ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਲੱਖਾਂ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾਈਆਂ
(ਸੱਚ ਕਹੂੰ ਨਿਊਜ਼) ਬਰਨਾਵਾ। ਸ਼ੁੱਕਰਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਇਆ ਤੇ ਇਸ ਦੌਰਾਨ ਦੇਸ਼-ਵਿਦੇਸ਼ ਤੋਂ ਆਨਲਾਈਨ ਜੁੜੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਹਰਿਆਣਾ ਦੇ ਅੰਬਾਲਾ, ਰਾਜਸਥਾਨ ਦੇ ਪੀਲੀਬੰਗਾ, ਹਿਮਾਚਲ ਪ੍ਰਦੇਸ਼ ਦੇ ਧੌਲਾ ਕੂਆ ਤੇ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਹਜ਼ਾਰਾਂ ਲੋਕਾਂ ਨੇ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ, ਗੁਰੂ ਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਲੱਖਾਂ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾਈਆਂ ਤੇ ਲੋਕਾਂ ਨੂੰ ਰਾਮ ਨਾਮ ਤੇ ਇਨਸਾਨੀਅਤ ਦੀ ਸਿੱਖਿਆ ਦਿੰਦਿਆਂ ਪ੍ਰਭੂ ਭਗਤੀ ਦਾ ਸੱਚਾ ਰਸਤਾ ਦਿਖਾਇਆ। ਸਾਡੇ ਧਰਮ ਗ੍ਰੰਥਾਂ ’ਚ ਲਿਖਿਆ ਹੈ, ਪਰਮਾਤਮਾ ਨੂੰ ਪਾਉਣਾ ਹੈ ਤਾਂ ਰਾਮ-ਨਾਮ ਲਈ ਸਮਾਂ ਦੇਣਾ ਪਵੇਗਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਸਾਰ ’ਚ ਦੋ ਤਰ੍ਹਾਂ ਦੀ ਦੁਨੀਆ ਮੋਸਟਲੀ ਮੰਨੀ ਜਾਂਦੀ ਹੈ। ਇੱਕ ਉਹ ਜੋ ਸੁਪਰੀਮ ਪਾਵਰ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੂੰ ਮੰਨਦੇ ਹਨ ਤੇ ਦੂਜਾ ਉਹ ਜੋ ਪਰਮਾਤਮਾ ਨੂੰ ਨਹੀਂ ਮੰਨਦੇ। ਪਰਮਾਤਮਾ ਨੂੰ ਮੰਨਣ ਵਾਲੇ ਕਿਉਂ ਮੰਨਦੇ ਹਨ, ਕਿਸ ਲਈ ਮੰਨਦੇ ਹਨ ਤੇ ਪਰਮਾਤਮਾ ਨੂੰ ਨਾ ਮੰਨਣ ਵਾਲਿਆਂ ਨੇ ਅਜਿਹਾ ਕੀ ਦੇਖ ਲਿਆ ਜੋ ਨਹੀਂ ਮੰਨਦੇ ਬਾਰੇ ਪੂਜਨੀਕ ਗੁਰੂ ਜੀ ਨੇ ਸਮਝਾਉਂਦਿਆਂ ਫ਼ਰਮਾਇਆ ਕਿ ਕਿਸੇ ਵੀ ਚੀਜ਼ ਦਾ ਰਿਜਲਟ ਲੈਣ ਲਈ ਪਹਿਲਾਂ ਕੁਝ ਪ੍ਰੈਕਟੀਕਲੀ ਕੰਮ ਕਰਨਾ ਪੈਂਦਾ ਹੈ। ਭਾਵ ਕਰਮ ਤੋਂ ਬਿਨਾ ਰਿਜਲਟ ਨਹੀਂ ਤੇ ਗਿਆਨ ਤੋਂ ਬਿਨਾ ਕਰਮ ਨਹੀਂ ਹੈ। ਜੇਕਰ ਕਿਸੇ ਚੀਜ਼ ਦੀ ਇਨਸਾਨ ਨੂੰ ਨਾਲੇਜ ਨਹੀਂ ਹੈ ਤਾਂ ਉਸਦੇ ਲਈ ਕਰਮ ਕਿਵੇਂ ਕਰੇਗਾ ਤੇ ਕਰਮ ਨਹੀਂ ਕਰਨਾ ਤਾਂ ਉਸ ਨੂੰ ਪ੍ਰਾਪਤ ਕਿਵੇਂ ਕਰੇਗਾ।
ਭਗਵਾਨ ਦੇ ਨਾਮ ਦਾ ਜਾਪ ਕਰਨ ਲਈ ਸਮਾਂ ਤੈਅ ਕਰਨਾ ਪਵੇਗਾ
ਪੂਜਨੀਕ ਗੁਰੂ ਜੀ ਨੇ ਉਦਾਹਰਨ ਵਜੋਂ ਫ਼ਰਮਾਇਆ ਕਿ ਜਿਸ ਤਰ੍ਹਾਂ ਡਿਗਰੀ ਹਾਸਲ ਕਰਨ ਲਈ ਪੜ੍ਹਨਾ ਪੈਂਦਾ ਹੈ ਤੇ ਜ਼ਿੰਦਗੀ ਦੇ 20-25 ਸਾਲ ਲਾਉਣੇ ਪੈਂਦੇ ਹਨ। ਤਦ ਜਾ ਕੇ ਡਿਗਰੀ ਜਾਂ ਮਾਸਟਰ ਡਿਗਰੀ ਹੱਥ ’ਚ ਆਉਂਦੀ ਹੈ। ਜਦੋਂ ਇੱਕ ਦੁਨਿਆਵੀ ਡਿਗਰੀ ਸਿੱਧੀ ਨਹੀਂ ਮਿਲ ਸਕਦੀ ਤਾਂ ਪਰਮਾਤਮਾ ਦੇ ਦਰਸ਼-ਦੀਦਾਰ ਸਿੱਧੇ ਕਿਵੇਂ ਹੋ ਸਕਦੇ ਹਨ। ਪਰਮਾਤਮਾ ਦੇ ਦਰਸ਼-ਦੀਦਾਰ ਲਈ ਵੀ ਮਨੁੱਖ ਨੂੰ ਪ੍ਰਭੂ ਦੇ ਨਾਮ ਦਾ ਜਾਪ ਕਰਨਾ ਪਵੇਗਾ, ਭਗਵਾਨ ਦੇ ਨਾਮ ਦਾ ਜਾਪ ਕਰਨ ਲਈ ਸਮਾਂ ਤੈਅ ਕਰਨਾ ਪਵੇਗਾ। ਇਹ ਸਭ ਸਾਡੇ ਧਰਮ ਗ੍ਰੰਥਾਂ ’ਚ ਲਿਖਿਆ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ