ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ਤੋਂ ਚੋਣ ਲੜਨ ਲਈ ਸਾਰੇ ਉਮੀਦਵਾਰ ਤਿਆਰ
- ‘ਬੇਵੱਸ’ ਹੋਏ ਅਮਰਿੰਦਰ ਸਿੰਘ (Amarinder Singh) ਨੇ ਲਾਈ ਭਾਜਪਾ ਨੂੰ ਗੁਹਾਰ, ਮੰਗਿਆ ਕਮਲ ਦਾ ਫੁੱਲ ਚੋਣ ਨਿਸ਼ਾਨ
- ਭਾਜਪਾ ਹਾਈ ਕਮਾਨ ਕਰ ਰਹੀ ਐ ਵਿਚਾਰ, ਕੈਪਟਨ ਦੇ ਉਮੀਦਵਾਰਾਂ ਨੂੰ ਮਿਲੇਗਾ ਕਮਲ ਦਾ ਫੁੱਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਪੰਜਾਬ ਲੋਕ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ (Amarinder Singh) ਦੀ ਪਹਿਲੀ ਲਿਸਟ ‘ਚ ਸ਼ਾਮਲ 22 ਉਮੀਦਵਾਰਾਂ ਵਿੱਚੋਂ 6 ਉਮੀਦਵਾਰ ਚੋਣ ਲੜਨ ਤੋਂ ਹੀ ਭੱਜ ਗਏ ਹਨ। ਇਨਾਂ 6 ਉਮੀਦਵਾਰਾਂ ਵੱਲੋਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹਾਕੀ-ਬਾਲ ਤੋਂ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਉਹ ਭਾਜਪਾ ਦੇ ਕਮਲ ਦੇ ਫੁੱਲ ‘ਤੇ ਚੋਣ ਲੜਨ ਲਈ ਤਿਆਰ ਹਨ। ਜਿਸ ਕਾਰਨ ਬੇਵੱਸ ਹੋਏ ਅਮਰਿੰਦਰ ਸਿੰਘ ਵੱਲੋਂ ਵੀ ਭਾਜਪਾ ਨਾਲ ਇਸ ਸਬੰਧੀ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਇਨਾਂ ਉਮੀਦਵਾਰਾਂ ਨੂੰ ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜਵਾਇਆ ਜਾ ਸਕੇ।
ਅਮਰਿੰਦਰ ਸਿੰਘ ਵੱਲੋਂ ਭਾਜਪਾ ਕੋਲ ਇਹ ਮੰਗ ਤਾਂ ਕਰ ਦਿੱਤੀ ਗਈ ਹੈ ਪਰ ਭਾਜਪਾ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਹਾਮੀ ਨਹੀਂ ਭਰੀ ਗਈ ਹੈ ਪਰ ਇਸ਼ਾਰਾ ਜਰੂਰ ਕੀਤਾ ਗਿਆ ਹੈ ਕਿ ਇਸ ਤਰਾਂ ਦੀ ਸਥਿਤੀ ਵਿੱਚ ਸਿਰਫ਼ ਸ਼ਹਿਰੀ ਸੀਟ ’ਤੇ ਭਾਜਪਾ ਆਪਣੇ ਚੋਣ ਨਿਸ਼ਾਨ ਦੀ ਵਰਤੋਂ ਕਰਨ ਸਬੰਧੀ ਪੱਤਰ ਜਾਰੀ ਸਕਦੀ ਹੈ। ਇਸ ਸਬੰਧੀ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਹੋਏਗਾ ਪਰ ਇਹ ਅਮਰਿੰਦਰ ਸਿੰਘ ਅਤੇ ਉਨਾਂ ਦੀ ਪਾਰਟੀ ਲਈ ਕਾਫ਼ੀ ਜਿਆਦਾ ਨਮੋਸ਼ੀ ਵਾਲੀ ਗੱਲ ਹੈ ਕਿ ਜਿਹੜੀਆ ਸੀਟਾਂ ਨੂੰ ਭਾਜਪਾ ਹਾਈ ਕੋਰਟ ਕੋਲ ਅੜ ਕੇ ਉਨਾਂ ਨੇ ਆਪਣੀ ਪਾਰਟੀ ਦੇ ਹਿੱਸੇ ਰੱਖੀ ਗਈਆਂ ਸਨ, ਉਨਾਂ ਸੀਟਾਂ ਵਿੱਚੋਂ 6 ਸੀਟਾਂ ’ਤੇ ਹੀ ਉਮੀਦਵਾਰ ਉਨਾਂ ਦੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜਨਾ ਨਹੀਂ ਚਾਹੁੰਦੇ ਹਨ।
ਪੰਜਾਬ ਲੋਕ ਕਾਂਗਰਸ ਦੇ ਹਿੱਸੇ 37 ਸੀਟਾਂ (Amarinder Singh)
ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਗਠਨ ਕਰਦੇ ਹੋਏ ਇਹ ਦਾਅਵਾ ਕੀਤਾ ਗਿਆ ਸੀ ਕਿ ਉਨਾਂ ਦੀ ਇਹ ਪਾਰਟੀ ਪੰਜਾਬ ਵਿੱਚ ਇੱਕ ਵੱਡੀ ਪਾਰਟੀ ਬਣ ਕੇ ਸਾਹਮਣੇ ਆਏਗੀ ਅਤੇ ਇਸ ਪਾਰਟੀ ਵੱਲੋਂ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਗਠਜੋੜ ਨਾਲ ਸਰਕਾਰ ਵੀ ਬਣਾਈ ਜਾਏਗੀ। ਜਿਸ ਤੋਂ ਬਾਅਦ ਭਾਜਪਾ ਨਾਲ ਹੋਏ ਸਮਝੌਤੇ ਦੌਰਾਨ ਪੰਜਾਬ ਲੋਕ ਕਾਂਗਰਸ ਦੇ ਹਿੱਸੇ 37 ਸੀਟਾਂ ਵੀ ਆ ਗਈਆਂ ਹਨ ਅਤੇ ਪਹਿਲੀ ਲਿਸਟ ਵਿੱਚ 22 ਉਮੀਦਵਾਰਾਂ ਦਾ ਐਲਾਨ ਵੀ ਕੀਤਾ ਗਿਆ ਸੀ।ਇਨਾਂ ਉਮੀਦਵਾਰਾਂ ਦੇ ਐਲਾਨ ਮੌਕੇ ਅਮਰਿੰਦਰ ਸਿੰਘ ਵੱਲੋਂ ਇਨਾਂ ਨੂੰ ਜਿੱਤਣ ਦੇ ਸਮਰੱਥ ਉਮੀਦਵਾਰ ਤੱਕ ਦੇ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਅਮਰਿੰਦਰ ਸਿੰਘ ਦੀ ਪਾਰਟੀ ਦੇ ਇਹ ਜੇਤੂ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਲੜਨਾ ਨਹੀਂ ਚਾਹੁੰਦੇ ਹਨ।
ਬਠਿੰਡਾ ਸ਼ਹਿਰੀ ਤੋਂ ਰਾਜ ਕੁਮਾਰ ਨੰਬਰਦਾਰ, ਲੁਧਿਆਣਾ ਈਸਟ ਤੋਂ ਜਗਮੋਹਨ ਸ਼ਰਮਾ, ਲੁਧਿਆਣਾ ਸਾਊਥ ਤੋਂ ਸਤਿੰਦਰਪਾਲ ਸਿੰਘ ਅਤੇ ਆਤਮ ਨਗਰ ਤੋਂ ਪ੍ਰੇਮ ਮਿੱਤਲ ਵੱਲੋਂ ‘ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਉਹ ਇਨਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ ’ਤੇ ਹੀ ਲੜਨਾ ਚਾਹੁੰਦੇ ਹਨ ਅਤੇ ਅਮਰਿੰਦਰ ਸਿੰਘ ਨੂੰ ਵੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਨਾ ਚਾਹੁੰਦੇ ਹਨ ਚੋਣ
ਇਨਾਂ ਚਾਰੇ ਉਮੀਦਵਾਰਾਂ ਨੇ ਦੱਸਿਆ ਕਿ ਅਮਰਿੰਦਰ ਸਿੰਘ ਵੱਲੋਂ ਵੀ ਭਾਜਪਾ ਹਾਈ ਕਮਾਨ ਨਾਲ ਗੱਲਬਾਤ ਕਰਦੇ ਹੋਏ ਲਗਭਗ ਫਾਈਨਲ ਕਰ ਲਿਆ ਗਿਆ ਹੈ ਕਿ ਭਾਜਪਾ ਦਾ ਚੋਣ ਨਿਸ਼ਾਨ ਇਨਾਂ ਨੂੰ ਦਿੱਤਾ ਜਾਏਗਾ। ਭਾਜਪਾ ਦਾ ਚੋਣ ਨਿਸ਼ਾਨ ਸਿਰਫ਼ ਇਨਾਂ ਨੂੰ ਹੀ ਨਹੀਂ ਸਗੋਂ ਬਾਕੀ ਸ਼ਹਿਰੀ ਸੀਟਾਂ ’ਤੇ ਵੀ ਅਮਰਿੰਦਰ ਸਿੰਘ ਦੀ ਪਾਰਟੀ ਦੇ ਹਾਕੀ-ਬਾਲ ਦੀ ਥਾਂ ’ਤੇ ਭਾਜਪਾ ਦੇ ਚੋਣ ਨਿਸ਼ਾਨ ‘ਤੇ ਹੀ ਚੋਣ ਲੜੀ ਜਾਏਗੀ। ਇਨਾਂ 4 ਉਮੀਦਵਾਰਾਂ ਤੋਂ ਇਲਾਵਾ 2 ਹੋਰ ਉਮੀਦਵਾਰ ਵੀ ਹਨ, ਜਿਹੜੇ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਨਾ ਚਾਹੁੰਦੇ ਹਨ ਪਰ ਮੀਡੀਆ ਅੱਗੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਇਸ ਲਈ ਉਨਾਂ ਦਾ ਨਾਅ ਨਹੀਂ ਛਾਪਿਆ ਜਾ ਰਿਹਾ ਹੈ।
ਸ਼ਹਿਰੀ ਸੀਟਾਂ ਦੇ ਉਮੀਦਵਾਰਾਂ ਵੱਲੋਂ ਇੱਛਾ ਜ਼ਾਹਰ ਕੀਤੀ ਗਈ ਫੈਸਲਾ ਨਹੀਂ ਹੋਇਆ : ਪੀਐਲਸੀ
ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਜਰਨਲ ਸਕੱਤਰ ਇਨਚਾਰਜ ਕਮਲਦੀਪ ਸੈਣੀ ਨੇ ਕਿਹਾ ਕਿ ਇਸ ਸਬੰਧੀ ਸ਼ਹਿਰੀ ਸੀਟਾਂ ਵਾਲੇ ਉਮੀਦਵਾਰਾਂ ਵਲੋਂ ਗੱਲਬਾਤ ਕੀਤੀ ਗਈ ਹੈ ਅਤੇ ਉਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਭਾਜਪਾ ਦੇ ਚੋਣ ਨਿਸ਼ਾਨ ’ਤੇ ਹੀ ਉਹ ਚੋਣ ਲੜਨਾ ਚਾਹੁੰਦੇ ਹਨ ਪਰ ਪਾਰਟੀ ਪੱਧਰ ‘ਤੇ ਕੋਈ ਫੈਸਲਾ ਅਜੇ ਨਹੀਂ ਲਿਆ ਗਿਆ। ਉਨਾਂ ਕਿਹਾ ਕਿ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲੈਣਾ ਹੈ ਅਤੇ ਉਨਾਂ ਨੂੰ ਖ਼ੁਦ ਕੋਈ ਜਿਆਦਾ ਜਾਣਕਾਰੀ ਨਹੀਂ ਹੈ, ਕਿਉਂਕਿ ਉਹ ਖ਼ੁਦ ਖਰੜ ਤੋਂ ਚੋਣ ਲੜਨ ਕਰਕੇ ਆਪਣੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ