ਏਮਜ਼ ਨੂੰ ਸੋਮਵਾਰ ਨੂੰ ਮਿਲੇਗੀ ਹਰੀ ਝੰਡੀ, ਵਾਤਾਵਰਨ ਵਿਭਾਗ ਤੋਂ ਮਿਲੇਗੀ ਕਲੀਅਰੈਂਸ

AIIMS, Green Flag Monday, Maloney, Clearance, Environment, Department

ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਕੋਲ ਰੁਕੀ ਹੋਈ ਸੀ ਫਾਈਲ

ਚੰਡੀਗੜ੍ਹ, ਅਸ਼ਵਨੀ ਚਾਵਲ/ਸੱਚ ਕਹੂੰ ਨਿਊਜ਼

ਬਠਿੰਡਾ ਵਿਖੇ ਤਿਆਰ ਹੋਣ ਵਾਲੇ ਏਮਜ਼ ਨੂੰ ਪੰਜਾਬ ਸਰਕਾਰ ਸੋਮਵਾਰ ਆਖ਼ਰੀ ਫਾਈਲ ਪਾਸ ਕਰਦੇ ਹੋਏ ਹਰੀ ਝੰਡੀ ਦੇਣ ਜਾ ਰਹੀ ਹੈ। ਇਸ ਤੋਂ ਬਾਅਦ ਏਮਜ ਸਬੰਧੀ ਕੋਈ ਵੀ ਕੰਮ ਜਾਂ ਫਿਰ ਫਾਈਲ ਪੰਜਾਬ ਸਰਕਾਰ ਕੋਲ ਪੈਂਡਿੰਗ ਨਹੀਂ ਰਹੇਗੀ। ਇਸ ਏਮਜ ਨੂੰ ਬਣਾਉਣ ਲਈ ਸਰਕਾਰ ਵਲੋਂ ਆਪਣੇ ਹਿੱਸੇ ਦੇ 14.62 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਗਲ ਦੀ ਪੁਸ਼ਟੀ ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀ ਵੱਲੋਂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਬਠਿੰਡਾ ਵਿਖੇ ਕੇਂਦਰ ਸਰਕਾਰ ਵੱਲੋਂ ਏਮਜ਼ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਇਸ ਸਬੰਧੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਬੀਤੇ ਦਿਨੀਂ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਬਦਲੇ ਦੀ ਭਾਵਨਾ ਨੂੰ ਲੈ ਕੇ ਜਾਣ ਬੁੱਝ ਕੇ ਏਮਜ਼ ਦੀਆਂ ਫਾਈਲਾਂ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ ਹੈ।

ਹਰਸਿਮਰਤ ਕੌਰ ਬਾਦਲ ਵਲੋਂ ਇਹ ਦੋਸ਼ ਲਗਾਉਣ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਚੈੱਕ ਕਰਵਾਇਆ ਤਾਂ ਸਾਹਮਣੇ ਆਇਆ ਕਿ ਏਮਜ਼ ਨੂੰ ਹੁਣ ਤੱਕ ਵਾਤਾਵਰਣ ਵਿਭਾਗ ਵੱਲੋਂ ਕਲੀਅਰੈਂਸ ਨਹੀਂ ਦਿੱਤੀ ਗਈ ਹੈ, ਜਿਸ ਦਾ ਕਾਰਨ ਸਿਰਫ਼ ਇੰਨਾ ਹੀ ਸੀ ਕਿ ਬੀਤੇ ਕੁਝ ਦਿਨ ਪਹਿਲਾਂ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਦਾ ਤਬਾਦਲਾ ਹੋਣ ਕਾਰਨ ਫਾਈਲ ਰੁਕੀ ਹੋਈ ਸੀ, ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬਾ ਟਰਾਂਸਪੋਰਟ ਕਮਿਸ਼ਨਰ ਤੇਜਿੰਦਰ ਸਿੰਘ ਧਾਲੀਵਾਲ ਨੂੰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦਾ ਵਾਧੂ ਚਾਰਜ ਦੇ ਦਿੱਤਾ ਹੈ।

ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਤੇਜਿੰਦਰ ਸਿੰਘ ਧਾਲੀਵਾਲ ਨੂੰ ਇਸ ਵਿਭਾਗ ਵਿੱਚ ਲਗਾ ਦਿੱਤਾ ਗਿਆ ਹੈ ਅਤੇ ਉਹ ਸੋਮਵਾਰ ਨੂੰ ਚਾਰਜ ਸੰਭਾਲਨ ਤੋਂ ਤੁਰੰਤ ਬਾਅਦ ਹੀ ਇਸ ਫਾਈਲ ਨੂੰ ਪਾਸ ਕਰ ਦੇਣਗੇ। ਇਥੇ ਹੀ ਪੰਜਾਬ ਨੇ ਆਪਣੇ ਹਿੱਸੇ ਦੇ 14.62 ਕਰੋੜ ਰੁਪਏ ਏਮਜ਼ ਨੂੰ ਦੇਣੇ ਸਨ, ਉਹ ਵੀ ਜਾਰੀ ਕੀਤੇ ਜਾ ਚੁੱਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।