Punjab Road Safety News: ਸੜਕਾਂ ’ਤੇ ਘੁੰਮ ਰਹੀਆਂ ਓਵਰ ਲੋਡ ਤੂੜੀ ਦੀਆਂ ਟਰਾਲੀਆਂ ਲਵਾਉਂਦੀਆਂ ਨੇ ਵਾਹਨ ਚਾਲਕਾਂ ਦੀਆਂ ਬਰੇਕਾਂ

Punjab Road Safety News
ਬਠਿੰਡਾ: ਪਿੰਡ ਦੁਨੇਵਾਲਾ ਲਿੰਕ ਸੜਕ ’ਤੇ ਜਾਂਦੀ ਹੋਈ ਓਵਰਲੋਡ ਤੂੜੀ ਵਾਲੀ ਟਰਾਲੀ।

(ਅਸ਼ੋਕ ਗਰਗ) ਬਠਿੰਡਾ। ਹਾਈਵੇ ਅਤੇ ਲਿੰਕ ਸੜਕਾਂ ’ਤੇ ਘੁੰਮ ਰਹੀਆਂ ਓਵਰ ਲੋਡ ਤੂੜੀ ਦੀਆਂ ਟਰਾਲੀਆਂ ਮਾਨਯੋਗ ਅਦਾਲਤਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ। ਇੱਕ ਪਾਸੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਜਾਂ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਲਈ ਚਲਾਨ ਕੱਟੇ ਜਾਂਦੇ ਹਨ ਪਰ ਦੂਜੇ ਓਵਰ ਲੋਡ ਤੂੜੀ ਦੀਆਂ ਭਰੀਆਂ ਹੋਈਆਂ ਟਰਾਲੀਆਂ ਇਨ੍ਹਾਂ ਮੁਲਾਜ਼ਮਾਂ ਕੋਲ ਲੰਘਦੀਆਂ ਠੇਂਗਾ ਦਿਖਾ ਰਹੀਆਂ ਹਨ।

ਭੀੜ ਵਾਲੇ ਮਾਰਗਾਂ ਤੋਂ ਲੰਘਣ ਵਾਲੇ ਓਵਰਲੋਡ ਵਾਹਨ ਜਿੱਥੇ ਜਾਮ ਦਾ ਕਾਰਨ ਬਣ ਰਹੇ ਹਨ, ਉੱਥੇ ਹਾਦਸਿਆਂ ਦਾ ਡਰ ਵੀ ਬਣਿਆ ਹੋਇਆ ਹੈ। ਸਮਰੱਥਾ ਤੋਂ ਵੱਧ ਤੂੜੀ ਨਾਲ ਭਰੀਆਂ ਟਰਾਲੀਆਂ ਤੇ ਹੋਰ ਓਵਰਲੋਡ ਵਾਹਨ ਜਦੋਂ ਭੀੜ ਵਾਲੇ ਇਲਾਕੇ ’ਚੋਂ ਲੰਘਦੇ ਹਨ ਤਾਂ ਸੜਕ ’ਤੇ ਜਾਮ ਲੱਗ ਜਾਂਦੇ ਹਨ ਇੱਥੋਂ ਤੱਕ ਕਿ ਕਈ ਵਾਰ ਰਸਤਾ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਰਸਤਾ ਲੈਣ ਲਈ ਕਿੰਨੀ-ਕਿੰਨੀ ਦੇਰ ਇੰਤਜਾਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: World Brain Day: ਜ਼ਿਲ੍ਹਾ ਹਸਪਤਾਲ ’ਚ ‘ਵਿਸ਼ਵ ਦਿਮਾਗ ਦਿਵਸ’ ਮਨਾਇਆ

ਰੋਜ਼ਾਨਾ ਸਕੂਲ ਵੈਨ ਲਿਜਾਣ ਵਾਲੇ ਵੈਨ ਚਾਲਕ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਲਿੰਕ ਸੜਕਾਂ ਰਾਹੀਂ ਸ਼ਹਿਰ ਬੱਚੇ ਲੈ ਕੇ ਜਾਂਦੇ ਹਨ ਜਦੋਂ ਕਈ ਵਾਰ ਲਿੰਕ ਸੜਕ ’ਤੇ ਕੋਈ ਤੂੜੀ ਦੀ ਭਰੀ ਟਰਾਲੀ ਮਿਲ ਜਾਂਦੀ ਹੈ ਤਾਂ ਦੇਖ ਕੇ ਮੁੜ੍ਹਕਾ ਆ ਜਾਂਦਾ ਹੈ ਕਿਉਂ ਕਿ ਸਾਈਡ ਨਾ ਮਿਲਣ ਕਾਰਨ ਕਈ ਵਾਰ ਉਹ ਸਕੂਲੋਂ ਲੇਟ ਹੋ ਜਾਂਦੇ ਹਨ ਜਿਸ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਨੂੰ ਸਖਤ ਹੋਣਾ ਜ਼ਰੂਰੀ ਹੈ।

ਸਮਾਜ ਸੇਵੀ ਲੋਕਾਂ ਨੇ ਆਖਿਆ ਕਿ ਇਨ੍ਹਾਂ ਟਰਾਲੀਆਂ ਵਾਲਿਆਂ ਕੋਲ ਜਿਆਦਾ ਓਵਰ ਲੋਡ, ਜ਼ਿਆਦਾ ਫਲਾਅ ਕਰਨ ਦੀ ਕੋਈ ਮਨਜ਼ੂਰੀ ਨਾ ਹੋਣ ਦੇ ਬਾਵਜ਼ੂਦ ਇਨ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੈ ਜਦੋਂਕਿ ਆਮ ਵਾਹਨ ਚਾਲਕ ਨੂੰ ਪੁਲਿਸ ਘੇਰ ਕੇ ਚਲਾਨ ਕੱਟਦੀ ਹੈ। ਪੁਲਿਸ ਨੂੰ ਅਜਿਹੇ ਵਾਹਨ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਸਖਤੀ ਕਰਨ ਦੀ ਲੋੜ ਹੈ। Punjab Road Safety News

ਮਿੰਨੀ ਬੱਸ ਦੇ ਚਾਲਕ ਜੱਗਾ ਸਿੰਘ ਨੇ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਬਹੁਤ ਤੰਗ ਉਪਰੋਂ ਤੂੜੀ ਦੀਆਂ ਭਰੀਆਂ ਟਰਾਲੀਆਂ ਸੜਕ ਰੋਕ ਲੈਂਦੀਆਂ ਹਨ ਜਿਨ੍ਹਾਂ ਕਾਰਨ ਕਈ ਵਾਰ ਤਾਂ ਉਨ੍ਹਾਂ ਦੇ ਟਾਈਮ ਵੀ ਮਿਸ ਹੋ ਜਾਂਦੇ ਹਨ। ਓਧਰ ਟਰੈਫਿਕ ਇੰਚਾਰਜ ਐਸਆਈ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਨਾਕਾਬੰਦੀ ਕਰਕੇ ਅਜਿਹੇ ਵਾਹਨਾਂ ’ਤੇ ਨਿਗ੍ਹਾ ਰੱਖੀ ਜਾਂਦੀ ਹੈ ਜੇਕਰ ਕੋਈ ਅਜਿਹਾ ਵਾਹਨ ਮਿਲਦਾ ਹੈ ਤਾਂ ਚਲਾਨ ਕੱਟਿਆ ਜਾਂਦਾ ਹੈ।