ਅਜ਼ਾਦੀ ਦਿਹਾੜੇ ਮੌਕੇ ਮਿਲਣ ਵਾਲੀ ‘ਆਮ ਮੁਆਫ਼ੀ’ ਦੇ ਫੈਸਲੇ ਦੀ ਉਡੀਕ ‘ਚ ਕੈਦੀ

Inmates Await, Decision, General Apology, Freedom Day

ਚੰਗੇ ਵਿਵਹਾਰ ਤੇ ਛੋਟੇ-ਮੋਟੇ ਜੁਰਮਾਂ ਵਾਲੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਇਹ ਮੁਆਫ਼ੀ

ਆਮ ਮੁਆਫ਼ੀ ਨਾਲ ਅਜਿਹੇ ਕੈਦੀਆਂ ਨੂੰ ਮਿਲਦੀ ਹੈ ਵੱਡੀ ਰਾਹਤ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦੇ ਦਿਹਾੜੇ ਮੌਕੇ ਕੈਦੀਆਂ ਤੇ ਬੰਦੀਆਂ ਨੂੰ ਦਿੱਤੀ ਜਾਣ ਵਾਲੀ ‘ਆਮ ਮੁਆਫ਼ੀ’ ਦੇ ਫੈਸਲੇ ਨੂੰ ਲੈ ਕੇ ਜੇਲ੍ਹਾਂ ‘ਚ ਬੰਦ ਵੱਡੀ ਗਿਣਤੀ ਕੈਂਦੀ ਤੇ ਬੰਦੀ ਉਡੀਕ ‘ਚ ਹਨ। ਇਹ ਆਮ ਮੁਆਫ਼ੀ ਜ਼ਿਆਦਾਤਰ ਉਨ੍ਹਾਂ ਕੈਂਦੀ ਜਾਂ ਬੰਦੀਆਂ ਨੂੰ ਦਿੱਤੀ ਜਾਂਦੀ ਹੈ, ਜੋ ਕਿ ਜੇਲ੍ਹਾਂ ਅੰਦਰ ਛੋਟੇ ਮੋਟੇ ਜ਼ੁਰਮਾਂ ਅਧੀਨ ਸਜ਼ਾ ਭੁਗਤ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਤੋਂ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਜੇਲ੍ਹਾਂ ਵਿੱਚ ਬੰਦ ਕੈਂਦੀਆਂ ਤੇ ਬੰਦੀਆਂ ਨੂੰ ਆਮ ਮੁਆਫ਼ੀ ਦਿੱਤੀ ਜਾਂਦੀ ਹੈ, ਜਿਸ ਨਾਲ ਕਿ ਉਨ੍ਹਾਂ ਨੂੰ ਰਾਹਤ ਮਿਲਦੀ ਹੈ। ਇਹ ਆਮ ਮੁਆਫ਼ੀ ਹਰ ਇੱਕ ਕੈਦੀ ਨੂੰ ਨਹੀਂ ਦਿੱਤੀ ਜਾਂਦੀ, ਜਦਕਿ ਇਹ ਮੁਆਫ਼ੀ ਸਿਰਫ਼ ਉਨ੍ਹਾਂ ਕੈਦੀਆਂ ਜਾਂ ਬੰਦੀਆਂ ਨੂੰ ਮਿਲਦੀ ਹੈ, ਜਿਨ੍ਹਾਂ ਦਾ ਜੇਲ੍ਹ ਅੰਦਰ ਵਿਵਹਾਰ, ਚਾਲ ਚਲਣ ਤੇ ਤੌਰ ਤਰੀਕੇ ਸਹੀ ਹਨ।

ਇਸ ਦੇ ਨਾਲ ਇਹ ਮੁਆਫ਼ੀ ਸਿਰਫ਼ ਛੋਟੇ ਮੋਟੇ ਜੁਰਮਾਂ ਅਧੀਨ ਸਜ਼ਾ ਕੱਟ ਰਹੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਜਦਕਿ ਸੰਗੀਨ ਜਾਂ ਅਪਰਾਧਿਕ ਕਿਸਮ ਦੇ ਕੈਦੀਆਂ ਨੂੰ ਇਸ ਆਮ ਮੁਆਫ਼ੀ ਵਿੱਚ ਕੋਈ ਥਾਂ ਨਹੀਂ ਹੈ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਸ ਆਮ ਮੁਆਫ਼ੀ ਵਿੱਚ ਕੇਸ ਦੇ ਅਨੁਸਾਰ 6 ਮਹੀਨੇ ਜਾਂ ਇੱਕ ਸਾਲ ਦੀ ਪਰਵਿਜ਼ਨ ਹੈ, ਜਿਸ ਨਾਲ ਕਿ ਚੰਗੇ ਵਿਵਹਾਰ ਵਾਲੇ ਕੈਦੀ ਨੂੰ ਵੱਡੀ ਰਾਹਤ ਮਿਲਦੀ ਹੈ।

ਉਂਜ ਜ਼ੇਲ੍ਹਾਂ ਅੰਦਰ ਸਰਕਾਰ ਵੱਲੋਂ ਕੈਂਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਾਉਣ ਲਈ ਬਹੁਤ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਨ੍ਹਾਂ ‘ਚ ਸੱਭਿਆਚਰਕ ਪ੍ਰੋਗਰਾਮ, ਯੋਗਾ ਕੈਂਪ, ਜਾਗਰੂਕਤਾ ਕੈਂਪ, ਸਿੱਖਿਆ ਪ੍ਰੋਗਰਾਮ, ਕਾਨੂੰਨੀ ਜਾਗਰੂਕਤਾ ਸਮਾਗਮ ਆਦਿ ਸ਼ਾਮਲ ਹਨ। ਇਸ ਦੌਰਾਨ ਕੈਂਦੀਆਂ ਨੂੰ ਸਰੀਰਕ ਫਿਟਨੈਸ ਸਮੇਤ ਆਪਣੇ ਹੁਨਰ ਨੂੰ ਤਰਾਸ਼ਣ ਲਈ ਹੋਰ ਅਨੇਕਾਂ ਸਮਾਗਮ ਕਰਵਾਏ ਜਾਂਦੇ ਹਨ।

ਇੱਕ ਕੈਦੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਿਨਾਂ ਕਿਸੇ ਕਸੂਰ ਤੋਂ ਹੀ ਜੇਲ੍ਹ ਦੀ ਕੋਠੜੀ ‘ਚ ਸਜ਼ਾ ਭੁਗਤ ਰਿਹਾ ਹੈ ਅਤੇ ਜੇਕਰ ਆਮ ਮੁਆਫ਼ੀ ਆਉਂਦੀ ਹੈ, ਤਾਂ ਉਸ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇੱਧਰ ਇਸ ਮਾਮਲੇ ਸਬੰਧੀ ਜਦੋਂ ਇੱਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਫੈਸਲਾ ਸਰਕਾਰ ਨੇ ਲੈਣਾ ਹੁੰਦਾ ਹੈ ਤੇ ਉਨ੍ਹਾਂ ਵੱਲੋਂ ਤਾਂ ਕੇਸ ਭੇਜ ਦਿੱਤੇ ਜਾਂਦੇ ਹਨ।

ਇਸ ਵਾਰ ਵੀ ਮੁਆਫ਼ੀ ਦੀ ਤਜਵੀਜ਼: ਜੇਲ੍ਹ ਮੰਤਰੀ

ਇਸ ਸਬੰਧੀ ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱÎਸਿਆ ਕਿ ਇਸ ਵਾਰ ਵੀ ਚੰਗੇ ਵਿਵਹਾਰ ਵਾਲੇ ਕੈਦੀਆਂ ਨੂੰ ਸਰਕਾਰ ਵੱਲੋਂ ਆਮ ਮੁਆਫ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਤਿਆਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਵੱਡੇ ਜੁਰਮਾਂ ਵਾਲੇ ਕਿਸੇ ਵੀ ਕੈਦੀ ਨੂੰ ਕੋਈ ਮੁਆਫ਼ੀ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।