ਮਾਮਲਾ ਪੱਤੀ ਖਲੀਲ ਦੇ ਸਰਪੰਚ ਦੀ ਹੋਈ ਕੁੱਟਮਾਰ ਦਾ
ਪੁਲਿਸ ਪ੍ਰਸ਼ਾਸਨ ਵੱਲੋਂ ਮੁਲਜਮਾਂ ਖਿਲਾਫ ਮਾਮਲਾ ਦਰਜ
ਦੂਜੀ ਧਿਰ ਨੇ ਦੋਸ ਨਿਕਾਰੇ
ਸ਼ੇਰਪੁਰ (ਰਵੀ ਗੁਰਮਾਂ) ਪੰਚਾਇਤ ਯੂਨੀਅਨ ਵੱਲੋਂ ਅੱਜ ਪਿੰਡ ਪੱਤੀ ਖਲੀਲ ਦੇ ਸਰਪੰਚ ਰਣਜੀਤ ਸਿੰਘ ਬਿੱਲੂ ਦੀ ਹੋਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਥਾਣਾ ਸ਼ੇਰਪੁਰ ਦੇ ਗੇਟ ਅੱਗੇ ਰੋਸ ਧਰਨਾ ਦਿੰਦੇ ਹੋਏ ਬਾਜ਼ਾਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਧਰਨੇ ਦੀ ਅਗਵਾਈ ਕਰਦੇ ਹੋਏ ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਇੱਕ ਪ੍ਰਮੁੱਖ ਆਗੂ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦੇ ਹੋਏ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਪੱਤੀ ਖਲੀਲ ਦੇ ਸਰਪੰਚ ਦੀ ਹੋਈ ਕੁੱਟਮਾਰ ਨੂੰ ਲੈ ਕੇ ਪੱਖ ਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ ਤੇ ਦੋਸ਼ੀਆਂ ਉਪਰ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਰਪੰਚ ਐਡਵੋਕੇਟ ਅਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬਣਦੇ ਮਾਮਲੇ ਅਨੁਸਾਰ ਧਾਰਾਵਾਂ ਨਹੀਂ ਲਗਾਈਆਂ ਜੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਰਾਸਰ ਧੱਕਾ ਕੀਤਾ ਗਿਆ ਹੈ
ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦਰਜ ਮੁਕੱਦਮੇ ਅਨੁਸਾਰ ਬਰਬਿਆਨ ਰਣਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪੱਤੀ ਖਲੀਲ ਨੇ ਦੱਸਿਆ ਕਿ 9 ਜਨਵਰੀ 2020 ਨੂੰ ਆਪਣੀ ਪਤਨੀ ਭਿੰਦਰ ਕੌਰ ਨਾਲ ਦੁੱਧ ਵਾਲੀ ਡੇਅਰੀ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ 8 ਵਜੇ ਸ਼ਾਮ ਨੂੰ ਉਕਤ ਵਿਅਕਤੀਆਂ ਵੱਲੋਂ ਆਪਣੇ ਘਰ ਕੋਲ ਘੇਰ ਕੇ ਉਨ੍ਹਾਂ ਨਾਲ ਕੁੱਟ ਮਾਰ ਕੀਤੀ ਗਈ ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਬਹਾਦਰ ਸਿੰਘ ਬਾਗੜੀ ਕਾਤਰੋਂ, ਸਰਪੰਚ ਸੂਰਜਭਾਨ ਮਾਹਮਦਪੁਰ , ਸਰਪੰਚ ਗੁਰਦੀਪ ਸਿੰਘ ਅਲੀਪੁਰ , ਸਰਪੰਚ ਪਾਲਵਿੰਦਰ ਕੌਰ ਹੇੜੀਕੇ , ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ , ਸਰਪੰਚ ਰਣਜੀਤ ਸਿੰਘ ਬਿੱਲੂ ਪੱਤੀ ਖਲੀਲ ਤੋਂ ਇਲਾਵਾ ਪਿੰਡਾਂ ਦੇ ਪੰਚ ਤੇ ਹੋਰ ਲੋਕ ਮੌਜ਼ੂਦ ਸਨ
ਦੂਜੀ ਧਿਰ ਵੱਲੋਂ ਧਰਨੇ ਨੂੰ ਧੱਕੇ ਸ਼ਾਹੀ ਕਰਾਰ
ਦੂਜੀ ਧਿਰ ਦੀ ਅਗਵਾਈ ਕਰ ਰਹੇ ਲੋਕ ਮੰਚ ਦੇ ਆਗੂ ਸੁਖਦੇਵ ਸਿੰਘ ਬੜੀ ਨੇ ਮੀਡੀਆ ਨੂੰ ਆਪਣਾ ਪੱਖ ਦੱਸਦੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਪਿੰਡ ਦੇ ਪੰਚਾਇਤੀ ਨੁਮਾਇੰਦੇ ਨਾਲ ਗਿਲਾ ਸ਼ਿਕਵਾ ਨਹੀਂ ਹੈ ਪ੍ਰੰਤੂ ਪੰਚਾਇਤ ਯੂਨੀਅਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਵੱਲੋਂ ਸਰਪੰਚ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਪੰਚਾਇਤ ਯੂਨੀਅਨ ਵੱਲੋਂ ਬੇਦੋਸ਼ੇ ਵਿਅਕਤੀਆਂ ਉੱਪਰ ਕਾਰਵਾਈ ਕਰਵਾਈ ਜਾ ਰਹੀ ਹੈ ਜਿਸ ਦਾ ਕਿ ਅਸੀਂ ਵਿਰੋਧ ਕਰ ਰਹੇ ਹਾਂ
ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ
ਉਕਤ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਜਿਸ ਵਿੱਚ ਮੁਕੱਦਮਾ ਨੰਬਰ 4 ਅਧੀਨ ਕਮਲਜੀਤ ਸਿੰਘ ਪੁੱਤਰ ਹਾਕਮ ਸਿੰਘ ,ਜੱਸਾ ਫ਼ੌਜੀ ਪੁੱਤਰ ਕੇਹਰ ਸਿੰਘ ,ਕੇਹਰ ਸਿੰਘ ਪੁੱਤਰ ਜਗੀਰ ਸਿੰਘ, ਮਲਕੀਤ ਕੌਰ ਪਤਨੀ ਕੇਹਰ ਸਿੰਘ ,ਸੁਖਵਿੰਦਰ ਕੌਰ ਪਤਨੀ ਜੀਤ ਸਿੰਘ, ਕਮਲਜੀਤ ਕੌਰ ਪਤਨੀ ਜੱਸਾ ਸਿੰਘ ਉੱਪਰ ਧਾਰਾ 341,323,149 ਤਹਿਤ ਪਰਚਾ ਦਰਜ ਕੀਤਾ ਜਾ ਚੁੱਕਾ ਹੈ
ਕੱਲ੍ਹ ਨੂੰ ਕਰਾਂਗੇ ਭਾਰੀ ਇਕੱਠ: ਸਰਪੰਚ ਧਾਲੀਵਾਲ
ਇਸ ਮਾਮਲੇ ਸਬੰਧੀ ਕਸਬਾ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਇੱਕ ਸੰਕੇਤਕ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਨੂੰ ਸੁੱਤੀ ਨੀਂਦ ਉਠਾਇਆ ਹੈ ਪਰ ਕੱਲ੍ਹ ਨੂੰ ਸਾਰੇ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ ਇੱਕ ਵੱਡਾ ਇਕੱਠ ਕਰਕੇ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ ਜੋ ਕਿ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ
ਅਸੀਂ ਬਣਦੀ ਕਾਰਵਾਈ ਕਰ ਦਿੱਤੀ ਹੈ:ਥਾਣਾ ਮੁਖੀ
ਇਸ ਮਾਮਲੇ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਅਸੀਂ ਸਰਪੰਚ ਦੀ ਸ਼ਿਕਾਇਤ ਉਪਰ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਕੁੱਝ ਵਿਅਕਤੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।