ਪੰਚਾਇਤ ਮੰਤਰੀ ਨੇ ਫੋਨ ਕਰਕੇ ਕੀਤੀ ਹੌਂਸਲਾ ਅਫਜਾਈ
(ਰਘਬੀਰ ਸਿੰਘ) ਲੁਧਿਆਣਾ। ਬੀਤੀ 19 ਜੁਲਾਈ ਨੂੰ ਮੰਡਿਆਣੀ (ਨੇੜੇ ਮੁੱਲਾਂਪੁਰ ਦਾਖਾ) ਪਿੰਡ ਵਿੱਚ ਧੜੱਲੇ ਨਾਲ ਵੇਚੇ ਜਾ ਰਹੇ ਚਿੱਟੇ ਨਸ਼ੇ ਦੇ ਖਿਲਾਫ ਜਨਤਕ ਜੰਗ ਛੇੜਨ ਵਾਲੀ ਪਿੰਡ ਦੀ ਲੇਡੀ ਸਰਪੰਚ ਬੀਬੀ ਗੁਰਪ੍ਰੀਤ ਕੌਰ (Sarpanch Bibi Gurpreet Kaur) ਦੀ ਪੰਜਾਬ ਦੇ ਪੰਚਾਇਤ ,ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਉਚੇਚਾ ਟੈਲੀਫੋਨ ਕਰਕੇ ਭਰਪੂਰ ਸ਼ਲਾਘਾ ਕੀਤੀ ਹੈ।
ਦੱਸਣਯੋਗ ਹੈ ਕਿ ਜਗਰਾਉਂ ਪੁਲਿਸ ਨੇ ਪਿੰਡ ਮੰਡਿਆਣੀ ਵਿੱਚ ਚਿੱਟਾ ਨਸ਼ਾ ਵੇਚਣ ਵਾਲਿਆਂ ’ਤੇ ਕੋਈ ਠੋਸ ਕਾਰਵਾਈ ਨਾ ਹੁੰਦੀ ਦੇਖ ਕੇ ਲੇਡੀ ਸਰਪੰਚ ਗੁਰਪ੍ਰੀਤ ਕੌਰ ਨੇ ਪੰਚਾਇਤ ਅਤੇ ਹੋਰ ਜਿੰਮੇਵਾਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪੁਲਿਸ ਦੀ ਹਾਜ਼ਰੀ ’ਚ ਕਥਿੱਤ ਨਸ਼ਾ ਵਪਾਰੀਆਂ ਦੇ ਘਰਾਂ ਦੀ ਜਦੋਂ ਤਲਾਸੀ ਲਈ ਤਾਂ ਉੱਥੋਂ ਨਿਕਲੀ ਲੱਖਾਂ ਰੁਪਏ ਦੀ ਨਗਦੀ, ਪੋਟਲੀਆਂ ’ਚ ਨਾਂਅ ਲਿਖ-ਲਿਖ ਕੇ ਰੱਖੇ ਸੋਨੇ ਦੇ ਗਹਿਣੇ, ਕੰਪਿਊਟਰੀ ਤੋਲ ਕਰਨ ਵਾਲਾ ਕੰਡਾ ਤੇ ਸਰਿੰਜਾਂ ਨਿਕਲਣ ਨਾਲ ਇਹ ਗੱਲ ਸਹੀ ਜਾਪਣ ਲੱਗੀ ਕਿ ਇੱਥੇ ਸੱਚਮੁੱਚ ਹੀ ਨਸ਼ਾ ਵੇਚਿਆ ਜਾਂਦਾ ਹੋਵੇਗਾ।
ਛੋਟੇ-ਛੋਟੇ ਇਹਨਾਂ ਘਰਾਂ ’ਚੋਂ ਨਿਕਲੇ ਅਜਿਹਾ ਸਮਾਨ ਪੱਤਰਕਾਰਾਂ ਅਤੇ ਪਬਲਿਕ ਨੂੰ ਦਿਖਾ ਰਹੀ ਇਸ ਲੇਡੀ ਸਰਪੰਚ ਦੀ ਵੀਡੀਓ ਖੂਬ ਵਾਇਰਲ ਹੋਈ ਤੇ ਵੱਡੇ-ਵੱਡੇ ਪੰਜਾਬੀ ਨਿਊਜ ਚੈਨਲਾਂ ਅਤੇ ਅਖਬਾਰਾਂ ਨੇ ਇਸ ਘਟਨਾ ਨੂੰ ਖਾਸ ਅਹਿਮੀਅਤ ਨਾਲ ਨਸਰ ਕੀਤਾ ਅਤੇ ਖਬਰਾਂ ਦੇ ਪੜਚੋਲ ਪ੍ਰੋਗਰਾਮਾਂ ਵਿੱਚ ਵੀ ਥਾਂ ਦਿੱਤੀ। ਲੁਧਿਆਣਾ ਰੇਂਜ ਦੇ ਆਈਜੀ ਤੇ ਜ਼ਿਲ੍ਹਾ ਐਸਐਸਪੀ ਦੀਪਕ ਹਿਲੋਰੀ ਨੇ 20 ਜੁਲਾਈ ਨੂੰ ਪਿੰਡ ਦਾ ਦੌਰਾ ਕੀਤਾ ਤੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ।
ਗੁਰਪ੍ਰੀਤ ਕੌਰ ਨੇ ਕੀਤਾ ਪੰਚਾਇਤ ਮੰਤਰੀ ਦਾ ਧੰਨਵਾਦ
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ (Sarpanch Bibi Gurpreet Kaur ) ਨੇ ਦੱਸਿਆ ਕਿ ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਸਵੇਰੇ ਸਵੇਰੇ ਉੱਠਣ ਸਾਰ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦਾ ਫੋਨ ਆਇਆ ।ਮੰਤਰੀ ਜੀ ਨੇ ਨਸ਼ਿਆਂ ਖਿਲਾਫ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿੱਢੀ ਗਈ ਜਨਤਕ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਤੁਹਾਡੇ ਵਰਗੀ ਦਲੇਰ ਸਰਪੰਚ ਵੱਲੋਂ ਲਿਆ ਗਿਆ ਇਹ ਦਲੇਰਾਨਾ ਸਟੈਂਡ ਹੋਰਨਾਂ ਸਰਪੰਚਾਂ ਲਈ ਵੀ ਪ੍ਰੇਰਨਾ ਵਜੋਂ ਕੰਮ ਕਰੇਗਾ।
ਮੰਤਰੀ ਜੀ ਨੇ ਸਰਪੰਚ ਨੂੰ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਪੰਚਾਇਤਾਂ ਵੱਲੋਂ ਸਮਾਜਿਕ ਬੁਰਾਈਆਂ ਖਿਲਾਫ ਵਿੱਢੀ ਗਈ ਹਰੇਕ ਕੋਸ਼ਿਸ ਦੀ ਪੂਰੀ ਪਿੱਠ ਥਾਪੜੇਗੀ। ਗੁਰਪ੍ਰੀਤ ਕੌਰ ਨੇ ਪੰਚਾਇਤ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੰਤਰੀ ਵੱਲੋਂ ਹੌਂਸਲਾ ਅਫਜਾਈ ਕਰਨ ਨਾਲ ਮੇਰਾ ਹੌਂਸਲਾ ਹੋਰ ਵਧਿਆ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ’ਚ ਕਾਮਯਾਬ ਹੋਵਾਂਗੇ ਅਤੇ ਪਿੰਡ ਵਿਕਾਸ ਲਈ ਵੀ ਅੱਗੇ ਵਧਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ