ਰੱਖਿਆ ਮੰਤਰੀ ਤੇ ਐਨਐੱਸਏ ਵੀ ਮੌਜ਼ੂਦ
ਨਵੀਂ ਦਿੱਲੀ: ਚੀਨ ਰੱਫੜ ਅਤੇ ਜੰਮੂ ਕਸ਼ਮੀਰ ਮਾਮਲੇ ‘ਤੇ ਅੱਜ ਸਰਵਦਲੀ ਬੈਠਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸ਼ੁਰੂ ਹੋਈ। ਬੈਠਕ ਵਿੱਚ ਵਿਰੋਧ ਧਿਰ ਵੱਲੋਂ ਗੁਲਾਮ ਨਬੀ ਅਜ਼ਾਦ, ਮਲਿਕਾ ਅਰਜੁਨ ਖੜਗੇ, ਅਨੰਦ ਸ਼ਰਮਾ, ਤਾਰਿਕ ਅਨਵਰ, ਡੇਰੇਕ ਓ ਬਰਾਇਨ, ਸੀਤਾ ਰਾਮ ਯੇਚੁਰੀ, ਮੁਲਾਇਮ ਸਿੰਘ ਯਾਦਵ, ਸ਼ਰਦ ਯਾਦਵ, ਕੇਸੀ ਤਿਆਗੀ, ਏਆਈਏਡੀਐੱਮਕੇ ਤੋਂ ਮੈਤਰੀਅਨ ਹਿੱਸਾ ਲੈ ਰਹੇ ਹਨ। ਰੱਖਿਆ ਮੰਤਰੀ ਜੇਤਲੀ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਬੈਠਕ ‘ਚ ਸ਼ਾਮਲ ਹਨ। ਇਸ ਤੋਂ ਇਲਾਵਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਹਾਜ਼ਰ ਹੋਏ।
ਬੈਠਕ ਦੌਰਾਨ ਰਾਜਨਾਥ ਸਿੰਘ ਚੀਨ ਦੇ ਨਾਲ ਜਾਰੀ ਵਿਵਾਦ ਤੋਂ ਇਲਾਵਾ ਸਰਕਾਰ ਦੀ ਪਾਕਿਸਤਾਨ ਨੀਤੀ ਅਤੇ ਕਸ਼ਮੀਰ ਵਿੱਚ ਹਾਲਾਤ ਸੁਧਾਰ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦੇਣਗੇ।
ਪਤਾ ਲੱਗਿਆ ਕਿ ਸਾਰੀਆਂ ਪਾਰਟੀਆਂ ਨੂੰ ਹਾਲਾਤ ਦੀ ਜਾਣਕਾਰੀ ਦੇਣ ਲਈ ਸਲਾਹ ਪ੍ਰਧਾਨ ਮੰਤਰੀ ਨੇ ਦਿੱਤੀ। ਜਿਸ ਤੋਂ ਬਾਅਦ ਸਾਰੇ ਆਗੂਟਾਂ ਨੂੰ ਬੈਠਕ ਦਾ ਸੱਦਾ ਭੇਜਿਆ ਗਿਆ।
ਸੁਸ਼ਮਾ ਦੇਵੇਗੀ ਚੀਨ ਰੱਫੜ ਬਾਰੇ ਜਾਣਕਾਰੀ
ਬੀਤੇ ਦਿਨੀਂ ਡੋਕਲਾਮ ਦੇ ਮੁੱਦੇ ‘ਤੇ ਭਾਰਤ ਅਤੇ ਚੀਨ ਦਰਮਿਆਨ ਵਧੇ ਤਣਾਅ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਰੋਧੀ ਧਿਰ ਦੇ ਆਗੂਆਂ ਨੂੰ ਜਾਣਕਾਰੀ ਦੇਵੇਗੀ। ਉੱਥੋਂ ਦੇ ਹਾਲਾਤਾਂ ਅਤੇ ਸਰਕਾਰ ਦੇ ਕਦਮਾਂ ਦੀ ਜਾਣਕਾਰੀ ਦੇ ਕੇ ਵਿਰੋਧੀਆਂ ਨੂੰ ਇਸ ਮੁੱਦੇ ‘ਤੇ ਭਰੋਸੇ ‘ਚ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ ਇਸ ਨੂੰ ਸੁਲਝਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ।
ਸੈਸ਼ਨ ਨੇ ਸਰਕਾਰੀ ਦੀ ਚਿੰਤਾ ਵਧਾਈ
ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਮਾਨਸੂਨ ਦੇ ਸੈਸ਼ਨ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸਰਕਾਰ ਨੂੰ ਚਿੰਤਾ ਹੈ ਕਿ ਸਦਨ ਵਿੱਚ ਵਿਰੋਧੀ ਧਿਰ ਕਸ਼ਮੀਰ ਦੇ ਹਾਲਾਤ ਅਤੇ ਚੀਨ ਨਾਲ ਵਿਵਾਦ ‘ਤੇ ਸਰਕਾਰ ਦੀ ਘੇਰਾਬੰਦੀ ਕਰੇਗੀ। ਇਸ ਲਈ ਵਿਰੋਧੀਆਂ ਨੂੰ ਪਹਿਲਾਂ ਹੀ ਭਰੋਸੇ ਵਿੱਚ ਲੈਣ ਲਈ ਬੈਠਕ ਬੇਹੱਦ ਅਹਿਮ ਹੈ।