Punjab Agriculture News: ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ’ਚ ਝੋਨੇ ਦੀ ਫਸਲ ਨੂੰ ਮਧਰੇਪਣ ਨੇ ਲਿਆ ਲਪੇਟੇ ’ਚ

Punjab Agriculture News
ਪਟਿਆਲਾ :ਮਧਰੇਪਣ ਰੋਗ ਕਾਰਨ ਨੁਕਸਾਨੀ ਝੋਨੇ ਫਸਲ ਨੂੰ ਵਹਾਉਂਦਾ ਕਿਸਾਨ ਅਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਵਿੰਦਰ ਸਿੰਘ।

ਵੱਖ-ਵੱਖ ਪਿੰਡਾਂ ’ਚ 100 ਏਕੜ ਦੇ ਕਰੀਬ ਝੋਨੇ ਦੀ ਫਸਲ ਹੋਈ ਖਰਾਬ

  • ਕਈ ਕਿਸਾਨ ਡਰ ਦੇ ਮਾਰੇ ਆਪਣੀ ਫਸਲ ਵਾਹੁਣ ਲਈ ਮਜ਼ਬੂਰ

Punjab Agriculture News: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ’ਚ ਝੋਨੇ ਦੀ ਫਸਲ ਨੂੰ ਮਧਰੇਪਣ ਦਾ ਰੋਗ ਲੱਗਣ ਕਾਰਨ ਕਿਸਾਨਾਂ ਵੱਲੋਂ ਇਸ ਨੂੰ ਖੇਤਾਂ ’ਚ ਵਾਹੁਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਈ ਕਿਸਾਨਾਂ ਵੱਲੋਂ ਆਪਣੀ ਦੋ-ਦੋ ਏਕੜ ਝੋਨੇ ਦੀ ਖੜ੍ਹੀ ਫਸਲ ਵਾਹ ਦਿੱਤੀ ਗਈ ਅਤੇ ਉਨ੍ਹਾਂ ਨੂੰ ਬਾਕੀ ਖੇਤਾਂ ’ਚ ਲੱਗੀ ਝੋਨੇ ਦੀ ਫਸਲ ਦਾ ਵੀ ਡਰ ਬਣਿਆ ਹੋਇਆ। ਕਿਸਾਨਾਂ ’ਚ ਰੋਸ ਹੈ ਕਿ ਹੁਣ ਤੱਕ ਖੇਤੀਬਾੜੀ ਵਿਭਾਗ ਵੱਲੋਂ ਉਨ੍ਹਾਂ ਦੇ ਖੇਤਾਂ ਦਾ ਜਾਇਜ਼ਾ ਤੱਕ ਨਹੀਂ ਲਿਆ ਗਿਆ।

ਜਾਣਕਾਰੀ ਅਨੁਸਾਰ ਪਿੰਡ ਡਕਾਲਾ, ਬਠੋਈ ਕਲਾਂ, ਬਠੋਈ ਖੁਰਦ, ਚੂਹੜਪੁਰ, ਨਨਾਨਸੂੰ ਆਦਿ ਪਿੰਡਾਂ ’ਚ ਝੋਨੇ ਦੀ ਫਸਲ ਨੂੰ ਮਧਰੇਪਣ ਦਾ ਰੋਗ ਲੱਗਿਆ ਹੋਇਆ ਹੈ ਜਿਸ ਕਾਰਨ ਕਿਸਾਨਾਂ ’ਚ ਖੇਤੀਬਾੜੀ ਯੂਨੀਵਰਸਿਟੀ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਬੀਜ ਹੀ ਉਨ੍ਹਾਂ ਵੱਲੋਂ ਆਪਣੇ ਖੇਤਾਂ ’ਚ ਲਗਾਏ ਗਏ ਹਨ, ਫਿਰ ਵੀ ਉਨ੍ਹਾਂ ਨੂੰ ਨਿਰਾਸ਼ਾ ਹੀ ਪੱਲੇ ਪਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਮਾਮਲਾ ਧਿਆਨ ’ਚ ਲਿਆਉਣ ਤੋਂ ਬਾਅਦ ਵੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੁਣ ਤੱਕ ਖੇਤੀਬਾੜੀ ਵਿਭਾਗ ਵੱਲੋਂ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਖੇਤਾਂ ਦਾ ਮੁਆਇਨਾ ਕਰਨ ਤੱਕ ਨਹੀਂ ਆਇਆ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਆਪਣੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਖੇਤਾਂ ’ਚ ਹੀ ਵਾਹੁਣੀ ਪੈ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੋਏ ਫਸਲ ਦੇ ਨੁਕਸਾਨ ਦਾ ਮੁਆਵਜਾ ਮਿਲਣਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੇ ਪੈਰਾਂ ਸਿਰ ਹੋ ਸਕੇ।

ਇਹ ਵੀ ਪੜ੍ਹੋ: Punjab Bus Strike: ਪੰਜਾਬ ’ਚ ਪੀਆਰਟੀਸੀ-ਪਨਬੱਸ ਕੰਟਰੈਕਟ ਵਰਕਰਾਂ ਦੀ ਹੜਤਾਲ ਖਤਮ, ਲੋਕਾਂ ਨੂੰ ਮਿਲੀ ਵੱਡੀ ਰਾਹਤ

ਇਸ ਸਬੰਧੀ ਪਿੰਡ ਬਠੋਈ ਕਲਾਂ ਦੇ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ, ਰਣਦੀਪ ਸਿੰਘ ਪੁੱਤਰ ਹਾਕਮ ਸਿੰਘ, ਗੁਰਜੀਤ ਸਿੰਘ, ਕਮਲ ਗੋਗਾ, ਹਰਦੇਵ ਭੋਲਾ, ਪਿੰਡ ਨਨਨਾਸੂੰ ਦੇ ਹਰਭਜਨ ਸਿੰਘ ਵੜੈਚ, ਪਿੰਡ ਚੁਹੜਪੁਰ ਦੇ ਮਨੀ ਸਿੰਘ ਤੇ ਹੋਰਾਂ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਈ-ਕਈ ਏਕੜ ਝੋਨੇ ਦੀ ਫਸਲ ਨੂੰ ਮਧਰੇਪਣ ਦਾ ਰੋਗ ਲੱਗ ਚੁੱਕਾ ਹੈ। ਜਿਸ ਕਾਰਨ ਝੋਨੇ ਦੀ ਫਸਲ ਉੱਪਰ ਨੂੰ ਵਧਣ ਦੀ ਥਾਂ ਹੇਠਾਂ ਨੂੰ ਘੱਟਦੀ ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਇਨ੍ਹਾਂ ਖੇਤਾਂ ’ਚ ਕਰ ਦਿੱਤਾ ਹੈ, ਪਰ ਫਿਰ ਵੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ। ਇਸ ਇਲਾਕੇ ’ਚ 70-80 ਕਿੱਲੇ ਝੋਨੇ ਦੀ ਫਸਲ ਇਸ ਮਧਰੇਪਣ ਦੇ ਰੋਗ ਦੇ ਲਪੇਟੇ ’ਚ ਆਈ ਹੋਈ ਹੈ।

Punjab Agriculture News
ਪਟਿਆਲਾ :ਮਧਰੇਪਣ ਰੋਗ ਕਾਰਨ ਨੁਕਸਾਨੀ ਝੋਨੇ ਫਸਲ ਨੂੰ ਵਹਾਉਂਦਾ ਕਿਸਾਨ ਅਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਵਿੰਦਰ ਸਿੰਘ।

10 ਏਕੜ ’ਤੇ ਹੋਇਆ ਮਧਰੇਪਣ ਦਾ ਹਮਲਾ, 2 ਏਕੜ ਵਾਹੁਣੀ ਪਈ

ਕਿਸਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ 23 ਜੂਨ 2025 ਨੂੰ ਝੋਨੇ ਦੀ ਫਸਲ ਲਾਈ ਗਈ ਸੀ ਅਤੇ ਉਸ ਨੇ ਪੀਆਰ-114 ਬੀਜ ਲਗਾਇਆ ਸੀ। ਇੱਕ ਮਹੀਨਾ ਤਾਂ ਝੋਨੇ ਦੀ ਫਸਲ ਨੂੰ ਕੁੱਝ ਨਹੀਂ ਹੋਇਆ, ਪਰ 40-45 ਦਿਨਾਂ ਬਾਅਦ 10 ਕਿੱਲਿਆ ’ਚ ਝੋਨੇ ਦੀ ਫਸਲ ਵਧਣ ਦੀ ਬਿਜਾਏ ਘੱਟਣ ਲੱਗ ਪਈ। ਜਿਸ ਨੂੰ ਮਧਰੇਪਣ ਦਾ ਰੋਗ ਕਹਿੰਦੇ ਹਨ। ਜਿਸ ਕਾਰਨ ਉਹ ਦੋ ਏਕੜ ਝੋਨੇ ਦੀ ਫਸਲ ਖੇਤ ’ਚ ਵਾਹੁਣੀ ਪਈ। ਉਸ ਨੇ ਦੱਸਿਆ ਕਿ ਉਸ ਨੇ ਹੁਣ ਤੱਕ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਕਰ ਦਿੱਤਾ ਸੀ ਅਤੇ 10 ਹਜ਼ਾਰ ਰੁਪਏ ਖਰਚਾ ਹੋਰ ਹੋਵੇਗਾ। ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ 72 ਹਜ਼ਾਰ ਪ੍ਰਤੀ ਏਕੜ ਜਮੀਨ ਠੇਕੇ ’ਤੇ ਲਈ ਹੋਈ ਹੈ। ਹੁਣ ਇਹ ਖਰਚਾ ਮੁੜਦਾ ਵੀ ਨਜ਼ਰ ਨਹੀਂ ਆ ਰਿਹਾ।

ਇਹ ਰੋਗ ਜਲਦ ਕੰਟਰੋਲ ’ਚ ਆ ਜਾਵੇਗਾ : ਖੇਤੀਬਾੜੀ ਅਧਿਕਾਰੀ

ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵਿਮਲਪ੍ਰੀਤ ਸਿੰਘ ਅਤੇ ਅਵਨਿੰਦਰ ਸਿੰਘ ਵੱਲੋਂ ਪਿੰਡ ਬਠੋਈ ਕਲਾਂ, ਡਕਾਲਾ ਤੇ ਨੇੜਲੇ ਪਿੰਡਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਮਧਰੇਪਣ ਦੇ ਰੋਗ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਨਾਲ ਗੱਲ ਕੀਤੀ। ਇਸ ਸਬੰਧੀ ਉਨ੍ਹਾਂ ਦੱਸਿਆ ਇਸ ਨੁਕਸਾਨੇ ਝੋਨੇ ਦੀ ਫਸਲ ਦੇ ਸੈਂਪਲ ਯੂਨੀਵਰਸਿਟੀ ’ਚ ਭੇਜੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਇਹ ਰੋਗ ਜਲਦ ਹੀ ਕੰਟਰੋਲ ’ਚ ਆ ਜਾਵੇਗਾ। ਜਿੰਨ੍ਹਾਂ ਥਾਵਾਂ ’ਤੇ ਪਾਣੀ ਜਿਆਦਾ ਸਮਾਂ ਖੜ੍ਹਦਾ ਹੈ, ਉੱਥੇ ਇਹ ਸਮੱਸਿਆ ਆਉਂਦੀ ਹੈ।

ਖੇਤੀਬਾੜੀ ਵਿਭਾਗ ਆਪਣਾ ਕੰਮ ਪੂਰੀ ਸਿੱਦਤ ਨਾਲ ਕਰ ਰਿਹੈ : ਡਾ. ਜਸਵਿੰਦਰ ਸਿੰਘ

ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਟੀਮ ਪਿਛਲੇ ਦੋ-ਤਿੰਨ ਦਿਨਾਂ ਤੋਂ ਇਸ ਇਲਾਕੇ ’ਚ ਜਾ ਰਹੀ ਹੈ ਅਤੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਕਿਸਾਨਾਂ ਤੱਕ ਪਹੁੰਚ ਨਹੀਂ ਕੀਤੀ ਜਾ ਸਕੀ ਹੋਣੀ, ਪਰ ਖੇਤੀਬਾੜੀ ਵਿਭਾਗ ਆਪਣਾ ਕੰਮ ਪੁੂਰੀ ਸਿੱਦਤ ਨਾਲ ਕਰ ਰਿਹਾ ਹੈ। Punjab Agriculture News