ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੀ ਜੇਲ੍ਹ ‘ਚ ਕਥਿਤ ਜਾਸੂਸੀ ਦੇ ਦੋਸ਼ਾਂ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦਾ ਪਾਕਿ ਵਿਦੇਸ਼ ਮੰਤਰਾਲੇ ਦੇ ਦਫ਼ਤਰ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਜਾਧਵ ਆਪਣੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਹਨ।
ਸਾਹਮਣੇ ਆਏ ਵੀਡੀਓ ਵਿੱਚ ਜਾਧਵ ਕਥਿਤ ਤੌਰ ‘ਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਮੁਲਾਕਾਤ ਸਮੇਂ ਉਸ ਦੀ ਮਾਂ ਅਤੇ ਪਤਨੀ ਡਰੇ ਹੋਏ ਸਨ। ਭਾਰਤੀ ਸਫ਼ੀਰ ਉਨ੍ਹਾਂ ‘ਤੇ ਚੀਕ ਰਹੇ ਸਨ। ਰਿਪੋਰਟ ਅਨੁਸਾਰ ਜਾਧਵ ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਸ ਦੀ ਸਿਹਤ ਚੰਗੀ ਹੈ। ਉਸ ਦੀ ਮਾਂ ਵੀ ਉਸ ਨੂੰ ਵੇਖ ਕੇ ਬਹੁਤ ਖੁਸ਼ ਸੀ। ਵੀਡੀਓ ਵਿੱਚ ਜਾਧਵ ਨੇ ਭਾਰਤੀ ਅਧਿਕਾਰੀਆਂ ‘ਤੇ ਮਾਂ ਨੂੰ ਅਪਮਾਨਿਤ ਕਰਨ ਦਾ ਦੋਸ਼ ਲਾਇਆ। ਕਿਹਾ ਹੈ ਕਿ ਇਸਲਾਮਾਬਾਦ ਦੀ ਫਲਾਈਟ ਦੌਰਾਨ ਇੱਕ ਭਾਰਤੀ ਅਧਿਕਾਰੀ ਨੇ ਉਸਦੀ ਮਾਂ ਨੂੰ ਅਪਮਾਨਿਤ ਕੀਤਾ। ਵੀਡੀਓ ਵਿੱਚ ਜਾਧਵ ਅੱਗੇ ਕਹਿ ਰਹੇ ਹਨ ਕਿ ਮੁਲਾਕਾਤ ਦੇ ਸਮੇਂ ਮਾਂ ਦੇ ਨਾਲ ਭਾਰਤੀ ਸਫ਼ੀਰ ਸਨ, ਜੋ ਲਗਾਤਾਰ ਉਨ੍ਹਾਂ ‘ਤੇ ਚੀਕ ਰਹੇ ਸਨ। ਮੇਰੀ ਮਾਂ ਦੀਆਂ ਅੱਖਾਂ ਵਿੱਚ ਖੌਫ਼ ਸੀ।
ਦਰਅਸਲ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਨ ਜਾਧਵ ਦਾ ਨਵਾਂ ਵੀਡੀਓ ਅਜਿਹੇ ਸਮੇਂ ਆਜਿਹਾ ਹੈ, ਜਦੋਂ ਪਹਿਲਾਂ ਹੀ ਭਾਰਤ ਨੇ ਪਾਕਿਸਤਾਨ ਤੇ ਗੰਭੀਰ ਦੋਸ਼ ਲਾਏ ਸਨ। 25 ਦਸੰਬਰ ਨੂੰ ਇਸਲਾਮਾਬਾਦ ਵਿੱਚ ਜਾਧਵ ਅਤੇ ਉਸ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਤੋਂ ਬਾਅਦ ਮੀਡੀਆ ਵਿੱਚ ਖ਼ਬਰਾਂ ਆਈਆਂ ਸਨ ਕਿ ਪਾਕਿਸਤਾਨ ਨੇ ਜਾਧਵ ਦੀ ਮਾਂ ਅਵੰਤਿਕਾ ਅਤੇ ਪਤਨੀ ਨਾਲ ਦੁਰਵਿਹਾਰ ਕੀਤਾ ਸੀ। ਪਾਕਿਸਤਾਨੀ ਮੀਡੀਆ ਨੇ ਵੀ ਦੋਵਾਂ ਤੋਂ ਪੁੱਠੇ-ਸਿੱਧੇ ਸਵਾਲ ਪੁੱਛੇ। ਜਦੋਂਕਿ ਦੋਵੇਂ ਦੇਸ਼ਾਂ ਦਰਮਿਆਨ ਸਮਝੌਤਾ ਸੀ ਕਿ ਮੀਡੀਆ ਨੂੰ ਮਾਂ ਅਤੇ ਪਤਨੀ ਤੋਂ ਦੂਰ ਰੱਖਿਆ ਜਾਵੇਗਾ।