ਏਸ਼ੀਆਡ ਹਾੱਕੀ ‘ਚ ਸੋਨ ਤਗਮੇ ਤੋਂ ਘੱਟ ਆਸ ਵਾਜ਼ਬ ਨਹੀਂ

ਏਸ਼ੀਆਈ ਖੇਡਾਂ ਚ ਨੰਬਰ ਇੱਕ ਟੀਮ ਦੇ ਤੌਰ ਤੇ ਸਿ਼ਰਕਤ ਕਰੇਗੀ ਟੀਮ ਇੰਡੀਆ

ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਅਤੇ ਪਾਲੇਮਬਾਂਗ ‘ਚ ਇਸ ਹਫ਼ਤੇ 18 ਅਗਸਤ ਤੋਂ 5 ਸਤੰਬਰ ਤੱਕ ਹੋਣ ਵਾਲੀਆਂ ਏਸ਼ੀਆਈ ਖੇਡਾਂ ਦਾ ਲਗਭੱਗ ਹਰ ਖੇਡ ਪ੍ਰੇਮੀ ਨੂੰ ਇੰਤਜ਼ਾਰ ਹੈ ਭਾਰਤ ਨੂੰ ਇਸ ਵਾਰ ਕਬੱਡੀ, ਕੁਸ਼ਤੀ, ਭਾਰਤੋਲਨ, ਅਥਲੈਟਿਕਸ, ਨਿਸ਼ਾਨੇਬਾਜ਼ੀ, ਟੈਨਿਸ, ਤੀਰੰਦਾਜ਼ੀ ਅਤੇ ਮੁੱਕੇਬਾਜ਼ੀ ਤੋਂ ਇਲਾਵਾ ਭਾਰਤ ‘ਚ ਬਰਾਬਰ ਪਸੰਦ ਕੀਤੀ ਜਾਣ ਵਾਲੀ ਖੇਡ ਹਾੱਕੀ ‘ਚ ਵੀ ਪੁਰਸ਼ ਅਤੇ ਮਹਿਲਾ ਵਰਗ ‘ਚ ਸੋਨ ਤਗਮੇ ਦੀ ਆਸ ਹੈ।

ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਟੀਮ ਨੂੰ 2020 ਦੀਆਂ ਟੋਕੀਓ (ਜਾਪਾਨ) ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਸਿੱਧਾ ਪ੍ਰਵੇਸ਼ ਮਿਲੇਗਾ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਂਰਤੀ ਟੀਮਾਂ ਸੋਨ ਤਗਮੇ ਅਤੇ ਓਲੰਪਿਕ ਕੁਆਲੀਫਾਈਂਗ ਦੇ ਟੀਚੇ ਨੂੰ ਲੈ ਕੇ ਹੀ ਏਸ਼ੀਅਨ ਖੇਡਾਂ ‘ਚ ਨਿੱਤਰ ਰਹੀਆਂ ਹਨ ਭਾਰਤ ਨੂੰ ਮਹਿਲਾਵਾਂ ਤੋਂ ਜ਼ਿਆਦਾ ਪੁਰਸ਼ ਹਾਕੀ ਤੋਂ ਸੋਨੇ ਦੀ ਉਮੀਦ ਜ਼ਿਆਦਾ ਹੋਣ ਕਾਰਨ ਪਹਿਲਾਂ ਪੁਰਸ਼ ਹਾਕੀ ਦੀ ਗੱਲ ਕਰਦੇ ਹਾਂ ਚੈਂਪੀਅੰਜ਼ ਟਰਾਫ਼ੀ ‘ਚ ਸੁਧਰੇ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਦਰਜਾਬੰਦੀ ‘ਚ 6ਵੇਂ ਤੋਂ 5ਵੇਂ ਨੰਬਰ ‘ਤੇ ਪਹੁੰਚੀ ਭਾਰਤੀ ਪੁਰਸ਼ ਟੀਮ ਇੱਥੇ ਏਸ਼ੀਆ ਦੀ ਅੱਵਲ ਨੰਬਰ ਟੀਮ ਵਜੋਂ ਸ਼ਿਰਕਤ ਕਰੇਗੀ ਇਸ ਤੋਂ ਇਲਾਵਾ ਪਿਛਲੀ ਚੈਂਪੀਅਨ ਹੋਣ ਦੇ ਦਮ ‘ਤੇ ਵੀ ਭਾਰਤ ਨੂੰ ਸੋਨ ਤਗਮੇ ਦੀ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਭਾਰਤੀ ਪੁਰਸ਼ ਟੀਮ ਦਾ ਇਸ ਸਾਲ ਚੈਂਪੀਅੰੰਜ਼ ਟਰਾਫ਼ੀ ‘ਚ ਚਾਂਦੀ ਤਗਮਾ ਜਿੱਤਣਾ ਉੁਸ ਤੋਂ ਬਾਅਦ ਦੱਖਣੀ ਕੋਰੀਆ ਤੋਂ ਲੜੀ ਜਿੱਤਣਾ ਅਤੇ ਇਸ ਮਹੀਨੇ ਨਿਉਜ਼ੀਲੈਂਡ ਵਿਰੁੱਧ ਘਰੇਲੂ ਲੜੀ ਨੂੰ 4-0 ਨਾਲ ਜਿੱਤਣ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਇਸ ਤੋਂ ਇਲਾਵਾ ਟੀਮ ਨੂੰ ਏਸ਼ੀਆਈ ਖੇਡਾਂ ਤੋਂ ਪਹਿਲਾਂ ਬੰਗਲੁਰੂ ਂਚ ਅਭਿਆਸ ਕੈਂਪ ਦੌਰਾਨ ਵੀ ਆਪਣੀਆਂ ਖ਼ਾਮੀਆਂ ਨੂੰ ਸੁਧਾਰਨ ਦਾ ਖੁੱਲ੍ਹਾ ਮੌਕਾ ਮਿਲਣ ਤੋਂ ਬਾਅਦ ਭਾਰਤ ਦੀ ਏਸ਼ੀਆਈ ਖੇਡਾਂ ‘ਚ ਸਰਦਾਰੀ ਕਾਇਮ ਰੱਖਣ ਦੀ ਦਾਅਵੇਦਾਰੀ ਮਜ਼ਬੂਤ ਲੱਗਦੀ ਹੈ ਇਸ ਲਈ ਟੀਮ ਤੋਂ ਸੋਨ ਤਗਮੇ ਤੋਂ ਘੱਟ ਆਸ ਰੱਖਣਾ ਜਾਂ ਟੀਮ ਵੱਲੋਂ ਚਾਂਦੀ ਜਾਂ ਕਾਂਸੀ ਤਗਮੇ ਤੱਕ ਸੀਮਤ ਰਹਿਣਾ ਵਾਜ਼ਬ ਨਹੀਂ ਹੋਵੇਗਾ।

2006 ਨੂੰ ਛੱਡ ਹਮੇਸ਼ਾ ਪੋਡੀਅਮ ਹਾਸਲ ਕੀਤਾ ਹੈ ਭਾਰਤ ਨੇ

ਏਸ਼ੀਆਈ ਖੇਡਾਂ ‘ਚ ਭਾਰਤੀ ਪੁਰਸ਼ ਹਾੱਕੀ ਦਾ ਇਤਿਹਾਸ ਦੇਖੀਏ ਤਾਂ 1958 ‘ਚ ਹਾੱਕੀ ਨੂੰ ਪਹਿਲੀ ਵਾਰ ਏਸ਼ੀਆਈ ਖੇਡਾਂ ‘ਚ ਸ਼ਾਮਲ ਕੀਤਾ ਗਿਆ ਸੀ ਭਾਰਤ ਹੁਣ ਤੱਕ 3 ਵਾਰ ਸੋਨ ਤਗਮਾ ਹਾਸਲ ਕਰ ਸਕਿਆ ਹੈ ਜਦੋਂਕਿ ਕੁੱਲ 15 ‘ਚੋਂ 8 ਵਾਰ ਪਾਕਿਸਤਾਨ ਨੇ ਸੋਨਾ ਜਿੱਤਿਆ ਅਤੇ ਇਸ ਦੌਰਾਨ 7 ਵਾਰ ਫਾਈਨਲ ‘ਚ ਪਾਕਿਸਤਾਨ ਹੱਥੋਂ ਹਾਰਨ ਵਾਲੀ ਟੀਮ ਭਾਰਤ ਰਿਹਾ ਹੈ ਦੱਖਣੀ ਕੋਰੀਆ 4 ਵਾਰ ਚੈਂਪੀਅਨ ਬਣਨ ਦਾ ਮਾਣ ਖੱਟ ਚੁੱਕਾ ਹੈ 2006 ਦੀਆਂ ਕਤਰ ਖੇਡਾਂ ਨੂੰ ਛੱਡ ਟੀਮ  ਹਮੇਸ਼ਾਂ ਇੱਥੇ ਕੋਈ ਨਾ ਕੋਈ ਤਗਮਾ ਹਾਸਲ ਕਰਨ ‘ਚ ਕਾਮਯਾਬ ਰਹੀ ਹੈ ਜਿਸ ਵਿੱਚ ਤਿੰਨ ਸੋਨ ਤੋਂ ਇਲਾਵਾ 9 ਚਾਂਦੀ ਅਤੇ 2 ਕਾਂਸੀ ਤਗਮੇ ਸ਼ਾਮਲ ਹਨ।

ਕੋਰੀਆ, ਪਾਕਿਸਤਾਨ ਦੇਵੇਗਾ ਮੁੱਖ ਚੁਣੌਤੀ

ਭਾਰਤ ਨੇ ਸਰਦਾਰ ਸਿੰਘ ਦੀ ਕਪਤਾਨੀ ‘ਚ ਇੰਚਿਓਨ ਵਿਖੇ 2014 ਦੀਆਂ ਪਿਛਲੀਆਂ ਖੇਡਾਂ ‘ਦੇ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਨਾ ਸਿਰਫ਼ 16 ਸਾਲ ਬਾਅਦ ਸੋਨ ਤਗਮਾ ਜਿਤਿਆ ਸੀ ਸਗੋਂ 2016 ਦੀਆਂ ਓਲੰਪਿਕ ਖੇਡਾਂ ਲਈ ਸਿੱਧਾ ਪ੍ਰਵੇਸ਼ ਹਾਸਲ ਕੀਤਾ ਸੀ ਅਤੇ ਇਸ ਵਾਰ ਵੀ ਗੋਲਕੀਪਰ ਪੀ ਆਰ ਸ਼੍ਰੀਜੇਸ਼ ਦੀ ਕਪਤਾਨੀ ਵਿੱਚ ਟੀਮ ਤੋਂ ਇਹੀ ਆਸਾਂ ਹਨ ਇਸ ਵਾਰ ਹਾੱਕੀ ‘ਚ ਟੀਮਾਂ ਨੂੰ ਦੋ ਪੂਲਾਂ ‘ਚ ਵੰਡਿਆ ਗਿਆ ਹੈ ਭਾਰਤ ਨੂੰ ਰੈਕਿੰਗ ਦੇ ਹਿਸਾਬ ਨਾਲ ਸਰਪੇਂਟਾਈਨ ਸਿਸਟਮ ਦੇ ਤਹਿਤ ਪੂਲ ਏ ‘ਚ ਦੱਖਣੀ ਕੋਰੀਆ, ਜਾਪਾਨ, ਸ਼੍ਰੀਲੰਕਾ, ਇੰਡੋਨੇਸ਼ੀਆ ਅਤੇ ਹਾਂਗਕਾਂਗ ਨਾਲ ਰੱਖਿਆ ਗਿਆ ਹੈ ਜਦੋਂਕਿ ਪੂਲ ਬੀ ‘ਚ ਮਲੇਸ਼ੀਆ, ਪਾਕਿਸਤਾਨ, ਬੰਗਲਾਦੇਸ਼, ਓਮਾਨ, ਥਾਈਲੈਂਡ ਅਤੇ ਕਜ਼ਾਖਿਸਤਾਨ ਦੀਆਂ ਟੀਮਾਂ ਹੋਣਗੀਆਂ ਭਾਰਤ ਲਈ ਗਰੁੱਪ ਮੈਚਾਂ ‘ਚ ਦੱਖਣੀ ਕੋਰੀਆ ਦੀ ਚੁਣੌਤੀ ਕੁਝ ਮੁਸ਼ਕਲ ਹੋ ਸਕਦੀ ਹੈ ਪਰ ਟੀਮ ਦਾ ਸੈਮੀਫਾਈਨਲ ‘ਚ ਪਹੁੰਚਣਾ ਲਾਜ਼ਮੀ ਹੈ ਕਿਉਂਕਿ ਇਹ ਗੱਲ ਸਾਫ਼ ਹੈ।

ਇਹ ਵੀ ਪੜ੍ਹੋ : ਨੂਹ ਹਿੰਸਾ ਤੋਂ ਬਾਅਦ ਸਰਸਾ ’ਚ ਪੁਲਿਸ ਨੇ ਮੁਸਤੈਦੀ ਵਧਾਈ, ਲੋਕਾਂ ਨੂੰ ਕੀਤਾ ਸਾਵਧਾਨ

ਕਿ ਭਾਰਤੀ ਟੀਮ ਤਕਨੀਕ ਅਤੇ ਰਫ਼ਤਾਰ ਪੱਖੋਂ ਏਸ਼ੀਆ ਦੇ ਕਿਸੇ ਵੀ ਦੇਸ਼ ਤੋਂ ਘੱਟ ਨਹੀਂ ਹੈ ਹਾਲਾਂਕਿ ਪੂਲ ਮੈਚਾਂ ਤੋਂ ਬਾਅਦ ਏਸ਼ੀਆ ‘ਚ ਦੂਸਰਾ, ਤੀਸਰਾ ਅਤੇ ਚੌਥਾ ਸਥਾਨ ਰੱਖਣ ਵਾਲੀਆਂ ਪਾਕਿਸਤਾਨ, ਦੱਖਣੀ ਕੋਰੀਆ ਜਾਂ ਮਲੇਸ਼ੀਆ ਚੋਂ ਕੋਈ ਟੀਮ ਸੈਮੀਫਾਈਨਲ ‘ਚ ਭਾਰਤ ਨੂੰ ਕੁਝ ਚੁਣੌਤੀ ਜ਼ਰੂਰ ਦੇਵੇਗੀ ਕਿਉਂਕਿ ਏਸ਼ੀਆਡ ‘ਚ ਇਹ ਟੀਮਾਂ ਹਮੇਸ਼ਾ ਭਾਰਤ ਨੂੰ ਮੁਸਕਲ ‘ਚ ਪਾਉਂਦੀਆਂ ਹਨ ਜਿਵੇਂ ਕਿ ਪਿਛਲੀ ਵਾਰ ਫਾਈਨਲ ‘ਚ ਭਾਰਤ ਬਹੁਤ ਮੁਸ਼ਕਲ ਨਾਲ ਨਿਰਧਾਰਤ ਸਮੇਂ ਤੱਕ ਫਾਈਨਲ ਮੈਚ ਦੇ ਡਰਾਅ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ ਜਿੱਤ ਨਾਲ ਸੋਨ ਤਗਮਾ ਨਸੀਬ ਹੋਇਆ ਸੀ ਇਸ ਲਈ ਭਾਰਤ ਲਈ  ਜਰੂਰੀ ਹੈ ਕਿ ਟੀਮ ਕਿਸੇ ਵੀ ਟੀਮ ਨੂੰ ਘੱਟ ਨਾ ਸਮਝ ਕੇ ਹਰ ਮੈਚ ‘ਚ ਆਪਣਾ ਅੱਵਲ ਪ੍ਰਦਰਸ਼ਨ ਦੇਵੇ ਅਤੇ ਪੂਲ ਮੈਚਾਂ ‘ਚ ਵੱਡੀਆਂ ਜਿੱਤਾਂ ਨਾਲ ਸੈਮੀਫਾਈਨਲ ਜਾਂ ਫਾਈਨਲ ਲਈ ਵਿਰੋਧੀਆਂ ਨੂੰ ਦਬਾਅ ਹੇਠ ਰੱਖ ਸਕੇ।

ਚੈਂਪੀਅੰਜ਼ ਟਰਾਫ਼ੀ ‘ਚ ਵਿਸ਼ਵਾਸ ਵਧਿਆ ਪਰ ਅਤੀ ਤੋਂ ਬਚਣ ਦੀ ਲੋੜ | Asiad Hockey

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੈਂਪੀਅੰਜ਼ ਟਰਾਫ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਟੀਮ ਏਸ਼ੀਆਡ ‘ਚ ਵਧੇ ਮਨੋਬਲ ਨਾਲ ਨਿੱਤਰੇਗੀ ਪਰ ਫਿਰ ਵੀ ਟੀਮ ਲਈ ਜ਼ਰੂਰੀ ਹੈ ਕਿ ਆਤਮਵਿਸ਼ਵਾਸ਼ ਦੀ ਅਤੀ ਤੋਂ ਵੀ ਬਚੇ ਅਤੇ ਚੈਂਪੀਅੰਜ਼ ਟਰਾਫ਼ੀ ‘ਚ ਰਹੀਆਂ ਖ਼ਾਮੀਆਂ ਨੂੰ ਵੀ ਧਿਆਨ ‘ਚ ਰੱਖੇ ਭਾਰਤ ਨੇ ਚੈਂਪੀਅੰਜ਼ ਟਰਾਫ਼ੀ ‘ਚ ਵਿਸ਼ਵ ਦੀਆਂ ਅੱਵਲ ਟੀਮਾਂ ‘ਚ ਸ਼ੁਮਾਰ ਬੈਲਜ਼ੀਅਮ, ਅਰਜਨਟੀਨਾ ਅਤੇ ਹਾਲੈਂਡ ਜਿਹੀਆਂ ਟੀਮਾਂ ਨੂੰ ਪਛਾੜ ਲਗਾਤਾਰ ਦੂਸਰੀ ਵਾਰ ਚਾਂਦੀ ਤਗਮਾ ਜਿੱਤ ਕੇ ਏਸ਼ੀਆਡ ਦੀਆਂ ਤਿਆਰੀਆਂ ਦਾ ਚੰਗਾ ਨਮੂਨਾ ਪੇਸ਼ ਕੀਤਾ।

ਹਾਲਾਂਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਚੈਂਪੀਅੰਜ਼ ਟਰਾਫ਼ੀ ‘ਚ ਸ਼ਾਮਲ ਸਾਰੀਆਂ ਟੀਮਾਂ ਲਗਭੱਗ ਯੂਰਪੀਅਨ ਸ਼ੈਲੀ ‘ਚ ਖੇਡਣ ਵਾਲੀਆਂ ਟੀਮਾਂ ਸਨ ਜਦੋਂਕਿ ਏਸ਼ੀਆਡ ‘ਚ ਭਾਰਤ ਨੂੰ ਵੱਖਰੀ ਤਰ੍ਹਾਂ ਦੀ ਚੁਣੌਤੀ ਮਿਲੇਗੀ ਸ਼੍ਰੀਜੇਸ਼ ਦੀ ਕਪਤਾਨੀ ‘ਚ ਚੈਂਪੀਅੰਜ਼ ਟਰਾਫ਼ੀ ਖੇਡਣ ਨਿੱਤਰੀ ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਮਹਿਸੂਸ ਹੋਇਆ ਕਿ ਸਾਲ ਦੇ ਸ਼ੁਰੂ ‘ਚ ਅਜਲਾਨ ਸ਼ਾਹ ਕੱਪ ਅਤੇ ਫਿਰ ਕਾਮਨਵੈਲਥ ਦੀਆਂ ਗਲਤੀਆਂ ਤੋਂ ਟੀਮ ਕਾਫ਼ੀ ਕੁਝ ਸਿੱਖ ਚੁੱਕੀ ਹੈ ਬ੍ਰੇਡਾ ‘ਚ ਟੀਮ ਵੱਲੋਂ ਆਖ਼ਰੀ ਸਮੇਂ ‘ਤੇ ਵਿਰੋਧੀਆਂ ਤੋਂ ਗੋਲ ਖਾਣ ਦੀ ਕਮੀ ਵੀ ਕਾਫ਼ੀ ਹੱਦ ਤੱਕ ਘਟੀ ਮਹਿਸੂਸ ਹੋਈ ਜਿਸ ਲਈ ਭਾਰਤੀ ਰੱਖਿਆ ਕਤਾਰ ਦੇ ਖਿਡਾਰੀਆਂ ਦੀ ਸ਼ਲਾਘਾ ਹੋ ਰਹੀ ਹੈ।

ਇਹਨਾਂ ਖ਼ਾਮੀਆਂ ਨੂੰ ਕਰਨਾ ਹੋਵੇਗਾ ਦੂਰ

ਚੈਂਪੀਅੰਜ਼ ਟਰਾਫ਼ੀ ਦੇ ਪ੍ਰਦਰਸ਼ਨ ਦੇ ਬਾਵਜ਼ੂਦ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੁਧਾਰ ਦੀ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਹੈ ਅਤੇ ਜਿੱਤ ‘ਚ  ਕੁਝ ਖ਼ਾਮੀਆਂ ਛੁਪ ਜਾਂਦੀਆਂ ਹਨ ਚੈਂਪੀਅੰਜ਼ ਟਰਾਫ਼ੀ ਦੇ ਪ੍ਰਦਰਸ਼ਨ ਨੂੰ ਵੀ ਘੋਖ ਨਾਲ ਦੇਖੀਏ ਤਾਂ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਭਾਰਤ ਦੀ ਰੱਖਿਆ ਕਤਾਰ ਵੱਲੋਂ ਆਪਣੇ ਪਾਲੇ ਦੀ ਚੰਗੀ ਰਾੱਖੀ ਅਤੇ ਗੋਲਕੀਪਰ ਕਪਤਾਨ ਸ਼੍ਰੀਜੇਸ਼ ਦੀ ਗੋਲਕੀਪਿੰਗ ਦਾ ਮੁੱਖ ਹੱਥ ਸੀ ਜਿਸ ਨੂੰ ਟੂਰਨਾਮੈਂਟ ਦੇ ਚੈਂਪੀਅੰਜ਼ ਗੋਲਕੀਪਰ ਦੇ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਟੀਮ ਦੇ ਟੂਰਨਾਮੈਂਟ ‘ਚ ਨਤੀਜਿਆਂ ‘ਚ ਵੀ ਇੰਝ ਲੱਗਦਾ ਹੈ  ਟੀਮ ਗੋਲ ਕਰਨ ਦੀ ਬਦੌਲਤ ਨਹੀਂ ਸਗੋਂ ਗੋਲਕੀਪਰ ਅਤੇ ਡਿਫੈਂਡਰਾਂ ਵੱਲੋਂ ਗੋਲ ਬਚਾਉਣ ਦੀ ਬਦੌਲਤ ਮਜ਼ਬੂਤ ਟੀਮਾਂ ਨੂੰ ਡਰਾਅ ਤੱਕ ਰੋਕਣ ‘ਚ ਕਾਮਯਾਬ ਹੋਈ। (Asiad Hockey)

ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੋਲਕੀਪਰ ਦੇ ਦਮ ‘ਤੇ ਮੈਚ ਡਰਾਅ ਤਾਂ ਕੀਤੇ ਜਾ ਸਕਦੇ ਹਨ ਪਰ  ਜਿੱਤਣ ਲਈ ਗੋਲ ਕਰਨੇ ਪੀ ਪੈਂਦੇ ਹਨ ਜੋ ਕਿ ਭਾਰਤੀ ਟੀਮ ਦੀ ਕਮੀਂ ਜਾਪਦੀ ਹੈ ਇਸ ਤੋਂ ਇਲਾਵਾ ਵਿਰੋਧੀਆਂ ਦੇ ਪੈਨਲਟੀ ਕਾਰਨਰਾਂ ਨੂੰ ਗੋਲ ‘ਚ ਤਬਦੀਲ ਹੋਣ ਤੋਂ ਰੋਕਣ ਦੀ ਖ਼ਾਮੀ ‘ਤੇ ਵੀ ਧਿਆਨ ਦੇਣਾ ਬਣਦਾ ਹੈ ਅਤੇ ਆਪਣੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਨ ਦੀ ਖ਼ਾਮੀ ਨੂੰ ਵੀ ਸੁਧਾਰਨ ਦੀ ਲੋੜ ਹੈ ਖਿਡਾਰੀਆਂ  ‘ਚ ਵੱਡੇ ਮੈਚਾਂ ‘ਚ ਵਿਰੋਧੀ ਪਾਲੇ ‘ਚ ਗੋਲ ਕਰਨ ‘ਚ ਨਾਕਾਮ ਰਹਿਣਾ ਟੀਮ ਦੇ ਖਿਡਾਰੀਆਂ ਵੱਲੋਂ ਦਬਾਅ ਦੇ ਪਲਾਂ ਨੂੰ ਸਹੀ ਤਰ੍ਹਾਂ ਨਾ ਨਜਿੱਠ ਸਕਣਾ ਲਗਦਾ ਹੈ ਸੋ ਭਾਰਤੀ ਟੀਮ ਲਈ ਜਰੂਰੀ ਹੈ ਖਿਡਾਰੀ ਆਪਣੀਆਂ ਇਹਨਾਂ ਖ਼ਾਮੀਆਂ ਨੂੰ ਵੀ ਧਿਆਨ ‘ਚ ਰੱਖਣ ਤਾਂ ਕਿ ਕਮਜ਼ੋਰ ਟੀਮਾਂ ਵਿਰੁੱਧ ਵੱਡੀਆਂ ਜਿੱਤਾਂ ਹਾਸਲ ਕੀਤੀਆ ਜਾ ਸਕਣ।

ਜਿਸ ਲਈ ਟੀਮ ਦਾ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਹੋਣਾ ਜਰੂਰੀ ਹੈ ਕਿਉਂਕਿ ਵੱਡੇ ਟੂਰਨਾਮੈਂਟਾਂ ਜਾਂ ਮੈਚਾਂ ‘ਚ ਚੰਗੀ ਟੀਮ ਹੋਣ ਦੇ ਬਾਵਜ਼ੂਦ ਚੰਗਾ ਨਤੀਜਾ ਉਹ ਟੀਮ ਹੀ ਪਾ ਸਕਦੀ ਹੈ ਜੋ ਦਬਾਅ ਦੇ ਪਲਾਂ ‘ਚ ਮਜ਼ਬੂਤ ਮਾਨਸਿਕਤਾ ਨਾਲ ਦਬਾਅ ਨੂੰ ਹਾਵੀ ਨਾ ਹੋਣ ਦੇਵੇ ਅਤੇ ਹਮੇਸ਼ਾਂ ਮਿਲੇ ਮੌਕਿਆਂ ਨੂੰ ਕਾਮਯਾਬ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਚੌਕਸ ਰਹੇ ਜਿਸ ਤੋਂ ਵਿਰੋਧੀ ਖ਼ੇਮੇ ‘ਚ  ਸ਼ਸ਼ੋਪੰਜ ‘ਚ ਪੈ ਕੇ ਗੋਲ ਲਈ ਸਕਿੰਟਾਂ ‘ਚ ਮਿਲਦੇ ਸਮੇਂ ਨੂੰ ਅਜਾਈਂ ਗੁਆਉਣ ਤੋਂ ਬਚਿਆ ਜਾ ਸਕਦਾ ਹੈ ਦੇਖਿਆ ਗਿਆ ਹੈ ਕਿ ਭਾਰਤੀ ਟੀਮ ਦੀ ਇਹ ਕਮੀਂ ਭਾਰਤ ਨੂੰ ਵੱਡੀਆਂ ਜਿੱਤਾਂ ਤੋਂ ਵਾਂਝਾ ਕਰ ਦਿੰਦੀ ਹੈ।

ਵੱਡੀਆਂ ਜਿੱਤਾਂ ਦਾ ਟੀਚਾ ਜਰੂਰੀ | Asiad Hockey

ਏਸ਼ੀਆਈ ਖੇਡਾਂ ‘ਚ  ਟੀਮ ਲਈ ਜ਼ਰੂਰੀ ਹੈ ਕਿ ਉਹ ਸਿਰਫ਼ ਜਿੱਤ ਲਈ ਨਹੀਂ ਸਗੋਂ ਮਾਨਸਿਕ ਤੌਰ ‘ਤ ਵੱਡੀਆਂ ਜਿੱਤਾਂ ਲਈ ਹੀ ਮੈਦਾਨ ‘ਤੇ ਨਿੱਤਰੇ ਨਹੀਂ ਤਾਂ ਕਿਸੇ ਵੀ ਟੀਮ ਵਿਰੁੱਧ ਕਮਜ਼ੋਰ ਪ੍ਰਦਰਸ਼ਨ ਦੂਜੀਆਂ ਵਿਰੋਧੀ ਟੀਮਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰ ਦਿੰਦਾ ਹੈ ਜਦੋਂਕਿ ਜ਼ਬਰਦਸਤ ਢੰਗ ਨਾਲ ਜਿੱਤੇ ਮੈਚ ਵਿਰੋਧੀਆਂ ‘ਤੇ ਦਬਾਅ ਹੋਰ ਵਧਾ ਦਿੰਦੇ ਹਨ ਇਸ ਤੋਂ ਇਲਾਵਾ ਟੀਮ ਨੂੰ ਵਿਰੋਧੀਆਂ ਦੇ ਪੈਨਲਟੀ ਕਾਰਨਰਾਂ ਨੂੰ ਅਸਫ਼ਲ ਕਰਨ ‘ਤੇ ਅਤੇ ਆਪਣੇ ਪੈਨਲਟੀ ਕਾਰਨਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗੋਲਾਂ ‘ਚ ਤਬਦੀਲ ਕਰਨ ‘ਤੇ ਜ਼ੋਰ ਰੱਖੇ ਜਿਸ ਲਈ ਗੋਲ ਕਰਨ ਦੇ ਜ਼ਿਆਦਾ ਤੋਂ ਜ਼ਿਆਦਾ ਵੱਖ-ਵੱਖ ਮੂਵ ਜਾਂ ਢੰਗ ਤਰੀਕੇ ਖਿਡਾਰੀਆਂ ਕੋਲ ਪਹਿਲਾਂ ਤੋਂ ਹੀ ਤੈਅ ਹੋਣ ਤਾਂਕਿ ਵਿਰੋਧੀ ਡੀ ‘ਚ ਹਰ ਖਿਡਾਰੀ ਮਾਨਸਿਕ ਤੌਰ ਮਿਲੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾ ਸਕਣ  ਭਾਰਤੀ ਟੀਮ ਨੂੰ ਵੀ ਇਹ ਵੀ ਖ਼ਿਆਲ ਰੱਖਣਾ ਹੋਵੇਗਾ ਕਿ ਭਾਰਤ ਨੇ ਇਸ ਸਾਲ ਨਵੰਬਰ ‘ਚ ਆਪਣੇ ਮੇਜ਼ਬਾਨੀ ‘ਚ ਵਿਸ਼ਵ ਕੱਪ ਖੇਡਣਾ ਹੈ।

ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!

ਏਸ਼ੀਆਡ ‘ਚ ਵੱਡੀਆਂ ਜ਼ਿੱਤਾਂ ਵਿਸ਼ਵ ਕੱਪ ‘ਚ ਵਿਰੋਧੀਆਂ ‘ਤੇ ਦਬਾਅ ਬਣਾਉਣ ਦੀ ਰਣਨੀਤੀ ਨੂੰ ਮਜ਼ਬੂਤ ਕਰਨਗੀਆਂ ਕੁੱਲ ਮਿਲਾ ਦੇ ਦੇਖਿਆ ਜਾਵੇ ਤਾਂ ਚੈਂਪੀਅੰਜ਼ ਟਰਾਫ਼ੀ ਦਾ ਪ੍ਰਦਰਸ਼ਨ ਭਾਰਤ ਲਈ ਇੱਕ ਸਥਿਰ ਮਜ਼ਬੂਤ ਟੀਮ ਬਣਨ ਵੱਲ ਵੱਡਾ ਕਾਮਯਾਬ ਕਦਮ ਸੀ ਅਤੇ ਏਸ਼ੀਆਡ ‘ਚ ਸੋਨ ਤਗਮਾ ਜਿੱਤਣਾ ਇਸ ਕਦਮ ਨੂੰ ਮਜ਼ਬੂਤੀ ਨਾਲ ਅੱਗੇ ਰੱਖਣਾ ਹੋਵੇਗਾ ਜਦੋਂਕਿ ਨਵੰਬਰ ‘ਚ ਵਿਸ਼ਵ ਕੱਪ ਦੀ ਕਾਮਯਾਬੀ ਆਪਣੇ ਆਪ ਨੂੰ ਸਥਿਰ, ਮਜ਼ਬੂਤ ਅਤੇ ਵਿਸ਼ਵ ਦੀਆਂ ਅੱਵਲ ਟੀਮਾਂ ਚੋਂ ਇੱਕ ਦੇ ਤੌਰ ‘ਤੇ ਮਨਵਾਉਣ ਦੀ ਮੰਜ਼ਿਲ ਹੋਵੇਗਾ। ਸੋ ਜਰੂਰੀ ਹੈ ਕਿ ਟੀਮ ਏਸ਼ੀਆਡ ‘ਚ  ਵੱਡੀਆਂ ਜਿੱਤਾਂ ਨਾਲ ਫਤਿਹ ਕਰੇ ਅਤੇ ਇੱਕ ਸਫਲ ਅਤੇ ਨਿਰੰਤਰਤਾ ਕਾਇਮ ਰੱਖਣ ਵਾਲੀ ਟੀਮ ਵਜੋਂ ਵੱਧਦੇ ਕਦਮਾਂ ਨੂੰ ਹੋਰ ਮਜ਼ਬੂਤੀ ਮਿਲੇ।