ਜੁਮੇ ਸਬੰਧੀ ਪੁਲਿਸ ਅਲਰਟ, ਹੁਣ ਤੱਕ 93 ਐੱਫਆਈਆਰ | Nuh Violence
ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਨੂਹ ’ਚ ਹੋਈ ਹਿੰਸਾ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਨੂਹ, ਪਲਵਲ, ਫਰੀਦਾਬਾਦ ਅਤੇ ਗੁਰੂਗ੍ਰਾਮ ’ਚ ਤਣਾਅ ਕਾਰਨ ਉਥੇ ਅਰਧ ਸੈਨਿਕ ਬਲ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰਿਆਣਾ ਦੇ ਨੂਹ ’ਚ ਸੋਮਵਾਰ ਨੂੰ ਹੋਈ ਹਿੰਸਾਂ ਦੇ ਮਾਮਲੇ ’ਚ ਗਿ੍ਰਫਤਾਰ ਦੋਸ਼ੀਆਂ ਨੂੰ ਪੁਲਿਸ ਕੋਰਟ ਲੈ ਕੇ ਪਹੁੰਚੀ ਹੈ। (Nuh Violence)
ਪੁਲਿਸ ਸੂਤਰਾਂ ਅਨੁਸਾਰ ਦੋਸ਼ੀਆਂ ਨੂੰ ਪੁਲਿਸ ਪੰਜ ਦਿਨ ਦੀ ਰਿਮਾਂਡ ’ਤੇ ਲੈਣ ਦੀ ਮੰਗ ਕਰੇਗੀ। ਇਸ ਵਿਚਕਾਰ ਹਰਿਆਣਾ ਸਰਕਾਰ ਨੇ ਸਥਿਤੀ ਸੰਭਾਲਣ ਲਈ ਸੈਕਿੰਡ ਇੰਡੀਆ ਰਿਜਰਵ ਬਟਾਲੀਅਨ ਦਾ ਹੈੱਡਕੁਆਟਰ ਨੂਹ ਜ਼ਿਲ੍ਹੇ ’ਚ ਸ਼ਿਫਟ ਕਰ ਦਿੱਤਾ ਹੈ। ਇਸ ਬਟਾਲੀਅਨ ’ਚ ਇੱਕ ਹਜ਼ਾਰ ਜਵਾਨ ਹਨ। ਨੂਹ ’ਚ ਬੁੱਧਵਾਰ ਦੇਰ ਰਾਤ ਕਰਫਿਊ ਦੌਰਾਨ ਤਾਵੜੂ ਇਲਾਕੇ ’ਚ ਕੁਝ ਲੋਕਾਂ ਨੇ 2 ਧਾਰਮਿਕ ਸਥਾਨਾਂ ’ਤੇ ਅੱਗ ਲਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਸੰਭਾਲੀ।
ਪਲਵਲ ’ਚ ਬੁੱਧਵਾਰ ਰਾਤ 3 ਦੁਕਾਨਾਂ, 2 ਧਾਰਮਿਕ ਸਥਾਨਾਂ ਅਤੇ ਇੱਕ ਆਟੋ ’ਚ ਅੱਗ ਲਾ ਦਿੱਤੀ ਗਈ। ਪੁਲਿਸ ਨੇ 5 ਐੱਫਆਈਆਰ ਦਰਜ ਕੀਤੀਆਂ ਹਨ। ਨੂਹ, ਪਲਵਲ, ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਸੋਹਨਾ, ਮਾਨੇਸਰ ਅਤੇ ਪਟੌਦੀ ’ਚ 5 ਅਗਸਤ ਤੱਕ ਇੰਟਰਨੈੱਟ ਅਤੇ ਰਟਰ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਹਾਲਾਂਕਿ ਸੀਈਟੀ ਸਕ੍ਰੀਨਿੰਗ ਟੈਸਟ ਨੂੰ ਦੇਖਦੇ ਹੋਏ ਵੀਰਵਾਰ ਦੁਪਹਿਰ 1 ਵਜੇ ਤੋਂ 4 ਵਜੇ ਤੱਕ 3 ਘੰਟੇ ਲਈ ਬੈਨ ਹਟਾਇਆ ਗਿਆ।
ਹਰਿਆਣਾ ਦੇ ਕਈ ਹਿੱਸਾਂ ’ਚ ਜਾਰੀ ਹਿੰਸਾ ਵਿਚਕਾਰ ਮੁਸਲਿਮ ਸੰਗਠਨਾਂ ਨੇ ਮੁਸਲਮਾਨਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਸੰਗਠਨਾ ਵੱਲੋਂ ਕਿਹਾ ਗਿਆ ਹੈ ਕਿ ਜੁਮੇ ’ਤੇ ਖਦਸ਼ਾ ਹੈ ਕਿ ਕੁਝ ਸ਼ਰਾਰਤੀ ਅਨਸਰ ਸ਼ਾਂਤੀ ਭੰਗ ਕਰ ਸਕਦੇ ਹਨ। ਗੁਰੂਗ੍ਰਾਮ ਦੇ ਮੁਸਲਮਾਨਾਂ ਨੂੰ ਆਖਿਆ ਗਿਆ ਹੈ ਕਿ ਜੁਮੇ ਦੀ ਨਮਾਜ ਲਈ ਦੂਰ ਨਾ ਜਾਣ। ਹਿੰਸਾ ਤੋਂ ਬਾਅਦ ਮਜ਼ਦੂਰਾਂ ਤੋਂ ਇਲਾਵਾ ਗੁਰੂਗ੍ਰਾਮ ਦੇ ਦੂਜੇ ਰਿਹਾਇਸ਼ੀ ਇਲਾਕਿਆਂ ਤੋਂ ਵੀ ਲੋਕ ਪਲਾਇਨ ਕਰ ਰਹੇ ਹਨ। ਲੋਕ ਆਪਣੇ ਘਰਾਂ ਅਤੇ ਕੋਠੀਆਂ ਨੂੰ ਤਾਲਾ ਲਾ ਕੇ ਨਿਕਲ ਗਏ ਹਨ।
ਹਿੰਸਾ ’ਚ ਹੁਣ ਤੱਕ 7 ਮੌਤਾਂ
ਹਿੰਸਾ ’ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਨਾਂ ’ਚ 2 ਹੋਮਗਾਰਡ ਗੁਰਸੇਵਕ ਅਤੇ ਨੀਰਜ, ਨੂਹ ਦੇ ਸ਼ਕਤੀ, ਪਾਣੀਪਤ ਦੇ ਅਭਿਸ਼ੇਕ, ਗੁਰੂਗ੍ਰਾਮ ਦੇ ਇਮਾਮ, ਬਾਦਸ਼ਾਹਪੁਰ ਦੇ ਪ੍ਰਦੀਪ ਸ਼ਰਮਾ ਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਹਿੰਸਾ ਤੋਂ ਬਾਅਦ ਧਾਰਾ 144 ਲਾਗੂ ਹੈ। ਪੁਲਿਸ ਨੇ ਕੁੱਲ 93 ਕੇਸ ਦਰਜ ਕੀਤੇ ਹਨ। ਹੁਣ ਤੱਕ 176 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਐੱਸਆਈਟੀ ਜਾਂਚ ’ਚ ਜੁਟੀ | Nuh Violence
ਹਰਿਆਣਾ ਦੇ ਮੇਵਾਤ ’ਚ ਹਿੰਸਾ ਦੇ ਪਿੱਛੇ ਵੱਡੀ ਸਾਜ਼ਿਸ਼ ਮੰਨਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਹਰਿਆਣਾ ਦੇ ਡੀਜੀਪੀ ਪੀਕੇ ਅਗ੍ਰਵਾਲ ਨੇ ਕਿਹਾ ਕਿ ਅਸੀਂ ਕਈ ਐੱਸਆਈਟੀ ਬਣਾਈ ਹੈ। ਹਰ ਐੱਸਆਈਟੀ 7-8 ਕੇਸ ਦੇਖੇਗੀ ਅਤੇ ਜਾਂਚ ਕਰੇਗੀ। ਨੂਹ ’ਚ ਇੱਕ ਧਾਰਮਿਕ ਯਾਤਰ ’ਤੇ ਹਮਲੇ ਦੌਰਾਨ ਭੀੜ ਨੇ ਨੂਹ ਦਂ ਇੱਕ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਗੱਡੀ ’ਤੇ ਹਮਲਾ ਕਰਕੇ ਉਸ ਨੂੰ ਅੱਗ ਲਾ ਦਿੱਤੀ। ਹਮਲੇ ’ਚ ਜੱਜ ਅਤੇ ਉਨ੍ਹਾਂ ਦੀ ਤਿੰਨ ਸਾਲਾਂ ਦੀ ਬੇਝੀ ਵਾਲ-ਵਾਲ ਬਚ ਗਈ। ਇੱਕ ਐੱਫਆਈਆਰ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ’ਤੇ ਰਹੇਗੀ ਤਿੱਖੀ ਨਜ਼ਰ
ਸੋਸ਼ਲ ਮੀਡੀਆ ’ਤੇ ਅਫਵਾਹ ਫੈਲਾਉਣ ਵਾਲਿਆਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਤਿੱਖੀ ਨਜ਼ਰ ਰੱਖੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਇਸ ਮਾਮਲੇ ਸਬੰਧੀ ਲਗਾਤਾਰ ਮਾਨੀਟਰਿੰਗ ਕਰਦੇ ਹੋਏ ਅਫਵਾਹ ਫੈਲਾਉਣ ਵਾਲਿਆਂ ’ਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ 3 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।