Panchayat Elections: (ਮਨੋਜ ਗੋਇਲ) ਬਾਦਸ਼ਾਹਪੁਰ। ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਚਿੱਚੜਵਾਲਾ ਵਿਖੇ ਪੰਚਾਇਤੀ ਚੋਣਾਂ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਚੋਣ ਪ੍ਰਕਿਰਿਆ ਦਾ 4 ਵਜੇ ਸਮਾਂ ਪੂਰਾ ਹੋਣ ਤੋਂ ਬਾਅਦ ਚੋਣ ਕੇਂਦਰ ਦਾ ਮੁੱਖ ਗੇਟ ਬੰਦ ਹੋ ਗਿਆ ਤਾਂ ਵੋਟਾਂ ਪਾ ਚੁੱਕੇ ਲੋਕਾਂ ਦੀ ਭੀੜ ਨੂੰ ਉੱਥੋਂ ਜਾਣ ਲਈ ਪੁਲਿਸ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਲੋਕ ਪਿੱਛੇ ਨਹੀਂ ਹਟੇ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਵੱਲੋਂ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ
ਇਸ ਦੌਰਾਨ ਲੋਕਾਂ ਦੀ ਭੀੜ ਵਿੱਚੋਂ ਸ਼ਰਾਰਤੀ ਅਨਸਰਾਂ ਨੇ ਪੁਲਿਸ ਉੱਪਰ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇੱਕ ਐੱਸਐੱਚਓ ਯਸ਼ਪਾਲ ਸ਼ਰਮਾ ਜ਼ਖਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਨੂੰ ਕਾਬੂ ’ਚ ਕੀਤਾ।
ਇਸ ਸਬੰਧੀ ਡੀਐੱਸਪੀ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਵੋਟਾਂ ਪਾ ਚੁੱਕੇ ਲੋਕਾਂ ਦੀ ਭੀੜ ਨੂੰ ਉਥੋਂ ਹਟ ਜਾਣ ਲਈ ਕਿਹਾ ਤਾਂ ਭੀੜ ਵਿੱਚ ਸ਼ਾਮਲ ਲੋਕ ਭੜਕ ਗਏ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ’ਚ ਇੱਕ ਪੁਲਿਸ ਅਧਿਕਾਰੀ ਫੱਟੜ ਹੋਇਆ ਹੈ। ਪੁਲਿਸ ਨੇ ਭੀੜ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਕੀਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਪੱਧਰ ਉੱਤੇ ਪੁਲਿਸ ਫੋਰਸ ਪਿੰਡ ਚਿੱਚੜਵਾਲਾ ਪਹੁੰਚ ਗਈ।