ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਦਸ ਸਾਲ ਦੀ ਕੈਦ ਦਾ ਫੈਸਲਾ
ਇਨਸਾਫ਼ ਲੈਣ ਲਈ ਉੱਚ ਅਦਾਲਤ ਜਾਵਾਂਗੇ : ਭਰਾ
ਕਾਤਲ ਨੂੰ ਸ਼ੁਰੂ ਤੋਂ ਹੀ ਦੱਸਿਆ ਜਾ ਰਿਹਾ ਹੈ ਮਾਨਸਿਕ ਰੋਗੀ
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
28 ਅਕਤੂਬਰ 2016 ਨੂੰ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦੇ ਰਹਿਣ ਵਾਲੇ ਨੌਜਵਾਨ ਮਨਮੀਤ ਅਲੀਸ਼ੇਰ ਕਾਤਲ ਐਂਥਨੀ ਡੋਨਹੂ ਨੂੰ ਅੱਜ ਆਸਟਰੇਲੀਆ ਦੀ ਇੱਕ ਅਦਾਲਤ ਨੇ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਆਸਟਰੇਲੀਅਨ ਅਦਾਲਤ ਦਾ ਇਹ ਫੈਸਲਾ ਉੱਥੇ ਰਹਿੰਦੇ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਮਨਮੀਤ ਦੇ ਪਰਿਵਾਰਕ ਮੈਂਬਰਾਂ ਦੇ ਗੱਲ ਹੇਠਾਂ ਨਹੀਂ ਉਤਰ ਰਿਹਾ ਕਿਉਂਕਿ ਇਸ ਘਿਣਾਉਣੇ ਕਤਲ ਸਬੰਧੀ ਕਾਤਲ ਨੂੰ ਸਖ਼ਤ ਸਜ਼ਾ ਦੀ ਆਸ ਪ੍ਰਗਟਾਈ ਜਾ ਰਹੀ ਸੀ। ਮਨਮੀਤ ਨੂੰ ਉਸ ਕਾਤਲ ਡੋਨਹੂ ਵੱਲੋਂ ਏਨੇ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਸੀ ਕਿ ਸਮੁੱਚੇ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਸਨ। ਮਨਮੀਤ ‘ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਡਰਾਈਵਰ ਦੇ ਤੌਰ ‘ਤੇ ਆਪਣੀ ਬੱਸ ਲੈ ਕੇ ਜਾ ਰਿਹਾ ਸੀ ਅਤੇ ਉਸ ‘ਤੇ ਪੈਟਰੋਲ ਤੇ ਡੀਜ਼ਲ ਦੇ ਮਿਸ਼ਰਣ ਉਸ ਦੇ ਉੱਪਰ ਛਿੜਕ ਕੇ ਉਸ ਨੂੰ ਅੱਗ ਦੀਆਂ ਲਪਟਾਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ ਸੀ।
ਬੇਸ਼ੱਕ ਮਨਮੀਤ ਦੇ ਕਾਤਲ ਨੂੰ ਸ਼ੁਰੂ ਤੋਂ ਹੀ ਮਾਨਸਿਕ ਰੋਗੀ ਕਿਹਾ ਜਾ ਰਿਹਾ ਸੀ ਪਰ ਉੱਥੇ ਵੱਸਦਾ ਭਾਈਚਾਰਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ ‘ਤੇ ਨਸਲੀ ਹਮਲਾ (ਰੇਸਿਜ਼ਮ) ਹੈ ਭਾਈਚਾਰੇ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਕਾਤਲ ਮਨੋਰੋਗੀ ਹੈ ਤਾਂ ਉਸ ਨੂੰ ਪੈਟਰੋਲ ਤੇ ਡੀਜ਼ਲ ਦੇ ਮਿਸ਼ਰਣ ਦੀ ਕਾਢ ਕੱਢਣ ਬਾਰੇ ਕਿਵੇਂ ਇਲਮ ਹੋ ਗਿਆ।
ਮਨਮੀਤ ਦੇ ਕਾਤਲ ਨੂੰ ਫਾਹੇ ਟੰਗਣਾ ਚਾਹੀਦਾ ਸੀ : ਅਮਿਤ ਅਲੀਸ਼ੇਰ
ਇਸ ਸਬੰਧੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਮਨਮੀਤ ਅਲੀਸ਼ੇਰ ਦੇ ਭਰਾ ਅਮਿਤ ਅਲੀਸ਼ੇਰ ਜਿਹੜੇ ਅਦਾਲਤੀ ਫੈਸਲਾ ਸੁਣਨ ਲਈ ਆਸਟਰੇਲੀਆ ਗਏ ਹੋਏ ਹਨ, ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਮਨਮੀਤ ਦੇ ਕਾਤਲ ਨੂੰ ਸੁਣਾਈ ਗਈ ਦਸ ਸਾਲ ਦੀ ਸਜ਼ਾ ਬਹੁਤ ਹੀ ਨਿਗੂਣੀ ਹੈ ਕਿਉਂਕਿ ਇਹ ਸਿੱਧਾ ਨਸਲੀ ਹਮਲਾ ਸੀ, ਕਾਤਲ ਵੱਲੋਂ ਸੋਚ ਸਮਝ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੈਸਲਾ ਸੁਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਉਨ੍ਹਾਂ ਨੂੰ ਆਸ ਸੀ ਕਿ ਇਸ ਵਹਿਸ਼ੀ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ਼ ਲਈ ਅਗਲੀ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਅਮਿਤ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਾਮ ਸਰੂਪ ਅਤੇ ਮਾਤਾ ਕ੍ਰਿਸ਼ਨਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਬਹੁਤ ਘੱਟ ਮਿਲੀ ਹੈ।
ਮਨਮੀਤ ‘ਤੇ ਹੋਇਆ ਹਮਲਾ ਨਸਲੀ ਸੀ : ਭਗਵੰਤ ਮਾਨ
ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਮਨਮੀਤ ਅਲੀਸ਼ੇਰ ਆਸਟਰੇਲੀਆ ਵਿੱਚ ਬਹੁਤ ਹੀ ਹਰਮਨ ਪਿਆਰਾ ਸੀ, ਉਹ ਆਪਣੀ ਸਾਫ਼ ਦਿੱਖ ਤੇ ਇਮਾਨਦਾਰੀ ਲਈ ਸਮੁੱਚੇ ਭਾਈਚਾਰੇ ਵਿੱਚ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਅਦਾਲਤ ਵੱਲੋਂ ਮਨਮੀਤ ਦੇ ਕਾਤਲ ਨੂੰ ਦਸ ਸਾਲ ਦੀ ਸਜ਼ਾ ਹੋਣ ਬਾਰੇ ਪਤਾ ਲੱਗਿਆ ਮਨਮੀਤ ਦਾ ਕਤਲ ਨਸਲ-ਭੇਦ ਤਹਿਤ ਹੋਇਆ ਹੈ। ਆਸਟਰੇਲੀਆ ਸਰਕਾਰ ਕਾਤਲ ਨੂੰ ਬਚਾਉਣ ਲਈ ਉਸ ਨੂੰ ਮਾਨਸਿਕ ਰੋਗੀ ਗਰਦਾਨ ਰਹੀ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀ ਅਮਰੀਕਾ, ਕੈਨੇਡਾ, ਅਸਟਰੇਲੀਆ ਵਿੱਚ ਅਜਿਹੇ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਖਿਲਾਫ਼ ਕਦੇ ਵੀ ਸਰਕਾਰ ਜਾਂ ਐਸ.ਜੀ.ਪੀ.ਸੀ. ਨੇ ਕਦੇ ਕੁਝ ਨਹੀਂ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।