਦਿਨ ਮੈਨੂੰ ਹੱਸਦੇ-ਹੱਸਦੇ ਦੱਸਿਆ ਕਿ ਅੱਜ ਤੋਂ ਠੀਕ ਇੱਕ ਮਹੀਨੇ ਬਾਅਦ ਉਸਨੇ ਆਪਣੇੇ ਸਰੀਰ ਨੂੰ ਛੱਡ ਕੇ ਲੋਕ ਆਪਣੇ ਨਿੱਜਧਾਮ ਚਲੇ ਜਾਣਾ ਹੈ ਉਹ ਹੱਸ-ਹੱਸ ਕੇ ਗੱਲਾਂ ਕਰ ਰਹੇ ਸੀ ਉਨ੍ਹਾਂ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਨ੍ਹਾਂ ਨੂੰ ਅੰਦਰੋਂ ਸਾਰਾ ਦ੍ਰਿਸ਼ ਦਿਖਾਇਆ ਹੈ।
ਇਹ ਵੀ ਪੜ੍ਹੋ : ਯੂਪੀ ’ਚ ਵੀ ਸਤਿਗੁਰੂ ਜੀ ਦੇ ਦਰਸ਼ਨ, ਸਰਸਾ ’ਚ ਵੀ ਸਤਿਗੁਰੂ ਜੀ ਦੇ ਦਰਸ਼ਨ
ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਦਿਨ ਉਹ ਚੋਲਾ ਛੱਡਣਗੇ, ਉਸ ਸਮੇਂ ਘਰ ਵਿੱਚ ਪਰਿਵਾਰ ਦਾ ਇੱਕ ਜੀਅ ਵੀ ਨਹੀਂ ਹੋਵੇਗਾ ਸਾਰੇ ਸਤਿਸੰਗ, ਸੇਵਾ ਤੇ ਪੂਜਨੀਕ ਗੁਰੂ ਜੀ ਦੇੇ ਦਰਸ਼ਨਾਂ ਲਈ ਗਏ ਹੋਣਗੇ ਗੱਲਾਂ-ਗੱਲਾਂ ’ਚ ਉਨ੍ਹਾਂ ਨੇੇ ਇਹ ਵੀ ਕਿਹਾ ਕਿ ਉਹ ਥੋੜੇ੍ਹ ਦਿਨਾਂ ਤੱਕ ਹੀ ਸਾਡੇ ਕੋਲ ਹਨ ਉਨ੍ਹਾਂ ਨੇ ਮੈਨੂੰ ਬੱਚਿਆਂ ਦਾ ਭਲੀ-ਭਾਂਤੀ ਤੇ ਚੰਗੇ ਢੰਗ ਨਾਲ ਪਾਲਣ-ਪੋੋਸ਼ਣ ਕਰਨ ਦੀ ਨਸੀਹਤ ਦਿੱਤੀ ਤੇ ਇਹ ਵੀ ਕਿਹਾ ਕਿ ਇਹ ਮਕਾਨ ਵੇਚ ਕੇ ਅਸੀਂ ਲੋਕ ਸਰਸਾ ’ਚ ਰਹੀਏ ਆਪਣਾ ਸਰੀਰ ਛੱਡਣ ਤੋਂ ਚਾਰ ਦਿਨ ਪਹਿਲਾਂ ਉਨ੍ਹਾਂ ਨੇ ਮੈਨੂੰ ਘਰ ਦੇ ਸਾਰੇ ਹਿਸਾਬ-ਕਿਤਾਬ (ਲੈਣ-ਦੇਣ) ਬਾਰੇ ਸਮਝਾਇਆ, ਸਗੋਂ ਉਨ੍ਹਾਂ ਦਿਨਾਂ ’ਚ ਉਨ੍ਹਾਂ ਨੇ ਆਪਣੇ ਜਿਉਂਦੇ ਜੀਅ ਮਕਾਨ ਦਾ ਸੌਦਾ ਵੀ ਕਰ ਦਿੱਤਾ ਤੇ ਜਿਸ ਦਾ ਲੈਣ-ਦੇਣਾ ਸੀ, ਸਭ ਕੁਝ ਚੁਕਤਾ ਕਰ ਦਿੱਤਾ।
ਸਤਿਗੁਰੂ ਜੀ ਨੇ ਇੱਕ ਮਹੀਨਾ ਪਹਿਲਾਂ ਇੱਕ ਸੰਸਕਾਰੀ ਰੂਹ ਨੂੰ ਦਿਖਾਇਆ ਉਸ ਦਾ ਅੰਤ ਸਮਾਂ
ਕਦੇ-ਕਦੇ ਉਨ੍ਹਾਂ ਦੀਆਂ ਗੱਲਾਂ ਸੱਚ ਪ੍ਰਤੀਤ ਹੁੰਦੀਆਂ ਸਨ, ਪਰ ਇੰਜ ਕਿਵੇਂ ਹੋ ਸਕਦਾ ਹੈ, ਮਨ ਯਕੀਨ ਨਹੀਂ ਕਰਦਾ ਸੀ ਦੱਸਿਆ ਗਿਆ ਇੱਕ ਮਹੀਨੇ ਦਾ ਸਮਾਂ ਵੀ ਆ ਚੁੱਕਾ ਸੀ ਅਸੀਂ ਲੋਕ ਉਸ ਦਿਨ ਪੂਜਨੀਕ ਗੁਰੂ ਜੀ ਦੇ ਦਰਸ਼ਨ, ਸਤਿਸੰਗ ਤੇ ਸੇਵਾ ਲਈ ਡੇਰਾ ਸੱਚਾ ਸੌਦਾ ’ਚ ਗਏ ਹੋਏ ਸੀ ਲੋਕਾਂ ਨੇ ਦੱਸਿਆ ਕਿ ਬੱਚੇ ਵੀ ਉਸ ਸਮੇਂ ਘਰ ਨਹੀਂ ਸਨ ਉਹ ਪਿੰਡ ’ਚ ਆਪਣੇ ਦੋਸਤਾਂ ਨਾਲ ਖੇਡਣ ਗਏ ਸਨ ਪਿੰਡ ਵਾਲਿਆਂ ਨੇ ਦੱਸਿਆ ਕਿ ਮਾਸਟਰ ਪਿੰਡ ਦੀ ਚੌਪਾਲ ’ਚ ਉਨ੍ਹਾਂ ਲੋਕਾਂ ਦੇ ਨਾਲ ਗੱਲਾਂ ਕਰ ਰਹੇ ਸਨ, ਉਸੇ ਦੌਰਾਨ ਉਨ੍ਹਾਂ ਨੇ ਆਪਣੇ ਅੰਦਰੋਂ ਘਬਰਾਹਟ ਹੋਣ ਦੀ ਗੱਲ ਕਹੀ ਕਿ ਉਨ੍ਹਾਂ ਨੂੰ ਬਹੁਤ ਘਬਰਾਹਟ ਹੋ ਰਹੀ ਹੈ ਉਹ ਲੋਕ ਉਨ੍ਹਾਂ ਨੂੰ ਸਹਾਰਾ ਦੇ ਕੇ ਘਰ ਲੈ ਆਏ ਤੇ ਇਸ ਤਰ੍ਹਾਂ ਘਰ ਪਹੁੰਚਦਿਆਂ ਹੀ ਉਨ੍ਹਾਂ ਨੇ ਹੱਥ ਜੋੜੇ, ਨਾਅਰਾ ਲਾਇਆ ਤੇ ਦੇਖਦੇ ਹੀ ਦੇਖਦੇ ਪੂਜਨੀਕ ਸਤਿਗੁਰੂ ਜੀ ਦੇ ਚਰਨਾਂ ’ਚ ਜਾ ਬਿਰਾਜੇ ਉਨ੍ਹਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ।
ਉਸ ਦਿਨ ਸੰਨ 1994 ਦਾ ਇੱਕ ਜੁਲਾਈ ਦਾ ਦਿਨ ਸੀ ਦਰਬਾਰ ਵਿੱਚ ਗੁਰ ਸਤਿ ਬ੍ਰਹਮਚਾਰੀ ਭਾਈ ਮੋਹਨ ਲਾਲ ਜੀ ਇੰਸਾਂ ਤੇ ਦਰਸ਼ਨ ਇੰਸਾਂ ਜੀ (ਪ੍ਰਧਾਨ) ਨੇ ਅਨਾਊਂਸਮੈਂਟ ਕਰਵਾ ਕੇ ਕਮਰਾ ਨੰਬਰ 50 ’ਚ ਬੁਲਾਇਆ ਤੇ ਗੱਲਾਂ-ਗੱਲਾਂ ’ਚ ਮੇਰੇ ਪਤੀ ਦੀ ਮੌਤ ਬਾਰੇ ਇਸ ਢੰਗ ਨਾਲ ਦੱਸਿਆ ਕਿ ਸਾਨੂੰ ਸਦਮਾ ਵੀ ਨਾ ਲੱਗੇ ਤੇ ਸੱਚਾਈ ਵੀ ਦੱਸ ਦਿੱਤੀ। ਪੂਜਨੀਕ ਗੁਰੂ ਜੀ ਨੇ ਮਹੀਨਾ ਪਹਿਲਾਂ ਜੋ ਦਿ੍ਰਸ਼ ਉਨ੍ਹਾਂ ਨੂੰ ਦਰਸ਼ਾਇਆ ਸੀ, ਬਿਲਕੁਲ ਸੌ ਫੀਸਦੀ ਉਹੀ ਗੱਲਾਂ ਸਾਹਮਣੇ ਸਨ ਅਸੀਂ ਵੀ ਘਰ ਨਹੀਂ ਸੀ, ਡੇਰੇ ਗਏ ਹੋਏ ਸੀ ਤੇ ਸਾਡੇ ਬੱਚੇ ਵੀ ਉਸ ਮੌਕੇ ਘਰੇ ਨਹੀਂ ਸਨ ਖੇਡਣ ਗਏ ਹੋਏ ਸਨ ਤਾਂ ਇਹ ਸਮਝ ਆਈ ਕਿ ਸਤਿਗੁਰੂ ਜੀ ਆਪਣੀਆਂ ਸੰਸਕਾਰੀ ਰੂਹਾਂ ਦੀ ਇਸ ਤਰ੍ਹਾਂ ਵੀ ਸੰਭਾਲ ਕਰਦੇ ਹਨ। ਮਾਲਿਕ ਨੂੰ ਇਹੀ ਦੁਆ ਹੈ ਕਿ ਜਿਸ ਤਰ੍ਹਾਂ ਮੇਰੇ ਪਤੀ ਆਪਣੀ ਉਮਰ ਮਾਲਿਕ ਦੇ ਸੇਵਾ-ਸਿਮਰਨ ’ਚ ਲਾ ਕੇ ਆਪਣੀ ਓੜ ਨਿਭਾ ਗਏ ਹਨ, ਹੇ ਮਾਲਿਕ! ਸਾਡੇ ਪਰਿਵਾਰ ’ਤੇ ਅਜਿਹੀ ਦਇਆ ਮਿਹਰ ਰਹਿਮਤ ਕਰਨਾ ਕਿ ਅਸੀਂ ਵੀ ਆਪਣੇ ਆਖਰੀ ਸਵਾਸ ਤੱਕ ਆਪ ਜੀ ਦੇ ਪਵਿੱਤਰ ਚਰਨਾਂ ਨਾਲ ਜੁੜੇ ਰਹੀਏ ਜੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ