ਪੰਚਾਇਤ ਮੰਤਰੀ ਦੀ ਸਖਤੀ : ਹੁਣ ਪਤੀ-ਪੁੱਤਰ, ਪਿਤਾ ਦੀ ਨਹੀਂ ਚੱਲੇਗੀ ‘ਸਰਪੰਚੀ’

Kuldeep Singh Dhaliwal

ਮਹਿਲਾ ਕੌਂਸਲਰ ਜਾਂ ਸਰਪੰਚ ਹੀ ਮੀਟਿੰਗ ’ਚ ਆਵੇਗੀ

  • ਸਰਕਾਰੀ ਆਦੇਸ਼ ਸਿਰਫ਼ ਚਿਤਾਵਨੀ, ਕਿਹੜੀ ਧਾਰਾਵਾਂ ਤਹਿਤ ਹੋਏਗੀ ਕਾਰਵਾਈ ਨਹੀਂ ਕੋਈ ਜ਼ਿਕਰ
  •  ਪੰਚਾਇਤ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਨਹੀਂ ਕਰ ਪਾਏ ਕਾਨੂੰਨ ਸਪੱਸ਼ਟ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਚਾਇਤ ਵਿਭਾਗ ਦੀ ਮੀਟਿੰਗਾਂ ਵਿੱਚ ਪੰਚ ਤੇ ਸਰਪੰਚ ਮਹਿਲਾ ਦੀ ਥਾਂ ‘ਤੇ ਜੇਕਰ ਬੇਟਾ ਜਾਂ ਫਿਰ ਪਤੀ ਜਾਂ ਪਿਤਾ ਨਜ਼ਰ ਆਇਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਸਿਰਫ਼ ਪੰਚ-ਸਰਪੰਚ ਦੇ ਪਰਿਵਾਰਕ ਮੈਂਬਰ ਖ਼ਿਲਾਫ਼ ਹੀ ਨਹੀਂ ਸਗੋਂ ਉਹ ਮੀਟਿੰਗ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਵੀ ਕਾਰਵਾਈ ਹੋਏਗੀ। ਇਹ ਆਦੇਸ਼ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਾਰੀ ਤਾਂ ਕਰ ਦਿੱਤੇ ਗਏ ਹਨ ਪਰ ਕਾਨੂੰਨ ਨੂੰ ਤੋੜਨ ਵਾਲੇ ਖ਼ਿਲਾਫ਼ ਕਾਰਵਾਈ ਕਿਹੜੇ ਨਿਯਮ ਜਾਂ ਫਿਰ ਕਾਨੂੰਨ ਦੀ ਕਿਹੜੀ ਧਾਰਾ ਤਹਿਤ ਹੋਵੇਗੀ।

ਇਸ ਸਬੰਧੀ ਖ਼ੁਦ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਸਪੱਸ਼ਟ ਨਹੀਂ ਕਰ ਪਾਏ ਹਨ। ਜਿਸ ਕਾਰਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆਦੇਸ਼ ਸਿਰਫ਼ ਬਿਨਾਂ ਦੰਦਾ ਵਾਲਾ ਸ਼ੇਰ ਹੀ ਜਾਪ ਰਿਹਾ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਪਣੇ ਵਿਭਾਗ ਦੇ ਇੱਕ ਆਦੇਸ਼ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਮਹਿਲਾਵਾਂ ਨੂੰ ਸਿਆਸਤ ਵਿੱਚ ਬਰਾਬਰ ਦੀ ਭਾਗੀਦਾਰੀ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਸਾਲਾਂ ਤੋਂ ਚੱਲਦੀ ਆ ਰਹੀ ਇੱਕ ਪ੍ਰਥਾ ਨੂੰ ਤੋੜਨ ਲਈ ਉਨਾਂ ਦੀ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਇਨਾਂ ਆਦੇਸ਼ਾਂ ਦੇ ਤਹਿਤ ਹੁਣ ਤੋਂ ਬਾਅਦ ਕਿਸੇ ਵੀ ਮੀਟਿੰਗ ਵਿੱਚ ਪੰਚ ਜਾਂ ਫਿਰ ਸਰਪੰਚ ਦਾ ਪਤੀ ਸ਼ਾਮਲ ਨਹੀਂ ਹੋ ਪਾਏਗਾ।

ਮਹਿਲਾ ਸਰਪੰਚ ਜਾਂ ਪੰਚ ਦਾ ਪਤੀ ਜਾਂ ਫਿਰ ਪੁੱਤਰ ਮੀਟਿੰਗ ਵਿੱਚ ਸ਼ਾਮਲ ਹੋਇਆ ਤਾਂ ਹੋਵੇਗੀ ਕਾਰਵਾਈ

ਆਮ ਦਿਨਾਂ ਵਿੱਚ ਪੰਚਾਇਤ ਸਕੱਤਰ ਜਾਂ ਫਿਰ ਬੀਡੀਪੀਓ ਤੋਂ ਲੈ ਕੇ ਡੀਡੀਪੀਓ ਦੀ ਮੀਟਿੰਗ ਵਿੱਚ ਮਹਿਲਾ ਪੰਚ ਤੇ ਸਰਪੰਚ ਦਾ ਪੁੱਤਰ ਜਾਂ ਫਿਰ ਪਿਓ ਹੀ ਸ਼ਾਮਲ ਹੁੰਦਾ ਦਿਖਾਈ ਦਿੰਦਾ ਹੈ। ਇਸ ਨਾਲ ਮਹਿਲ ਸਿਆਸਤ ਵਿੱਚ ਨਾ ਹੀ ਯੋਗਦਾਨ ਦੇ ਪਾ ਰਹੀ ਹੈ ਅਤੇ ਨਾ ਹੀ ਸਿਆਸਤ ਨੂੰ ਸਿੱਖ ਪਾ ਰਹੀ ਹੈ, ਜਦੋਂ ਕਿ ਸਰਕਾਰਾਂ ਵਿੱਚ ਮਹਿਲਾਵਾਂ ਦੀ ਬਰਾਬਰ ਦੀ ਹਿੱਸੇਦਾਰੀ ਹੋਣੀ ਜਰੂਰੀ ਹੈ। ਇਸ ਲਈ ਹੁਣ ਤੋਂ ਬਾਅਦ ਜਿਹੜਾ ਵੀ ਮਹਿਲਾ ਸਰਪੰਚ ਜਾਂ ਪੰਚ ਦਾ ਪਤੀ ਜਾਂ ਫਿਰ ਪੁੱਤਰ ਮੀਟਿੰਗ ਵਿੱਚ ਸ਼ਾਮਲ ਹੁੰਦਾ ਨਜ਼ਰ ਆਇਆ ਤਾਂ ਉਨਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਅਧਿਕਾਰੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਏਗੀ।

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਾਰਵਾਈ ਕਿਹੜੇ ਕਾਨੂੰਨ ਦੇ ਤਹਿਤ ਕਿਹੜੀ ਧਾਰਾ ਰਾਹੀਂ ਹੋਏਗੀ ਤਾਂ ਉਹ ਸਪੱਸ਼ਟ ਜੁਆਬ ਹੀ ਨਹੀਂ ਦੇ ਪਾਏ ਕਿ ਕਾਰਵਾਈ ਕਿਵੇਂ ਕੀਤੀ ਜਾਏਗੀ। ਉਨਾਂ ਕਿਹਾ ਕਿ ਹੁਣ ਤੋਂ ਬਾਅਦ ਆਉਣ ਵਾਲੇ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ ਅਤੇ ਕਾਨੂੰਨ ਦੀ ਉਲੰਘਣਾ ਤਹਿਤ ਬਾਅਦ ਵਿੱਚ ਦੇਖਿਆ ਜਾਏਗਾ ਕਿ ਉਹ ਕਿਵੇਂ ਕਿਹੜੀ ਕਿਹੜੀ ਕਾਰਵਾਈ ਕਰ ਸਕਦੇ ਹਨ।

ਕਾਫੀ ਸਮੇਂ ਤੋਂ ਮਿਲ ਰਹੀਅਂ ਸਨ ਸਿਕਾਇਤਾਂ

ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ ਵਜੋਂ 95 ਫੀਸਦੀ ਔਰਤਾਂ ਚੁਣੀਆਂ ਗਈਆਂ ਹਨ। ਉਸ ਦੀ ਥਾਂ ਉਸ ਦੇ ਪਤੀ, ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰ ਅਹੁਦੇ ਦੀ ਦੁਰਵਰਤੋਂ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ