ਪਿਛਲੇ ਛੇ ਮਹੀਨਿਆਂ ਤੋਂ ਵੱਡੇ ਪੱਧਰ ਤੇ ਹੈਰੋਇਨ ਦੀ ਕਰ ਰਿਹਾ ਸੀ ਸਮਗਲਿੰਗ
ਸਤਪਾਲ ਥਿੰਦ
ਫਿਰੋਜ਼ਪੁਰ, 7 ਦਸੰਬਰ ।
ਕਾਂਊਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ 265 ਗ੍ਰਾਮ ਹੈਰੋਇਨ ਅਤੇ 13.70 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਸਮੱਗਲਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਫੜਿਆ ਗਿਆ ਸਮੱਗਲਰ ਪਿਛਲੇ ਛੇ ਮਹੀਨਿਆਂ ਤੋਂ ਹੈਰੋਇਨ ਦੀ ਸਮੱਗਲਿੰਗ ਕਰ ਰਿਹਾ ਸੀ।
ਇਸ ਸਬੰਧੀ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈ ਦੇ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਸਬ ਇੰਸਪੈਕਟਰ ਤਰਲੋਚਨ ਸਿੰਘ, ਏਐੱਸਆਈ ਜਤਿੰਦਰ ਸਿੰਘ ਜਦੋਂ ਪਿੰਡ ਅਟਾਰੀ ਤੋਂ ਵਾਹਗਾ ਆਦਿ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਪੁਲਿਸ ਪਾਰਟੀ ਬੰਨ ਦਰਿਆ ਪਿੰਡ ਵਕੀਲਾਂਵਾਲੀ ਕੋਲ ਪਹੁੰਚੀ ਤਾਂ ਦਰਿਆ ਦੇ ਬੰਨੇ – ਬੰਨੇ ਸਾਹਮਣੀ ਤਰਫੋਂ ਆ ਰਹੀ ਇੱਕ ਕਾਰ ਸਾਵਿੱਫਟ ਨੰਬਰ ਪੀਬੀ 05 ਕਿਯੂ 1513 ਦਾ ਚਾਲਕ ਪੁਲਿਸ ਨੂੰ ਵੇਖ ਕੇ ਇਕ ਦਮ ਕਾਰ ਪਿਛੇ ਵੱਲ ਮੋੜ ਕੇ ਭਜਾਉਣ ਲੱਗਾ ਤਾਂ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਕਾਰ ਚਾਲਕ ਗੁਰਵਿੰਦਰ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਬਸਤੀ ਰਾਮ ਲਾਲ ਜ਼ਿਲਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸਦੇ ਪਹਿਨੀ ਪੈਂਟ ਦੀ ਸੱਜੀ ਜੇਬ ਵਿੱਚੋਂ ਮੋਮੀ ਲਿਫਾਫੇ ਵਿੱਚ ਪਾਈ 265 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੇ ਬਾਅਦ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿਚੋ 13 ਲੱਖ 70 ਹਜ਼ਾਰ ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬਰਾਮਦ ਹੋਈ।
ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਫੜੇ ਗਏ ਸਮੱਗਲਰ ਗੁਰਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨਿਆ ਕਿ ਉਹ ਪਿਛਲੇ 6 ਮਹੀਨੇ ਤੋਂ ਵੱਡੇ ਪੱਧਰ ਤੇ ਹੈਰੋਇਨ ਦੀ ਸਮਗਲਿੰਗ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਗੁਰਵਿੰਦਰ ਸਿੰਘ ਖਿਲਾਫ਼ ਇੰਟੈਲੀਜੈਂਸ ਵਿੰਗ ਦੇ ਨਵੇਂ ਬਣਾਏ ਗਏ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫਾਜ਼ਿਲਕਾ ਵਿਖੇ ਐਨ.ਡੀ.ਪੀ.ਐੱਸ ਤਹਿਤ ਮਾਮਲਾ ਕਰਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।