ਪਾਕਿਸਤਾਨ ਵੱਲੋਂ ਭਾਰਤ ਵਰਗੇ ਗੁਆਂਢੀ ਦੇਸ਼ਾਂ ਨੂੰ ਤਬਾਹ ਕਰਨ ਲਈ ਪਾਲ਼ੇ ਗਏ ਸੱਪ ਹੁਣ ਉਸੇ ਨੂੰ ਡੰਗ ਰਹੇ ਹਨ। 8 ਅਗਸਤ ਨੂੰ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਇੱਕ ਧੜੇ ਜਮਾਤੁਲ ਅਹਾਰਾ ਨੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ‘ਚ ਇੱਕ ਫਿਦਾਈਨ ਹਮਲਾ ਕਰਕੇ 70 ਬੇਕਸੂਰ ਸ਼ਹਿਰੀਆਂ ਦੀ ਹੱਤਿਆ ਕਰ ਦਿੱਤੀ ਤੇ 120 ਦੇ ਕਰੀਬ ਜ਼ਖਮੀ ਕਰ ਦਿੱਤੇ। ਇਸ ਤੋਂ ਪਹਿਲਾਂ 20 ਜਨਵਰੀ ਨੂੰ ਇਸੇ ਜਥੇਬੰਦੀ ਦੇ ਚਾਰ ਆਤਮਘਾਤੀ ਅੱਤਵਾਦੀਆਂ ਨੇ ਪੇਸ਼ਾਵਰ ਦੇ ਨੇੜੇ ਬਾਚਾ ਖਾਨ ਯੂਨੀਵਰਸਿਟੀ ਦੇ ਕੈਂਪਸ ‘ਤੇ ਹਮਲਾ ਕਰਕੇ 21 ਦੇ ਕਰੀਬ ਮਸੂਮ ਵਿਦਿਆਰਥੀਆਂ, ਪ੍ਰੋਫੈਸਰਾਂ ਤੇ ਮੁਲਾਜ਼ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ 50 ਤੋਂ ਵੱਧ ਨੂੰ ਜ਼ਖਮੀ ਕਰ ਦਿੱਤਾ ਸੀ।
18 ਸਤੰਬਰ 2015 ਨੂੰ ਪਿਸ਼ਾਵਰ ਦੇ ਬੜਾਬੇਰ ਏਅਰ ਬੇਸ ‘ਤੇ ਹਮਲਾ ਕਰਕੇ 42 ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਤਹਿਰੀਕ ਦੇ ਹੀ ਅੱਤਵਾਦੀਆਂ ਨੇ 16 ਦਸੰਬਰ 2014 ਨੂੰ ਪੇਸ਼ਾਵਰ ਦੇ ਮਿਲਟਰੀ ਸਕੂਲ ‘ਤੇ ਕਾਇਰਾਨਾ ਹਮਲਾ ਕਰਕੇ 132 ਬੱਚਿਆਂ ਸਮੇਤ 141 ਲੋਕਾਂ ਨੂੰ ਕਤਲ ਕਰ ਦਿੱਤਾ ਸੀ। ਤਹਿਰੀਕ ਦੇ ਬੁਲਾਰੇ ਮੁਹੰਮਦ ਉਮਰ ਖੁਰਾਸਾਨੀ ਨੇ ਉਸ ਵੇਲੇ ਬੜੀ ਬੇਸ਼ਰਮੀ ਨਾਲ ਬਿਆਨ ਦਿੱਤਾ ਸੀ ਕਿ ਅਸੀਂ ਆਪਣੇ ‘ਯੋਧਿਆਂ’ ਨੂੰ ਸਿਰਫ ਵੱਡੇ ਬੱਚੇ ਕਤਲ ਕਰਨ ਦਾ ਹੁਕਮ ਦਿੱਤਾ ਸੀ, ਛੋਟੇ ਬੱਚੇ ਤਾਂ ਐਵੇਂ ਗਲਤੀ ਨਾਲ ਮਾਰੇ ਗਏ। ਇਹ ਹਰਕਤ ਐਨੀ ਘਟੀਆ ਤੇ ਗਿਰੀ ਹੋਈ ਸੀ ਕਿ ਅਫਗਾਨ ਤਾਲਿਬਾਨ ਨੇ ਵੀ ਇਸ ਨੂੰ ਗੈਰ ਇਸਲਾਮੀ ਗਰਦਾਨ ਦਿੱਤਾ। ਵਰਨਣਯੋਗ ਹੈ ਕਿ ਬੇਨਜ਼ੀਰ ਭੁੱਟੋ ਦੀ ਹੱਤਿਆ ਤੇ ਮਲਾਲਾ ਯੂਸਫ ਜ਼ਈ ‘ਤੇ ਹਮਲਾ ਵੀ ਇਸੇ ਜਥੇਬੰਦੀ ਦੀ ਕਰਤੂਤ ਸੀ।
ਪਾਕਿਸਤਾਨ ਦੀਆਂ ਕਰਤੂਤਾਂ ਕਾਰਨ ਭਾਰਤ ‘ਚ ਹੁਣ ਤੱਕ ਹਜ਼ਾਰਾਂ ਸੁਰੱਖਿਆ ਦਸਤੇ ਤੇ ਆਮ ਸ਼ਹਿਰੀ ਮਾਰੇ ਜਾ ਚੁੱਕੇ ਹਨ। ਪਾਕਿ ਦੀ ਸਿਰਦਰਦੀ ਬਣ ਚੁੱਕੀ ਤਹਿਰੀਕੇ ਤਾਲਿਬਾਨ ਦੇ ਬੀਜ ਅਫਗਾਨਿਸਤਾਨ ‘ਤੇ ਅਕਤੂਬਰ 2001 ਦੇ ਅਮਰੀਕਨ ਹਮਲੇ ਦੌਰਾਨ ਹੀ ਬੀਜੇ ਗਏ ਸਨ। ਇਸ ਹਮਲੇ ਕਾਰਨ ਅਫਗਾਨ, ਪਾਕਿਸਤਾਨੀ, ਅਰਬ ਤੇ ਮੱਧ ਏਸ਼ੀਆਈ ਤਾਲਿਬਾਨ ਆਪਣੇ ਆਕਾ ਪਾਕਿਸਤਾਨ ਵੱਲ ਭੱਜ ਆਏ ਤੇ 2007 ‘ਚ ਬੈਤੁਲਾਹ ਮਹਿਸੂਦ ਦੀ ਅਗਵਾਈ ਹੇਠ ‘ਤਹਿਰੀਕੇ ਤਾਲਿਬਾਨ ਪਾਕਿਸਤਾਨ’ ਦਾ ਗਠਨ ਕਰ ਕੇ 200 ਦੇ ਕਰੀਬ ਪਾਕਿ ਸਮਰੱਥਕ ਕਬਾਇਲੀ ਨੇਤਾ ਕਤਲ ਕਰ ਦਿੱਤੇ। ਇਸ ਦਾ ਹੈੱਡਕਵਾਟਰ ਖੈਬਰ-ਪਖਤੂਨਵਾਹ ਦੇ ਇਲਾਕੇ ਉੱਤਰੀ ਵਜ਼ੀਰਸਤਾਨ ‘ਚ ਹੈ। ਇਹ ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਤੇ ਮੱਧ ਪੂਰਬ ਏਸ਼ੀਆ (ਸੀਰੀਆ-ਇਰਾਕ) ‘ਚ ਵੀ ਸਰਗਰਮ ਹੈ। ਇਸ ਦੀ ਕੁੱਲ ਨਫਰੀ 40000 ਦੇ ਕਰੀਬ ਹੈ। ਇਸ ਦੇ ਹੱਕਾਨੀ ਗੱਠਜੋੜ, ਸਿਪਾਹੇ ਸਿਹਾਬਾ, ਲਸ਼ਕਰ-ਏ-ਝਾਂਗਵੀ, ਹਰਕਤ-ਉਲ-ਜਿਹਾਦ-ਅਲ-ਇਸਲਾਮੀ, ਇਸਲਾਮਿਕ ਮੂਵਮੈਂਟ ਆਫ ਉਜ਼ਬੇਕਿਸਤਾਨ ਤੇ ਅਲ ਕਾਇਦਾ ਵਰਗੀਆਂ ਕਈ ਅੱਤਵਾਦੀ ਜਥੇਬੰਦੀਆਂ ਨਾਲ ਗੂੜ੍ਹੇ ਸਬੰਧ ਹਨ। ਇਸ ਦਾ ਮੁੱਖ ਉਦੇਸ਼ ਪਾਕਿਸਤਾਨ ‘ਚ ਸ਼ਰੀਅਤ ਕਨੂੰਨ ਲਾਗੂ ਕਰਨਾ ਤੇ ਅਫਗਾਨਿਸਤਾਨ ‘ਚ ਨਾਟੋ ਫੌਜ ਦਾ ਸਫਾਇਆ ਕਰਨਾ ਹੈ। ਅਫਗਾਨ ਤਾਲਿਬਾਨ ਨਾਲ ਇਸ ਦੇ ਰਿਸ਼ਤੇ ਵਿਗੜ ਗਏ ਹਨ। ਪਾਕਿ ਨਾਲ ਚੰਗੇ ਸਬੰਧਾਂ ਕਾਰਨ ਇਸ ਦੇ ਅਫ਼ਗਾਨ ਤਾਲੀਬਾਨ ਨਾਲ ਰਿਸ਼ਤੇ ਵਿਗੜ ਗਏ ਹਨ ਜਦਕਿ ਤਹਿਰੀਕੇ ਤਾਲਿਬਾਨ ਜਿਆਦਾਤਰ ਹਮਲੇ ਪਾਕਿ ਖਿਲਾਫ ਹੀ ਕਰਦੇ ਹਨ।
ਅਗਸਤ 2009 ‘ਚ ਤਹਿਰੀਕ ਦਾ ਮੁਖੀਆ ਬੈਤੁਲਾਹ ਮਹਿਸੂਦ ਆਪਣੇ ਸਹੁਰੇ ਘਰ ਇੱਕ ਅਮਰੀਕਨ ਡਰੋਨ ਹਮਲੇ ‘ਚ ਮਾਰਿਆ ਗਿਆ। ਉਸ ਦੀ ਮੌਤ ਤੋਂ ਬਾਅਦ ਹਕੀਮੁੱਲਾਹ ਮਹਿਸੂਦ ਤਹਿਰੀਕ ਦਾ ਅਮੀਰ ਚੁਣ ਲਿਆ ਗਿਆ। ਹਕੀਮੁੱਲਾਹ ਦੇ ਅਧੀਨ ਨਾਟੋ, ਪਾਕਿ ਫੌਜ, ਸ਼ੀਆ, ਅਹਿਮਦੀ ਤੇ ਸੂਫੀ ਮੁਸਲਮਾਨਾਂ ਖਿਲਾਫ ਆਤਮਘਾਤੀ ਹਮਲਿਆਂ ‘ਚ ਭਿਆਨਕ ਤੇਜ਼ੀ ਆਈ। 1 ਸਤੰਬਰ 2010 ਨੂੰ ਅਮਰੀਕਾ ਨੇ ਤਹਿਰੀਕ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ। ਇਸ ‘ਤੇ ਆਰਥਿਕ ਤੇ ਰਾਜਨੀਤਕ ਪਾਬੰਦੀਆਂ ਲਾ ਕੇ ਹਕੀਮੁੱਲਾਹ ਤੇ ਵਲੀ ਉਲ ਰਹਿਮਾਨ ਦੇ ਸਿਰ ‘ਤੇ 50 ਲੱਖ ਡਾਲਰ ਦਾ ਇਨਾਮ ਐਲਾਨ ਦਿੱਤਾ। ਇਸ ਤੋਂ ਬਾਅਦ ਇੰਗਲੈਂਡ ਤੇ ਕੈਨੇਡਾ ਨੇ ਵੀ ਅਜਿਹੇ ਕਦਮ ਚੁੱਕੇ। ਖਬਰਾਂ ਮੁਤਾਬਕ ਹਕੀਮੁੱਲਾਹ ਮਹਿਸੂਦ ਵੀ ਅਮਰੀਕਨ ਮਿਜ਼ਾਈਲ ਹਮਲੇ ‘ਚ ਨਵੰਬਰ 2013 ‘ਚ ਮਾਰਿਆ ਜਾ ਚੁੱਕਾ ਹੈ। ਇਸ ਦਾ ਮੌਜੂਦਾ ਅਮੀਰ ਮੌਲਾਨਾ ਫਜਲਉਲਾਹ ਉਰਫ ਮੁੱਲਾ ਰੇਡੀਉ ਹੈ। ਇਸ ਦੇ ਅਧੀਨ ਤਹਿਰੀਕ ਨੇ ਹੋਰ ਵੀ ਜਿਆਦਾ ਖਤਰਨਾਕ ਰੂਪ ਅਖ਼ਤਿਆਰ ਕਰ ਲਿਆ ਹੈ।
ਪੇਸ਼ਾਵਰ ਸਕੂਲ ਤੋਂ ਇਲਾਵਾ ਪਾਕਿਸਤਾਨ ਤੇ ਨਾਟੋ ਫੌਜ ਖਿਲਾਫ ਇਸ ਗਰੁੱਪ ਨੇ ਸੈਂਕੜੇ ਹਮਲੇ ਕੀਤੇ ਹਨ। ਮੁੱਖ ਇਸ ਤਰ੍ਹਾਂ ਹਨ, 2007 ‘ਚ ਬੇਨਜ਼ੀਰ ਭੁੱਟੋ ਦੀ ਹੱਤਿਆ, 2009 ‘ਚ ਲਾਹੌਰ ਪੁਲਿਸ ਅਕੈਡਮੀ ‘ਤੇ ਹਮਲਾ, 2009 ‘ਚ ਪਾਕਿ-ਅਫਗਾਨ ਬਾਰਡਰ ਚੈੱਕ ਪੁਆਇੰਟ ‘ਤੇ ਹਮਲਾ ਜਿਸ ਵਿੱਚ 22 ਸੈਨਿਕ ਮਾਰੇ ਗਏ, 2009 ‘ਚ ਫੌਜ ਦੇ ਰਾਵਲਪਿੰਡੀ ਹੈੱਡਕਵਾਟਰ ‘ਤੇ ਹਮਲਾ, 2009 ‘ਚ ਅਫਗਾਨਿਸਤਾਨ ‘ਚ ਸੀ.ਆਈ.ਏ ਹੈੱਡਕਵਾਟਰ ਕੈਂਪ ਚੈਪਮੈਨ ‘ਤੇ ਹਮਲਾ, 2010 ਨੂੰ ਨਿਊਯਾਰਕ ਦੇ ਟਾਈਮ ਸੁਕੇਅਰ ‘ਚ ਬੰਬ ਧਮਾਕਾ ਕਰਨ ਦੀ ਕੋਸ਼ਿਸ਼, 25 ਅਕਤੂਬਰ 2010 ਨੂੰ ਪਾਕਪਟਨ ‘ਚ ਸ਼ੇਖ ਫਰੀਦ ਦੀ ਮਜ਼ਾਰ ਉਡਾਉਣ ਦੀ ਕੋਸ਼ਿਸ਼ ‘ਚ ਚਾਰ ਲੋਕ ਮਾਰੇ ਗਏ ਤੇ 12 ਜ਼ਖਮੀ ਹੋਏ, ਸਤੰਬਰ 2011 ‘ਚ ਇੱਕ ਸਕੂਲ ਬੱਸ ‘ਤੇ ਹਮਲਾ ਕਰਕੇ ਚਾਰ ਲੜਕੇ ਤੇ ਦੋ ਬੱਚੀਆਂ ਦੀ ਹੱਤਿਆ, 9 ਅਕਤੂਬਰ 2012 ਨੂੰ ਮਲਾਲਾ ਯੂਸਫਯਈ ਨੂੰ ਗੋਲੀ ਮਾਰੀ ਗਈ ਇਸ ਨੇ ਹੁਣ ਤੱਕ ਅਨੇਕਾਂ ਸ਼ੀਆ, ਸੂਫੀ ਤੇ ਅਹਿਮਦੀਆਂ ਦੇ ਮਜ਼ਾਰ, ਮਸਜਿਦਾਂ ਤੇ ਪੀਰਖਾਨੇ ਤਬਾਹ ਕੀਤੇ ਹਨ।
ਪਾਕਿ ਸਰਕਾਰ ਹਵਾ ‘ਚ ਹੱਥ ਪੈਰ ਮਾਰ ਰਹੀ ਹੈ ਪਰ ਕਈ ਅੱਤਵਾਦੀ ਜਥੇਬੰਦੀਆਂ ਦੀ ਖੁਦ ਪੁਸ਼ਤ ਪਨਾਹੀ ਕਰਦਾ ਹੈ। ਮੁੰਬਈ ਹਮਲਿਆਂ ਦਾ ਲੋੜੀਂਦਾ ਅੱਤਵਾਦੀ ਹਾਫਿਜ਼ ਸਈਅਦ ਖੁੱਲ੍ਹੇਆਮ ਪਾਕਿਸਤਾਨ ‘ਚ ਘੁੰਮ ਰਿਹਾ ਹੈ। ਇਮਰਾਨ ਖਾਨ ਪਾਕਿਸਤਾਨ ‘ਚ ਸਭ ਤੋਂ ਵੱਡਾ ਤਾਲਿਬਾਨ ਸਮਰੱਥਕ ਲੀਡਰ ਹੈ ਤੇ ਉਸ ਦੀ ਪਾਰਟੀ ਦੀ ਖੈਬਰ ਪਖਤੂਨਵਾਹ ਸੂਬੇ ‘ਚ ਸਰਕਾਰ ਹੈ। ਉਹ ਮਾਸੂਮਾਂ ਦੇ ਕਤਲਾਂ ਦੀ ਨਿਖੇਧੀ ਕਰਨ ਲੱਗਿਆਂ ਤਹਿਰੀਕੇ ਤਾਲਿਬਾਨ ਦਾ ਨਾਂਅ ਲੈਣ ਦੀ ਵੀ ਜੁੱਰਅਤ ਨਹੀਂ ਕਰਦਾ। ਪਾਕਿ ਫੌਜ ਨੂੰ ਭਾਰਤ ਸਮੇਤ ਦੂਜੇ ਦੇਸ਼ਾਂ ‘ਚ ਅੱਤਵਾਦੀ ਭੇਜ ਕੇ ਮਾਸੂਮਾਂ ਨੂੰ ਕਤਲ ਕਰਵਾਉਣ ਤੋਂ ਹੀ ਵਿਹਲ ਨਹੀਂ ਮਿਲਦੀ।
ਪਾਕਿ ਫੌਜ ਕਬਾਇਲੀ ਇਲਾਕੇ ‘ਚ ਤਾਲਿਬਾਨ ਨਾਲ ਲੜ ਰਹੀ ਹੈ ਪਰ ਬਲੋਚਿਸਤਾਨ ਤੇ ਕਰਾਚੀ ‘ਚ ਖੁਦ ਫਿਰਕੂ ਹਿੰਸਾ ਭੜਕਾ ਰਹੀ ਹੈ। ਇਸ ਹਾਲਾਤ ‘ਚ ਤਹਿਰੀਕੇ ਤਲਿਬਾਨ ‘ਤੇ ਕਿਸ ਨੇ ਕਾਬੂ ਪਾਉਣਾ ਹੈ? ਤਹਿਰੀਕ ਅਜਿਹੇ ਨਰਮ ਨਿਸ਼ਾਨੇ ਚੁਣਦਾ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਬਾਚਾ ਖਾਨ ਯੂਨੀਵਰਸਿਟੀ, ਪੇਸ਼ਾਵਰ ਸਕੂਲ ਤੇ ਸ਼ੇਖ ਫਰੀਦ ਵਰਗੇ ਸੰਤ ਦੇ ਮਜ਼ਾਰ ‘ਤੇ ਹਮਲੇ ਬਾਰੇ ਕਿਸੇ ਨੂੰ ਸੁਫ਼ਨਾ ਵੀ ਨਹੀਂ ਆ ਸਕਦਾ। ਪਤਾ ਨਹੀਂ ਅਜਿਹੇ ਮਾਸੂਮਾਂ ਨੂੰ ਕਤਲ ਕਰ ਕੇ ਇਨ੍ਹਾਂ ਨੂੰ ਕੀ ਸੰਤੁਸ਼ਟੀ ਮਿਲਦੀ ਹੈ? ਅਮਰੀਕਾ, ਨਾਟੋ ਤੇ ਪਾਕਿਸਤਾਨ ਫੌਜ ਦਾ ਤਹਿਰੀਕ ਡਟ ਕੇ ਮੁਕਾਬਲਾ ਕਰ ਰਹੀ ਹੈ। ਲੱਗਦਾ ਹੈ ਕਿ ਇਸ ਜਥੇਬੰਦੀ ਦੇ ਖਿਲਾਫ਼ ਜੰਗ ਬੁਤ ਲੰਮੀ ਚੱਲੇਗੀ। ਪਾਕਿਸਤਾਨੀ ਫੌਜ ਡਬਲ ਗੇਮ ਖੇਡ ਰਹੀ ਹੈ। ਇੱਕ ਪਾਸੇ ਤਾਂ ਉਹ ਤਹਿਰੀਕ ਦੇ ਖਿਲਾਫ ਲੜਾਈ ਦਾ ਢੋਂਗ ਕਰਕੇ ਅਮਰੀਕਾ ਕੋਲੋਂ ਕਰੋੜਾਂ ਡਾਲਰ ਵਟੋਰ ਰਹੀ ਹੈ ਤੇ ਦੂਜੇ ਪਾਸੇ ਉਹੋ ਰਕਮ ਭਾਰਤ ਦੇ ਖਿਲਾਫ਼ ਕਸ਼ਮੀਰ ‘ਚ ਹਿੰਸਾ ਭੜਕਾਉਣ ਲਈ ਵਰਤ ਰਹੀ ਹੈ। ਪਾਕਿਸਤਾਨ ਨੂੰ ਦੋਗਲੀ ਨੀਤੀ ਛੱਡਣੀ ਪਵੇਗੀ ਨਹੀਂ ਪਾਕਿਸਤਾਨ ‘ਚ ਇਸੇ ਤਰ੍ਹਾਂ ਬੇਗੁਨਾਹਾਂ ਦਾ ਖੂਨ ਵਗਦਾ ਰਹੇਗਾ।