ਸਬਸਿਡੀ ’ਤੇ ਮਿਲੀਆਂ ਸਰਫੇਸ ਸੀਡਰ ਮਸ਼ੀਨਾਂ ਨਾਲ ਹੋਵੇਗੀ ਕਣਕ ਦੀ ਬਿਜਾਈ
ਜ਼ਿਲ੍ਹੇ ’ਚ 200 ਤੋਂ ਵਧੇਰੇ ਸਰਫੇਸ ਸੀਡਰ ਮੁਹੱਈਆ ਕਰਵਾਏ ਜਾਣਗੇ-ਸਾਕਸ਼ੀ ਸਾਹਨੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੀਆਂ 7 ਗ੍ਰਾਮ ਪੰਚਾਇਤਾਂ ਨੇ ਠਾਣ ਲਿਆ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਪਰਾਲੀ ਨਹੀਂ ਫੂਕਣ ਦੇਣਗੀਆਂ, ਇਸੇ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਖੇਤੀਬਾੜੀ ਵਿਭਾਗ ਦੇ ਉਦਮ ਸਦਕਾ ਇਨ੍ਹਾਂ ਪੰਚਾਇਤਾਂ ਨੇ ਸਬਸਿਡੀ ’ਤੇ ਸਰਫੇਸ ਸੀਡਰ ਖਰੀਦੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਹ ਪ੍ਰਬੰਧ ਯਕੀਨੀ ਬਣਾ ਲਏ ਹਨ ਕਿ 200 ਤੋਂ ਵਧੇਰੇ ਸਹਿਕਾਰੀ ਸਭਾਵਾਂ ਵਿੱਚ ਸਰਫੇਸ ਸੀਡਰ ਪੁੱਜ ਜਾਣ।(Patiala News)
ਅੱਜ ਪਟਿਆਲਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਤੋਂ ਇਹ ਸਰਫੇਸ ਸੀਡਰ ਪੰਚਾਇਤਾਂ ਨੂੰ ਸੌਂਪਣ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੂੰਡ ਖੇੜਾ, ਧਨੌਰੀ ਕਲਾਂ, ਦੁੱਧੜ, ਖੇੜੀ ਮਾਨੀਆਂ, ਮਵੀ ਸੱਪਾਂ, ਤਰੌੜਾ ਕਲਾਂ ਤੇ ਮੱਦੋ ਮਾਜਰਾ ਪਿੰਡਾਂ ਦੇ ਸਰਪੰਚਾਂ ਤੇ ਹੋਰ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅਗਾਂਹਵਧੂ ਸੋਚ ਵਾਲੇ ਸਰਪੰਚ ਤੇ ਪਿੰਡ ਵਾਸੀ ਹੋਰਨਾਂ ਪੰਚਾਇਤਾਂ ਲਈ ਚਾਨਣ ਮੁਨਾਰਾ ਬਣੇ ਹਨ। ਉਨ੍ਹਾਂ ਦੇ ਨਾਲ ਏ.ਡੀ.ਸੀ. ਦਿਹਾਤੀ ਵਿਕਾਸ ਅਨੁਪਿ੍ਰਤਾ ਜੌਹਲ ਵੀ ਮੌਜੂਦ ਸਨ।
ਛੋਟੇ ਤੇ ਸੀਮਾਂਤ ਕਿਸਾਨਾਂ ਤੋਂ ਸੀਡਰ ਕੋਈ ਕਿਰਾਇਆ ਨਹੀਂ ਲਿਆ
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਰਫੇਸ ਸੀਡਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਈਜ਼ਾਦ ਕੀਤੀ ਗਈ ਅਜਿਹੀ ਮਸ਼ੀਨ ਹੈ, ਜਿਸ ਨਾਲ ਪਰਾਲੀ ਨੂੰ ਸਾੜੇ ਤੇ ਵਾਹੇ ਤੋਂ ਬਿਨ੍ਹਾਂ ਹੀ ਸਿੱਧੇ ਹੀ ਐਸ.ਐਮ.ਐਸ. ਲੱਗੀ ਕੰਬਾਇਨ ਨਾਲ ਵੱਢੇ ਝੋਨੇ ਦੇ ਖੇਤ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਵਿੱਚ ਕਟਰ-ਕਮ-ਸਪਰੈਡਰ ਤੇ ਬਿਜਾਈ ਦਾ ਡਰਿੱਲ ਲੱਗਿਆ ਹੁੰਦਾ ਹੈ ਅਤੇ ਇਹ ਇੱਕ ਘੰਟੇ ਵਿੱਚ ਡੇਢ ਏਕੜ ਜਮੀਨ ’ਚ ਛੋਟੇ ਟ੍ਰੈਕਟਰ ਨਾਲ ਵੀ ਬਿਜਾਈ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸਬਸਿਡੀ ’ਤੇ ਸਰਫੇਸ ਸੀਡਰ ਲੈਣ ਵਾਲੀਆਂ ਗ੍ਰਾਮ ਪੰਚਾਇਤਾਂ ਨੂੰ 6 ਫੁੱਟ ਦਾ ਸੀਡਰ 64 ਹਜ਼ਾਰ ਦੀ ਸਬਸਿਡੀ ਨਾਲ ਕੇਵਲ 42 ਹਜ਼ਾਰ ਰੁਪਏ ਦਾ ਪੈਂਦਾ ਹੈ। ਇਸ ਮਸ਼ੀਨ ਦਾ ਪੰਚਾਇਤਾਂ ਵੱਲੋਂ ਪਿੰਡ ਵਾਸੀ ਛੋਟੇ ਤੇ ਸੀਮਾਂਤ ਕਿਸਾਨਾਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਮਿਲੀ ਜ਼ਮਾਨਤ
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ 14 ਹਜ਼ਾਰ ਕੁਇੰਟਲ ਕਣਕ ਦੇ ਬੀਜ ਵੀ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਹਨ। ਉਨ੍ਹਾਂ ਨੇ ਬਾਕੀ ਪੰਚਾਇਤਾਂ ਨੂੰ ਵੀ ਇਹ ਸਰਫੇਸ ਸੀਡਰ ਖਰੀਦਣ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ, ਖੇਤੀਬਾੜੀ ਵਿਕਾਸ ਅਫ਼ਸਰ ਜਸਪਿੰਦਰ ਕੌਰ, ਗੁਰਮੁੱਖ ਸਿੰਘ, ਹਰਮਿੰਦਰ ਸਿੰਘ ਅਮਰੀਕ ਸਿੰਘ ਸਮੇਤ ਪਿੰਡਾਂ ਮੂੰਡ ਖੇੜਾ ਦੇ ਗੁਰਜੀਤ ਕੌਰ, ਧਰਮੇੜੀ ਤੋਂ ਰਣਜੀਤ ਕੌਰ, ਦੁੱਧੜ ਤੋਂ ਜਸਪਾਲ ਕੌਰ, ਖੇੜੀ ਮਾਨੀਆਂ ਤੋਂ ਸਰਬਜੀਤ ਕੌਰ, ਮਵੀ ਸੱਪਾਂ ਤੋਂ ਕ੍ਰਿਸ਼ਨ ਸਿੰਘ, ਤਰੌੜਾ ਕਲਾਂ ਤੋਂ ਜਗਵਿੰਦਰ ਸਿੰਘ ਤੇ ਮੱਦੋ ਮਾਜਰਾ ਤੋਂ ਮਨਪ੍ਰੀਤ ਕੌਰ ਸਰਪੰਚ ਵੀ ਮੌਜੂਦ ਸਨ।