ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਹਜ਼ਾਰਾਂ ਮੁਲਾਜ਼ਮਾਂ ਦੇ ਵਿੱਤ ਮੰਤਰੀ ਪੰਜਾਬ ਨੂੰ ਸੌਂਪੇ ਜਾਣਗੇ ਹਸਤਾਖਰ
- ਹਸਤਾਖਰ ਮੁਹਿੰਮ ਲਈ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ
ਫਰੀਦਕੋਟ , (ਸੁਭਾਸ਼ ਸ਼ਰਮਾ)। ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ । ਪੰਜਾਬ ਵਿੱਚ ਹੁਕਮਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਵਾਅਦਾ ਕੀਤਾ ਸੀ ਕਿ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕੀਤੀ ਜਾਵੇਗੀ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਹ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ ।
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਅਧਿਆਪਕਾਂ ਵੱਲੋਂ ਦਸਤਖਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਹਸਤਾਖਰ ਮੁਹਿੰਮ ਲਈ ਮੁਲਾਜ਼ਮਾਂ ਵਿਚ ਭਾਰੀ ਉਤਸ਼ਾਹ ਹੈ । ਇਹ ਜਾਣਕਾਰੀ ਦਿੰਦੇ ਹੋਏ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ, ਕੋ-ਕਨਵੀਨਰ ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਹਿਗੜ੍ਹ ਸਾਹਿਬ, ਕੰਵਲਜੀਤ ਸਿੰਘ ਰੋਪੜ, ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ , ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਕੁਲਦੀਪ ਸਿੰਘ ਸਹਿਦੇਵ , ਧਰਮਿੰਦਰ ਸਿੰਘ , ਨਿਰਮਲ ਸਿੰਘ , ਬੇਅੰਤ ਸਿੰਘ ਮੌੜ , ਚਰਨਜੀਤ ਸਿੰਘ ਚੱਕ ਕਲਿਆਣ , ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਤੇ ਸੂਬਾਈ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਕਿ ਜਨਵਰੀ 2004 ਤੋਂ ਬਾਅਦ ਲਾਗੂ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਨਾਲ ਮੁਲਾਜ਼ਮ ਦਾ ਬੁਢਾਪੇ ਵਿੱਚ ਗੁਜਾਰਾ ਕਰਨਾ ਅਸੰਭਵ ਹੋ ਜਾਵੇਗਾ ।
ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਉਪਰੰਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਾਵੇਗੀ ਪਰ ਪੰਜਾਬ ਸਰਕਾਰ ਵੱਲੋਂ ਇਸ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ| ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੱਥੇਬੰਦੀ ਵੱਲੋਂ ਪਿਛਲੇ ਚਾਰ ਮਹੀਨਿਆਂ ਵਿੱਚ 4 ਜ਼ੋਨਲ ਕਨਵੈਨਸ਼ਨਾਂਂ ਕੀਤੀਆਂ ਜਾ ਚੁੱਕੀਆਂ ਹਨ । ਮੋਰਚੇ ਵੱਲੋਂ 28 ਜੂਨ ਨੂ੍ੱ ਮੋਹਾਲੀ ਵਿਖੇ ਕੀਤੀ ਗਈ ਸੂਬਾ ਪੱਧਰੀ ਰੈਲੀ ਦੌਰਾਨ ਸਿਵਲ ਪ੍ਰਸ਼ਾਸਨ ਮੋਹਾਲੀ ਵੱਲੋਂ ਜਲਦੀ ਹੀ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਲਗਭਗ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੂਰਾ ਨਹੀਂ ਹੋਇਆ ।
ਆਗੂਆਂ ਨੇ ਅੱਗੇ ਦੱਸਿਆ ਕਿ ਹੁਣ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਵੱਲੋਂ 13 ਅਗਸਤ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ ਦੇ ਘਰ ਵੱਲ ਨੂੰ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ| ਤੇ ਹਜ਼ਾਰਾਂ ਮੁਲਾਜ਼ਮਾਂ ਵੱਲੋ ਇਸ ਮੰਗ ਦੀ ਪ੍ਰਾਪਤੀ ਲਈ ਕੀਤੇ ਗਏ ਦਸਤਖ਼ਤ ਵਿੱਤ ਮੰਤਰੀ ਪੰਜਾਬ ਨੂੰ ਸੌਂਪੇ ਜਾਣਗੇ । ਇਸ ਮੌਕੇ’ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਗੁਰਿੰਦਰ ਸਿੰਘ ਮਨੀ ,ਸੋਹਣ ਸਿੰਘ ਪੱਖੀ ,ਰਾਕੇਸ਼ ਕਟਾਰੀਆ ,ਦਵਿੰਦਰ ਸਿੰਘ ਗਿੱਲ , ਰੇਸ਼ਮ ਸਿੰਘ ਸਰਾਂ , ਨਵਲ ਕਿਸ਼ੋਰ , ਰੇਸ਼ਮ ਸਿੰਘ ਸਰਾਂ ਤੇ ਜਸਕਰਨ ਸਿੰਘ ਫ਼ਰੀਦਕੋਟ ਆਦਿ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ