ਜੈਪੁਰ (ਸੱਚ ਕਹੂੰ ਨਿਊਜ਼)। ਆਪਣੀ ਸਰਕਾਰ ਨੂੰ ਰਾਜਸਥਾਨ ਦੇ ਵਿਕਾਸ ਲਈ ਵਚਨਬੱਧ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਕਿਹਾ ਹੈ ਕਿ ਸਾਡੀ ਪਾਰਟੀ ਦੇ ਵਰਕਰਾਂ ਵੱਲੋਂ ਬਦਲਾਅ ਲਈ ਲਿਆ ਗਿਆ ਸੰਕਲਪ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਮੋਦੀ ਨੇ ਇਹ ਗੱਲ ਆਪਣੇ ਰਾਜਸਥਾਨ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਹੀ।
ਉਨ੍ਹਾਂ ਕਿਹਾ ਕਿ ਇਸ ਮਤੇ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਜੈਪੁਰ ਵਿੱਚ ਹੋਣ ਵਾਲੀ ‘ਪਰਿਵਰਤਨ ਸੰਕਲਪ ਮਹਾਸਭਾ’ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਜਨ ਸਭਾ ਤੋਂ ਪਹਿਲਾਂ ਮੋਦੀ ਇੱਥੇ ਧਾਨਕਿਆ ’ਚ ਸਥਿਤ ਪੰਡਿਤ ਦੀਨਦਿਆਲ ਉਪਾਧਿਆਏ ਸਮਾਰਕ ‘ਤੇ ਜਾਣਗੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕੀਤਾ, “ਅੰਤਯੋਦਿਆ ਦੇ ਸੰਸਥਾਪਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਸ਼ਖਸੀਅਤ ਅਤੇ ਕੰਮ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਭਾਰਤ ਮਾਤਾ ਦੀ ਸੇਵਾ ਲਈ ਸਮਰਪਿਤ ਕੀਤੀ, ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਮੇਰੀ ਸ਼ਰਧਾਂਜਲੀ।”
ਇਹ ਵੀ ਪੜ੍ਹੋ : ਪੋਲੈਂਡ ਭੇਜਣ ਦੇ ਨਾਂਅ ’ਤੇ ਧੋਖਾਧੜੀ ਕਰਨ ਦਾ ਦੋਸ਼, ਮਾਮਲਾ ਦਰਜ਼
ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਅੱਜ ਬਾਅਦ ਦੁਪਹਿਰ ਜੈਪੁਰ ਦੇ ਦਾਦੀਆ ਵਿੱਚ ਆਯੋਜਿਤ ‘ਪਰਿਵਰਤਨ ਸੰਕਲਪ ਮਹਾਸਭਾ’ ਨੂੰ ਸੰਬੋਧਿਤ ਕਰਨਗੇ। ਮੋਦੀ ਦੇ ਜੈਪੁਰ ਪਹੁੰਚਣ ‘ਤੇ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਪਾਸ ਹੋਣ ਨੂੰ ਲੈ ਕੇ ਉਤਸ਼ਾਹਿਤ ਔਰਤਾਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਨਗੀਆਂ। ਮੋਦੀ ਜਦੋਂ ਦਾਦੀਆ ‘ਚ ਆਯੋਜਿਤ ਜਨ ਸਭਾ ‘ਚ ਪਹੁੰਚਣਗੇ ਤਾਂ ਉਹ ਜਨ ਸਭਾ ‘ਚੋਂ ਲੰਘਦੀ ਹੋਈ ਖੁੱਲ੍ਹੀ ਜੀਪ ‘ਚ ਸਟੇਜ ‘ਤੇ ਜਾਣਗੇ। ਇਸ ਦੌਰਾਨ ਦੋਵੇਂ ਪਾਸੇ ਔਰਤਾਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕਰਨਗੀਆਂ।