ਪੁਰਾਣੀਆਂ ਮਸ਼ੀਨਾਂ ਬਦਲਣ ‘ਤੇ ਆਪ ਉਮੀਦਵਾਰਾਂ ਵੱਲੋਂ ਜਿਤਾਇਆ ਗਿਆ ਸੀ ਵਿਰੋਧ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਮ ਆਦਮੀ ਪਾਰਟੀ ਵੱਲੋਂ ਕੱਲ੍ਹ ਪਟਿਆਲਾ ਦਿਹਾਤੀ ਅਤੇ ਨਾਭਾ ਹਲਕੇ ਦੇ ਗਿਣਤੀ ਕੇਂਦਰ ਵਿੱਚ ਪੁਰਾਣੀਆਂ ਏਵੀਐਮ ਮਸ਼ੀਨਾਂ ਬਦਲਣ ਦੇ ਮਾਮਲੇ ਸਬੰਧੀ ਕੀਤੇ ਵਿਵਾਦ ਅਤੇ ਬਣਾਈ ਗਈ ਅੰਦਰਲੀ ਵੀਡੀਓ ਜਨਤਕ ਕਰਨ ਦੇ ਮਾਮਲੇ ਨੂੰ ਲੈ ਕੇ ਨਾਭਾ ਹਲਕੇ ਦੇ ਰਿਟਰਨਿੰਗ ਅਧਿਕਾਰੀ ਵੱਲੋਂ ਜ਼ਿਲ੍ਹਾ ਚੋਣ ਅਫਸਰ ਨੂੰ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਕਾਰਕੁੰਨ ਵੱਲੋਂ ਜੋ ਇਹ ਗਿਣਤੀ ਕੇਂਦਰ ਦੀ ਅੰਦਰਲੀ ਵੀਡੀਓ ਬਣਾਈ ਗਈ ਹੈ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਨਾ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ । (Counting Centre)
ਜਾਣਕਾਰੀ ਅਨੁਸਾਰ ਕੱਲ੍ਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਸਥਾਨਕ ਫਿਜੀਕਲ ਕਾਲਜ ਵਿਖੇ ਏਵੀਐਮ ਮਸ਼ੀਨਾਂ ਬਦਲਣ ਦੇ ਮਾਮਲੇ ਸਬੰਧੀ ਵਿਰੋਧ ਜਤਾਇਆ ਗਿਆ ਸੀ ਜਦਕਿ ਬਦਲੀਆਂ ਜਾ ਰਹੀਆਂ ਮਸ਼ੀਨਾਂ ਈ.ਸੀ.ਆਈ.ਐਲ. ਕੰਪਨੀ ਦੀਆਂ ਸਨ ਜੋ ਕਿ 2001, 2006 ਅਤੇ 2007 ਦੀਆਂ ਬਣੀਆਂ ਹੋਈਆਂ ਹਨ । ਇਨ੍ਹਾਂ ਮਸ਼ੀਨਾਂ ਨੂੰ 2015 ਵਿੱਚ ਹੋਈਆਂ ਮਿਊਸਪਲ ਚੋਣਾਂ ਦੌਰਾਨ ਵਰਤਿਆ ਗਿਆ ਸੀ।
ਇਹ ਮਸ਼ੀਨਾਂ ਸਟਰਾਂਗ ਰੂਮ ਦੇ ਹੇਠਾਂ ਬਣੇ ਕਮਰੇ ਵਿੱਚ ਸਥਿਤ ਸਨ ਅਤੇ ਇਸ ਕਮਰੇ ਚੋਂ ਸਮਾਨ ਬਾਹਰ ਕੱਢਣ ਲਈ ਸਬੰਧਿਤ ਉਮੀਦਵਾਰਾਂ ਨੂੰ ਸੱਦਿਆ ਗਿਆ ਸੀ ਤਾ ਜੋ ਉਨ੍ਹਾਂ ਦੀ ਨਿਗਰਾਨੀ ਵਿੱਚ ਹੀ ਕਮਰਾ ਖੋਲ੍ਹਿਆ ਜਾਵੇ। ਇਸ ਮੌਕੇ ਆਪ ਉਮੀਦਵਾਰ ਦੇਵ ਮਾਨ ਵੱਲੋਂ ਆਪਣੀ ਹਾਜਰੀ ਲਈ ਸਬੰਧਿਤ ਰਜਿਸ਼ਟਰ ‘ਤੇ ਦਸਤਖਤ ਕੀਤੇ ਗਏ । ਇਸ ਦੌਰਾਨ ਹੀ ਇਨ੍ਹਾਂ ਟਰੰਕਾਂ ਨੂੰ ਚੁੱਕੇ ਜਾਣ ਤੇ ਆਪ ਉਮੀਦਵਾਰ ਦੇਵ ਮਾਨ ਵੱਲੋਂ ਵਿਰੋਧ ਜਤਾਇਆ ਗਿਆ ਅਤੇ ਇਨ੍ਹਾਂ ਟਰੰਕਾਂ ਆਦਿ ਦੀ ਵੀਡੀਓਗ੍ਰਾਫੀ ਕਰ ਲਈ ਜੋ ਕਿ ਕੁਝ ਦੇਰ ਬਾਅਦ ਮੀਡੀਆਂ ਸਮੇਤ ਹੋਰ ਗਰੁੱਪਾਂ ਵਿੱਚ ਵਾਇਰਲ ਹੋ ਗਈ।
ਹਦਾਇਤਾਂ ਮੁਤਾਬਿਕ ਕੋਈ ਵੀ ਗਿਣਤੀ ਕੇਂਦਰ ਦੀ ਬਿਲਡਿੰਗ ਦੀ ਵੀਡੀਓਗ੍ਰਾਫੀ ਨਹੀਂ ਕਰ ਸਕਦਾ
ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕੋਈ ਵੀ ਗਿਣਤੀ ਕੇਂਦਰ ਦੀ ਬਿਲਡਿੰਗ ਦੀ ਵੀਡੀਓਗ੍ਰਾਫੀ ਨਹੀਂ ਕਰ ਸਕਦਾ ਅਤੇ ਇਹ ਨਿਯਮਾਂ ਦੀ ਉਲੰਘਨਾ ਹੈ। ਇੱਧਰ ਵਿਧਾਨ ਸਭਾ ਹਲਕਾ-109 ਨਾਭਾ ਦੀ ਰਿਟਰਨਿੰਗ ਅਧਿਕਾਰੀ ਸ਼੍ਰੀਮਤੀ ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਗਿਣਤੀ ਕੇਂਦਰ ਦੀ ਪ੍ਰਾਈਵੇਸੀ ਨੂੰ ਜਨਤਕ ਨਹੀਂ ਕਰ ਸਕਦਾ। ਉਨ੍ਹਾਂ ਪੁਸਟੀ ਕਰਦਿਆ ਕਿਹਾ ਕਿ ਜਿਸ ਨੇ ਵੀ ਉਕਤ ਵੀਡੀਓ ਬਣਾਈ ਹੈ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਨਾ ਹੈ ਅਤੇ ਉਨ੍ਹਾਂ ਵੱਲੋਂ ਉਸ ਵਿਅਕਤੀ ਖਿਲਾਫ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸਖਤ ਕਾਰਵਾਈ ਲਈ ਲਿਖ ਦਿੱਤਾ ਗਿਆ ਹੈ।
ਗਲਤੀ ਛੁਪਾਉਣ ਲਈ ਕਰ ਰਹੇ ਨੇ ਸ਼ਿਕਾਇਤਾਂ: ਦੇਵ ਮਾਨ
ਨਾਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਵ ਮਾਨ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਕਿਹਾ ਕਿ ਹੁਣ ਅਧਿਕਾਰੀ ਆਪਣੀ ਗਲਤੀ ਛੁਪਾਉਣ ਲਈ ਅਜਿਹੀਆਂ ਸ਼ਿਕਾਇਤਾਂ ਕਰ ਰਹੇ ਹਨ। ਉਂਜ ਉਨ੍ਹਾਂ ਮੰਨਿਆ ਕਿ ਸਟਰਾਂਗ ਰੂਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਾਗਜ ਪੱਤਰ ਬਾਹਰ ਕੱਢਣ ਸਬੰਧੀ ਕਿਹਾ ਗਿਆ ਸੀ ਪਰ ਉਨ੍ਹਾਂ ਟਰੰਕਾਂ ਅੰਦਰ ਮਸ਼ੀਨਾ ਸਨ, ਚਾਹੇ ਉਹ ਪੁਰਾਣੀਆਂ ਹੀ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸੋਦੀਆ ਅਤੇ ਐਸਐਚ ਫੂਲਕਾ ਵੱਲੋਂ ਉੱਚ ਚੋਣ ਅਧਿਕਾਰੀ ਨੂੰ ਮਿਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ