ਅਸੀਂ ਪੜ੍ਹਨੀ ਮੁਹਾਰਨੀ,
ਉੜਾ ਐੜਾ ਪਾਈ ਜਾਣਾ।
ਵਾਰੀ-ਵਾਰੀ ਲਿਖ ਲੈਣਾ,
ਉਹੀ ਫਿਰ ਢਾਈ ਜਾਣਾ।
ਸਲੇਟ ਉੱਤੇ ਥੁੱਕ ਕੇ ਤੇ,
ਹੱਥ ਨੂੰ ਘਸਾਈ ਜਾਣਾ।
ਸਲੇਟੀ ਅਤੇ ਗਾਚੀ
ਲੱਗਣੀ ਸਵਾਦ ਸਾਨੂੰ,
ਝੋਲੇ ਵਿੱਚ ਮੂੰਹ ਪਾ ਕੇ,
ਚੋਰੀ-ਚੋਰੀ ਖਾਈ ਜਾਣਾ।
ਜੈ ਹਿੰਦ ਕਹਿਣਾ ਮੱਥੇ
ਉੱਤੇ ਹੱਥ ਰੱਖ,
ਇੱਕ ਨੰਬਰ ਦੋ ਨੰਬਰ
ਮੈਡਮ ਨੂੰ ਸਤਾਈ ਜਾਣਾ।
ਕਈ ਵਾਰੀ ਕੰਨ ਫੜ
ਕੁੱਕੜ ਸੀ ਬਣੇ ਅਸੀਂ,
ਮੰਨਣੀ ਨਾ ਸ਼ਰਮ ਭੋਰਾ
ਹੱਸੀ ਤੇ ਹਸਾਈ ਜਾਣਾ।
ਕਰਨਾ ਨਾ ਕੰਮ
ਅਸੀਂ ਜੇ ਸਕੂਲ ਦਾ,
ਭੈਣ ਜੀ ਨੇ ਸਾਥੋਂ ਬੈਠਕਾਂ
ਕਢਾਈ ਜਾਣਾ।
ਇੱਕ ਦੋ ਤਿੰਨ ਨਾਲੇ
ਅਸੀਂ ਬੋਲਣਾ
ਭੈਣ ਜੀ ਨੇ ਬੈਠ ਕੇ
ਡੰਡੇ ਨੂੰ ਹਲਾਈ ਜਾਣਾ।
ਘੰਟੀ ਜਦੋਂ ਵੱਜਣੀ
ਜਾ ਕੇ ਗਰਾਊਂਡ ਵਿੱਚ,
ਚੋਰ ਤੇ ਸਿਪਾਹੀ ਕਹਿ
ਇੱਕ-ਦੂਜੇ ਨੂੰ ਭਜਾਈ ਜਾਣਾ।
ਮੋਢੇ ਵਿੱਚ ਝੋਲਾ ਤੇ
ਹੱਥ ਵਿੱਚ ਫੱਟੀ ਹੋਣੀ,
ਕਮਲਿਆਂ ਵਾਂਗੰੂ ਉਸ ਨੂੰ
ਘੁਮਾਈ ਜਾਣਾ।
ਆੜੀ ਟੂ ਕਰਕੇ
ਫੇਰ ਅਸੀਂ ਪਾ ਲੈਣੀ,
ਸਭ ਕੁਝ ਭੁੱਲ ਇੱਕ-ਦੂਜੇ
ਨੂੰ ਬੁਲਾਈ ਜਾਣਾ।
ਹਰਪ੍ਰੀਤ ਪੱਤੋ ਉਹ ਦਿਨ
ਹੀ ਨਿਰਾਲੇ ਸੀ।
ਦੱਸ ਦੇਣਾ ਸਾਰਿਆਂ ਨੂੰ
ਨਾਲੇ ਚੀਜ਼ ਨੂੰ ਛੁਪਾਈ ਜਾਣਾ।
ਹਰਪ੍ਰੀਤ ਪੱਤੋ, ਪੱਤੋ ਹੀਰਾ ਸਿੰਘ, ਮੋਗਾ।
ਮੋ. 94658-21417