ਮੌਲਿਕਤਾ ਹੀ ਸੰਗੀਤ ਦੀ ਜਾਨ

Music

ਤੇਲਗੂ ਫ਼ਿਲਮ ‘ਆਰਆਰਆਰ’ ਦੇ ਗਾਣੇ ਨਾਟੂ-ਨਾਟੂ ਨੇ ਆਸਕਰ ਪੁਰਸਕਾਰ ਜਿੱਤ ਲਿਆ ਹੈ। ਇਹ ਕਿਸੇ ਪਹਿਲੇ ਭਾਰਤੀ ਗਾਣੇ ਨੂੰ ਮਿਲਿਆ ਕੌਮਾਂਤਰੀ ਵੱਕਾਰੀ ਪੁਰਸਕਾਰ ਹੈ। ਗਾਣੇ ਨੂੰ ਬੈਸਟ ਓਰਿਜਨਲ ਸੌਂਗ ਦੀ ਸ਼੍ਰੇਣੀ ’ਚ ਪੁਰਸਕਾਰ ਮਿਲਿਆ ਹੈ। ਇਸ ਸ੍ਰੇਣੀ ’ਚ ਸਿਰਫ਼ ਉਹੀ ਗੀਤ ਗਾਉਂਦਾ ਹੈ, ਜਿਹੜਾ ਪਹਿਲਾਂ ਆਏ ਕਿਸ ਗੀਤ ਦੀ ਨਕਲ ਨਾ ਹੋਵੇ। ਗਾਣੇ ਦੀ ਸ਼ਬਦਾਵਲੀ, ਧੁਨ ਮੌਲਿਕ ਹੋਣੀ ਚਾਹੀਦੀ ਹੈ। ਨਾਟੂ-ਨਾਟੂ ਨੂੰ ਪੁਰਸਕਾਰ ਭਾਰਤੀ ਫ਼ਿਲਮ ਜਗਤ ਤੇ ਸੰਗੀਤ ਲਈ ਇਹ ਇੱਕ ਇਤਿਹਾਸਕ ਪ੍ਰਾਪਤੀ ਵੀ ਹੈ ਤੇ ਇਹ ਸਿੱਖਣ ਦਾ ਵੀ ਸਮਾਂ ਹੈ। ਜੇਕਰ ਭਾਰਤੀ ਫ਼ਿਲਮ ਇੰਡਸਟਰੀ ਨੇ ਦੁਨੀਆ ’ਚ ਆਪਣੀ ਛਾਪ ਛੱਡਣੀ ਤਾਂ ਨਕਲ ਤੇ ਚੋਰੀ ਦੀ ਆਦਤ ਦਾ ਤਿਆਗ ਕਰਨਾ ਪਵੇਗਾ।

ਭਾਰਤੀ ਦਰਸ਼ਕ ਕੀ ਚਾਹੁੰਦੇ ਨੇ

ਇਹੀ ਹਾਲ ਫਿਲਮਾਂ ਦੀ ਕਹਾਣੀਆਂ ਦਾ ਰਿਹਾ ਹੈ। ਇਧਰੋਂ-ਉਧਰੋਂ ਦੋ ਚਾਰ ਫ਼ਿਲਮਾਂ ਦੀਆਂ ਕਹਾਣੀਆਂ ’ਚੋਂ ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦੀ ਟੰਗ, ਕਿਸੇ ਦੀ ਪੂਛ ਫੜ ਕੇ ਫ਼ਿਲਮ ਦੀ ਸਕਰਿਪਟ ਘੜ ਲਈ ਜਾਂਦੀ ਹੈ, ਜੋ ਦਰਸ਼ਕਾਂ ਨੂੰ ਨਿਰਾਸ਼ ਕਰਦੀ ਹੈ। ਭਾਰਤੀ ਦਰਸ਼ਕਾਂ ਦਾ ਇੱਕ ਹਿੱਸਾ ਫਿਲਮਾਂ ਦੀ ਨਬਜ਼ ਚੰਗੀ ਤਰ੍ਹਾਂ ਪਛਾਣਦਾ ਹੈ ਤੇ ਆਪਣੀ ਟਿਕਟ ਦੇ ਪੈਸੇ ਵਸੂਲ ਕਰਨਾ ਨਹੀਂ ਭੁੱਲਦਾ। ਇਹੀ ਕਾਰਨ ਹੈ ਕਿ ਪਿਛਲੇ ਸਾਲਾਂ ’ਚ ਬਾਲੀਵੁੱਡ ’ਚ ਪਹਿਲੀਆਂ ਫਿਲਮਾਂ ’ਚੋਂ ਉਧਾਰੇ ਲਏ ਗਏ ਅੰਸ਼ਾਂ ਨੇ ਦਰਸ਼ਕ ਨੂੰ ਨਿਰਾਸ਼ ਕੀਤੀ ਰੱਖਿਆ।

ਸਿਨੇਮਾ ਹਾਲ ਤਰਸੇ ਦਰਸ਼ਕਾਂ ਨੂੰ

ਸਿਨੇਮਾ ਹਾਲ ਦਰਸ਼ਕਾਂ ਨੂੰ ਤਰਸਦੇ ਰਹਿ ਗਏ। ਦੂਜੇ ਪਾਸੇ 2-3 ਕਰੋੜ ਦੇ ਖਰਚੇ ਨਾਲ ਬਣੀਆਂ ਪੰਜਾਬੀ ਫਿਲਮਾਂ ਨੇ ਆਪਣੇ ਮੌਲਿਕ ਤੇ ਜ਼ਮੀਨ ਨਾਲ ਜੁੜੇ ਵਿਸ਼ਾ ਵਸਤੂ ਕਰਕੇ ਬਾਲੀਵੁੱਡ ਦੀਆਂ 40-50 ਕਰੋੜ ਦੇ ਖਰਚੇ ਨਾਲ ਬਣੀਆਂ ਫਿਲਮਾਂ ਨੂੰ ਖੂੰਜੇ ਲਾ ਦਿੱਤਾ। ਵੱਡੇ ਪੱਧਰ ’ਤੇ ਪ੍ਰਚਾਰ ਦੇ ਬਾਵਜੂਦ ਕਈ ਬਾਲੀਵੁੱਡ ਫਿਲਮਾਂ ਫਲਾਪ ਹੋ ਗਈਆਂ, ਕੌਮਾਂਤਰੀ ਪੁਰਸਕਾਰ ਹਾਸਲ ਕਰਨਾ ਤਾਂ ਦੂਰ ਦੀ ਗੱਲ। ਅਸਲ ’ਚ ਕਲਾ ਮਿਹਨਤ ਮੰਗਦੀ ਹੈ ਪਰ ਕਈ ਲੋਕ ਇਸ ਖੇਤਰ ’ਚ ਅਜਿਹੇ ਦਾਖਲ ਹੋ ਜਾਂਦੇ ਹਨ ਜਿਨ੍ਹਾਂ ਦਾ ਕਲਾ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ।

ਉਹ ਲੋਕ ਫ਼ਿਲਮ ਨੂੰ ਬਜਾਰੋਂ ਖਰੀਦੀਆਂ ਚੀਜਾਂ ਵਾਂਗ ਸਮਝਦੇ ਹਨ, ਜਿਨ੍ਹਾਂ ਨੂੰ ਜੋੜ ਤੋੜ ਕੇ ਫਿਲਮ ਬਣਾ ਦਿੰਦੇ ਹਨ। ਕਲਾ ਮਿਹਨਤ ਤੇ ਤਪੱਸਿਆ ਮੰਗਦੀ ਹੈ। ਮਿਹਨਤ ਕਰਕੇ ਹੀ ਕਲਾਕਾਰ ਦਰਸ਼ਕਾਂ ’ਤੇ ਅਮਿੱਟ ਛਾਪ ਛੱਡ ਸਕਦੇ ਹਨ। ਇਸ ਘਟਨਾ ਚੱਕਰ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਕੌਮਾਂਤਰੀ ਪੁਰਸਕਾਰ ਜਿੱਤਣ ਲਈ ਆਸ਼ਲੀਲਤਾ ਜ਼ਰੂਰੀ ਨਹੀਂ ਸਗੋਂ ਗੀਤ ਸੰਗੀਤ ਤੇ ਸੰਦੇਸ਼ ’ਚ ਦਮ ਹੋਣਾ ਜ਼ਰੂਰੀ ਹੈ। ਨਾਟੂ-ਨਾਟੂ ਗੀਤ ਨੇ ਭਾਰਤੀ ਸੰਗੀਤ ਦੀ ਉੱਚਤਾ ਦਾ ਲੋਹਾ ਮਨਵਾਇਆ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਾਟੂ-ਨਾਟੂ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈ ਕੇ ਨਵੀਂ ਪੀੜ੍ਹੀ ਦੇ ਗੀਤਕਾਰ, ਸੰਗੀਤਕਾਰ ਭਾਰਤੀ ਗੀਤ ਸੰਗੀਤ ਨੂੰ ਅੱਗੇ ਵਧਾਉਗੇ। ਇਸ ਦੇ ਨਾਲ ਹੀ ਕਲਾ ਨੂੰ ਸਮਝਣ ਦਾ ਨਜ਼ਰੀਆ ਵੀ ਬਦਲਣਾ ਪਵੇਗਾ। ਕਲਾ ਵਪਾਰ ਦੀ ਚੀਜ਼ ਨਹੀਂ ਅਤੇ ਨਾ ਹੀ ਇਹ ਸਿਰਫ ਮਸ਼ੀਨੀਕਰਨ ਹੈ। ਕਲਾ ਸੱਭਿਆਚਾਰ ਨਾਲ ਜੁੜ ਕੇ ਵਧਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।