ਪੁਲਿਸ ਪ੍ਰਸ਼ਾਸਨ ਡਟਿਆ, ਮੈਡੀਕਲ ਸੁਪਰਡੈਂਟ ਦੀ ਨਾ ਮੰਨੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਠੇਕਾ ਅਧਾਰਿਤ ਨਰਸਿੰਗ ਅਤੇ ਐਨਸਿਲਰੀ ਸਟਾਫ਼ ਵੱਲੋਂ ਆਪਣੇ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ ਗੁਪਤ ਐਕਸ਼ਨ ਕਰਦਿਆ ਛੇ ਨਰਸਾਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਸਿਖਰਲੀ ਛੱਤ ਤੇ ਚੜ੍ਹਗੀਆਂ। ਜਦਕਿ ਦੂਜੇ ਪਾਸੇ ਹੋਰ ਨਰਸਾਂ, ਐਨਸਿਲਰੀ ਸਟਾਫ਼ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਵੱਲੋਂ ਹੇਠਾ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨਰਸਾਂ ਦੇ ਇਸ ਐਕਸਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅੰਦਰ ਭਾਜੜ ਮੱਚ ਗਈ। ਇਸ ਮੌਕੇ ਇਨ੍ਹਾਂ ਨਰਸਾਂ ਅਤੇ ਕੱਚੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਨੂੰ ਪੱਕਾ ਨਾ ਕੀਤਾ ਤਾ ਹਰੇਕ ਪੰਜ-ਪੰਜ ਆਗੂ ਭਾਖੜਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨਗੇ। ਉਂਜ 7 ਫਰਵਰੀ ਨੂੰ ਇਨ੍ਹਾਂ ਨਰਸਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ਵੀ ਹੋਣੀ ਹੈ।
ਜਾਣਕਾਰੀ ਅਨੁਸਾਰ ਠੇਕੇ ‘ਤੇ ਰੱਖੀਆਂ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਆਪਣਾ ਪੱਕਾ ਹੋਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਵਿੱਢਿਆ ਜਾ ਰਿਹਾ ਹੈ। ਪਿਛਲੀ ਬਾਦਲ ਸਰਕਾਰ ਮੌਕੇ ਵੀ ਨਰਸਿੰਗ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਕਿ ਬਚਾ ਲਿਆ ਗਿਆ ਸੀ। ਇਨ੍ਹਾਂ ਵੱਲੋਂ ਕੱਲ ਵੀ ਮੋਤੀ ਮਹਿਲਾਂ ਨੇੜੇ ਧਰਨਾ ਦਿੱਤਾ ਗਿਆ ਸੀ ਅਤੇ 7 ਫਰਵਰੀ ਨੂੰ ਇਨ੍ਹਾਂ ਦੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਵੀ ਰਖਵਾ ਦਿੱਤੀ ਸੀ। ਮੀਟਿੰਗ ਤੋਂ ਇੱਕ ਦਿਨ ਪਹਿਲਾ ਅੱਜ ਸਵੇਰੇ ਨਰਸਿੰਗ ਸਟਾਫ਼ ਦੀਆਂ ਛੇ ਨਰਸਾਂ ਸੰਦੀਪ ਕੌਰ ਬਰਨਾਲਾ, ਮਨਪ੍ਰੀਤ ਸਿੱਧੂ, ਗੁਰਮੀਤ ਰਾਏਕੋਟ, ਰੁਪਿੰਦਰ ਕੌਰ ਬੁਢਲਾਡਾ, ਗੁਰਪ੍ਰੀਤ ਕੌਰ, ਬਲਜੀਤ ਕੌਰ ਖਾਲਸਾ ਮੈਡੀਕਲ ਸੁਪਡੈਂਟ ਦੇ ਦਫ਼ਤਰ ਉੱਪਰਲੀ ਛੱਤ ਤੇ ਚੜ੍ਹ ਗਈਆਂ। ਇਨ੍ਹਾਂ ਵੱਲੋਂ ਉੱਪਰ ਚੜਨ ਲਈ ਆਪਣੀ ਹੀ ਪੌੜੀ ਵਰਤੀ ਗਈ ਅਤੇ ਇਸ ਤੋਂ ਬਾਅਦ ਉਸ ਨੂੰ ਆਪਣੇ ਕੋਲ ਉੱਪਰ ਹੀ ਰੱਖ ਲਿਆ ਗਿਆ। ਛੱਤ ‘ਤੇ ਬੈਠੀ ਸੰਦੀਪ ਕੌਰ ਬਰਨਾਲਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਵੀ ਮੀਟਿੰਗ ਤੇ ਵਿਸ਼ਵਾਸ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਹੋਵੇ ਕਿਉਂਕਿ ਰੈਗੂਲਰ ਦਾ ਫੈਸਲਾ ਤਾ ਉਨ੍ਹਾਂ ਨੇ ਹੀ ਕਰਨਾ ਹੈ। ਉਨ੍ਹਾਂ ਕਿਹਾ ਕਿ 12-13 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਦਕਿ ਪਿਛਲੀ ਸਰਕਾਰ ਮੌਕੇ ਲਿਖਤੀ ਦਿੱਤਾ ਗਿਆ ਸੀ ਕਿ 33 ਫੀਸਦੀ ਇੰਕਰੀਮੈਂਟ ਦੀਆਂ ਤਿੰਨ ਕਿਸਤਾਂ ਤੋਂ ਬਾਅਦ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇੱਧਰ ਜਥੇਬਦੀ ਦੀ ਸੁਬਾ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਇੱਕ ਦੋਂ ਦਿਨਾਂ ਅੰਦਰ ਪੱਕਾ ਨਾ ਕੀਤਾ ਤਾ ਨਰਸਿੰਗ ਸਟਾਂਫ਼, ਐਨਸਿਲਰੀ ਸਟਾਫ਼ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਪੰਜ -ਪੰਜ ਜਣੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸੀ ਕਰਨਗੇ, ਕਿਉਂਕਿ ਹੋਰ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਵੱਲੋਂ ਖੁਦ ਸਰਕਾਰ ਤੋਂ ਪਹਿਲਾ ਉਨ੍ਹਾਂ ਦੇ ਧਰਨੇ ਵਿੱਚ ਪੁੱਜ ਕੇ ਸਰਕਾਰ ਆਉਣ ਤੇ ਪੱਕਾ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਇੱਧਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਨਰਸਾਂ ਨੂੰ ਉੱਪਰ ਜਾਕੇ ਮੀਟਿੰਗ ਦੀ ਗੱਲ ਆਖੀ ਗਈ, ਪਰ ਉਹ ਪੱਕੇ ਆਰਡਰਾਂ ਤੱਕ ਅੜ ਗਈਆਂ। ਇੱਧਰ ਮਰੀਜ਼ਾਂ ਨੂੰ ਨਰਸਾਂ ਦੀ ਹੜ੍ਹਤਾਲ ਕਾਰਨ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਸਪਤਾਲ ਅੰਦਰ ਸਿਖਾਦਰੂਆਂ ਤੋਂ ਕੰਮ ਲਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।