ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਵਿਦੇਸ਼ ਦਫਤਰ (ਐੱਫ.ਓ.) ਨੇ ਕਿਹਾ ਕਿ ਪਾਕਿਸਤਾਨੀ ਤੇ ਭਾਰਤੀ ਵਫਦ ਵਿਚਾਲੇ ਕਰਤਾਰਪੁਰ ਲਾਂਘੇ ’ਤੇ ਜ਼ੀਰੋ ਲਾਈਨ ’ਤੇ ਹੋਈ ਤਕਨੀਕੀ ਪੱਧਰ ਦੀ ਗੱਲਬਾਤ ਦੌਰਾਨ ‘ਚੰਗੀ ਤਰੱਕੀ’ ਹੋਈ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਫੋਨ ’ਤੇ ਇੱਕ ਨਿੳੂਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਨੂੰ ਸਰਹੱਦ ’ਤੇ ਗੱਲਬਾਤ ਹੋਈ ਸੀ, ਜਿਸ ਨੂੰ ਕਿ ‘ਜ਼ੀਰੋ ਲਾਈਨ’ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਗੱਲਬਾਤ ’ਚ ‘ਚੰਗੀ ਤਰੱਕੀ’ ਹੋਈ ਹੈ।
ਜਾਣਕਾਰੀ ਅਨੁਸਾਰ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸਿੱਖ ਸਰਧਾਲੂਆਂ ਲਈ ਵੀਜ਼ਾ ਮੁਕਤ ਲਾਂਘੇ ਦੇ ਨਿਰਮਾਣ ਨਾਲ ਸਬੰਧਤ ਬਹੁਤੇ ‘ਤਕਨੀਕੀ ਮਾਮਲੇ’ ਹੱਲ ਹੋ ਚੁੱਕੇ ਹਨ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਨਵੰਬਰ ’ਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ। ਤਕਨੀਕੀ ਪੱਧਰ ਦੀ ਗੱਲਬਾਤ 4.2 ਕਿਲੋਮੀਟਰ ਦੇ ਲਾਂਘੇ ਦੇ ਤਾਲਮੇਲ, ਜੋ ਕਿ ਭਾਰਤ ’ਚ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨਾਲ ਜੋੜਦਾ ਹੈ, ਤੇ ਦੋਵਾਂ ਪਾਸਿਆਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੀ ਸਾਂਝ ਨੂੰ ਵਧਾਉਣ ਲਈ ਹੋਈ ਹੈ। ਬਾਕੀ ਬਚੇ ਮਸਲਿਆਂ ’ਤੇ ਜਲਦੀ ਦੁਬਾਰਾ ਗੱਲਬਾਤ ਹੋਵੇਗੀ। (Kartarpur Corridor)