ਕੁਲਭੂਸ਼ਣ ਜਾਧਵ ਦੀ ਮਾਂ ਨੂੰ ਪਾਕਿਸਤਾਨ ਦੇਵੇਗਾ ਵੀਜ਼ਾ

Pakistan will give visa to Kumbhushan Jadhav's mother

ਭਾਰਤ ਨੇ ਕੀਤੀ ਸੀ ਬੇਨਤੀ

ਇਸਲਾਮਾਬਾਦ: ਪਾਕਿਸਤਾਨ ਆਪਣੀ  ਜੇਲ੍ਹ ਵਿੱਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ  ਮਾਂ ਨੂੰ ਵੀਜ਼ਾ ਦੇਣ ਦੀ ਭਾਰਤ ਦੀ ਬੇਨਤੀ ‘ਤੇ ਵਿਚਾਰ ਕਰ ਰਿਹਾ ਹੈ। ਪਾਕਿ ਖ਼ਬਰਾਂ ਅਨੁਸਾਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਕਿਹਾ, ”ਪਾਕਿਸਤਾਨ ਕੁਲਭੂਸ਼ਣ ਜਾਧਵ ਦੀ ਮਾਂ ਨੂੰ ਵੀਜ਼ਾ ਜਾਰੀ ਕਰਨ ਦੇ ਭਾਰਤ ਦੀ ਬੇਨਤੀ ‘ਤੇ ਵਿਚਾਰ ਕਰ ਰਿਹਾ ਹੈ। ਜਾਧਵ ਨੂੰ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਜਾਸੂਸੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ। ਜਿ਼ਕਰਯੋਗ ਹੈ ਕਿ  ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਸੀ ਕਿ ਜਾਧਵ ਦੀ ਮਾਂ ਨੂੰ ਉਨ੍ਹਾਂ ਦੇ ਬੇਟੇ ਨਾਲ ਮੁਲਾਕਾਤ ਕਰਨ ਦਿੱਤੀ ਜਾਵੇ।

ਜ਼ਕਾਰੀਆ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਦੋ ਦਿਨ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮ ਸਵਰਾਜ ਨੇ ਕਿਹਾ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੂੰ ਨਿੱਜੀ ਚਿੱਠੀ ਲਿਖ ਕੇ ਕਿਹਾ ਕਿ ਜਾਧਵ ਦੀ ਮਾਂ ਦੀ ਵੀਜ਼ਾ ਬੇਨਤੀ ਨੂੰ ਮਨਜ਼ੂਰ ਕੀਤਾ ਜਾਵੇ, ਤਾਂ ਕਿ ਉਹ ਪਾਕਿਸਤਾਨ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਜ਼ੀਜ਼ ਨੇ ਉਨ੍ਹਾਂ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ।

ਜਾਧਵ ਦੀ ਮਾਂ ਪਾਕਿਸਤਾਨ ‘ਚ ਜੇਲ ਵਿਚ ਬੰਦ ਆਪਣੇ ਬੇਟੇ ਨੂੰ ਮਿਲਣਾ ਚਾਹੁੰਦੀ ਹੈ। ਜ਼ਕਾਰੀਆ ਨੇ ਕਿਹਾ ਕਿ ਵੀਜ਼ਾ ਦੇਣ ਲਈ ਅਜ਼ੀਜ਼ ਤੋਂ ਸਿਫਾਰਸ਼ ਲਈ ਕਹਿਣਾ ਡਿਪਲੋਮੈਟ ਨਿਯਮਾਂ ਦੇ ਵਿਰੁੱਧ ਹੈ ਅਤੇ ਅਸੀਂ ਇਸ ਬੇਨਤੀ ‘ਤੇ ਵਿਚਾਰ ਕਰ ਰਹੇ ਹਾਂ।

ਪਾਕਿਸਤਾਨ ਨੇ ਜਾਧਵ ਨੂੰ ਮਾਰਚ 2016 ਵਿਚ ਬਲੋਚਿਸਤਾਨ ਸੂਬੇ ਤੋਂ ਗ੍ਰਿਫਤਾਰ ਕੀਤਾ। ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਜਾਧਵ ਪਾਕਿਸਤਾਨ ਵਿਚ ਜਾਸੂਸੀ ਅਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸੀ। ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਇਸੇ ਸਾਲ ਅਪ੍ਰੈਲ ਵਿਚ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ।