ਸਿਰਫ ਇਨਾਮ ਨਹੀਂ ਸੁਧਾਰ ਵੀ ਜ਼ਰੂਰੀ

Improvement is Necessary Sachkahoon

ਸਿਰਫ ਇਨਾਮ ਨਹੀਂ ਸੁਧਾਰ ਵੀ ਜ਼ਰੂਰੀ

ਭਾਰਤੀ ਹਾਕੀ ਇੱਕ ਵਾਰ ਫੇਰ ਚਮਕੀ ਹੈ ਉਲੰਪਿਕ ਟੋਕੀਓ ’ਚ ਟੀਮ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ 41 ਸਾਲਾਂ ਬਾਅਦ ਦੇਸ਼ ਨੂੰ ਕੋਈ ਤਮਗਾ ਹਾਸਲ ਹੋਇਆ ਹੈ ਅੱਠ ਵਾਰ ਦੀ ਸੋਨ ਜੇਤੂ ਟੀਮ ਦੇ ਇੰਨੇ ਸਾਲ ਤਮਗੇ ਤੋਂ ਦੂਰ ਰਹਿਣ ਕਾਰਨ ਖਿਡਾਰੀਆਂ ਦੇ ਨਾਲ-ਨਾਲ ਆਮ ਜਨਤਾ ’ਚ ਵੀ ਨਿਰਾਸ਼ਾ ਸੀ ਸਭ ਤੋਂ ਵੱਧ ਨਮੋਸ਼ੀ ਤਾਂ ਉਸ ਵੇਲੇ ਹੋਈ ਸੀ ਜਦੋਂ ਬੀਜਿੰਗ ਉਲੰਪਿਕ ਲਈ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ ਕ੍ਰਿਕਟ ਤੇ ਹੋਰ ਖੇਡਾਂ ’ਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਦੇਸ਼ ਦੀ ਅਸਲ ਸੰਤੁਸ਼ਟੀ ਰਾਸ਼ਟਰੀ ਖੇਡ ਹਾਕੀ ਦੀ ਪ੍ਰਾਪਤੀ ਨਾਲ ਹੀ ਪੂਰੀ ਹੋਣੀ ਸੀ ਹੁਣ ਖਿਡਾਰੀਆਂ ਹਿੰਮਤ ਵਿਖਾਈ ਤੇ ਆਖਰ ਟੀਮ ਨੇ ਮੈਡਲਾਂ ਲਈ ਖਾਤਾ ਖੋਲ੍ਹਿਆ ਹੈ ਟੀਮ ਵਧਾਈ ਦੀ ਹੱਕਦਾਰ ਹੈ।

ਪਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਜਿੱਤ ਤੋਂ ਬਾਅਦ ਸਾਰਾ ਜ਼ੋਰ ਸਿਰਫ ਨਗਦ ਇਨਾਮਾਂ ’ਤੇ ਹੀ ਨਹੀਂ ਲੱਗਣਾ ਚਾਹੀਦਾ ਸਗੋਂ ਖੇਡ ਢਾਂਚੇ, ਪ੍ਰਬੰਧਾਂ ਤੇ ਨੀਤੀਆਂ ਬਾਰੇ ਵਿਚਾਰ ਹੋਣਾ ਚਾਹੀਦਾ ਹੈ ਉਲੰਪਿਕ ਖਿਡਾਰੀਆਂ ਲਈ ਕਰੋੜਾਂ ਦੇ ਇਨਾਮਾਂ ਦੇ ਐਲਾਨ ਹੋ ਰਹੇ ਹਨ ਪਰ ਖੇਡ ਢਾਂਚੇ ਨੂੰ? ਨਹੀਂ ਵਿਸਾਰਨਾ ਚਾਹੀਦਾ ਇਹ ਸਮਾਂ ਹੈ ਕਿ ਅਸੀਂ ਖੇਡ ਢਾਂਚੇ ਦੀਆਂ ਕਮੀਆਂ ਦੂਰ ਕਰਨ ਦੇ ਨਾਲ-ਨਾਲ ਕੁਝ ਨਵਾਂ ਕਰਨ ਦਾ ਯਤਨ ਕਰੀਏ ਚੀਨ ਆਪਣੀ ਖੇਡ ਨੀਤੀ ਅਤੇ ਖੇਡ ਸੱਭਿਆਚਾਰ ਕਾਰਨ ਮੈਡਲਾਂ ਦੀ ਸੂਚੀ ’ਚ ਸਭ ਤੋਂ ਸਿਖ਼ਰ ’ਤੇ ਮਿਲਦਾ ਹੈ ਪਰ ਅਸੀਂ ਲੰਮਾ ਸਮਾਂ ਆਪਣੀ ਰਾਸ਼ਟਰੀ ਖੇਡ ਨੂੰ ਕਮਜ਼ੋਰ ਕਰਕੇ ਬੈਠੇ ਰਹੇ ਹਾਂ ਖਿਡਾਰੀਆਂ ਦੀ ਚੋਣ ਤੋਂ ਲੈ ਕੇ ਖੇਡ ਸੰਘਾਂ ਦੀ ਚੋਣ ਤੱਕ ਵਿਵਾਦਾਂ ’ਚ ਰਹੇ ਹਨ ਸਾਧਾਰਨ ਜਿਹੀਆਂ ਸਹੂਲਤਾਂ ਲੈਣ ਲਈ ਖਿਡਾਰੀ ਹੜਤਾਲ ’ਤੇ ਵੀ ਜਾਂਦੇ ਰਹੇ ਹਨ ਇਸ ਵਾਰ ਸਾਰੇ ਨੌਜਵਾਨ ਖਿਡਾਰੀਆਂ ਦੀ ਚੋਣ ਨੂੰ ਜਿੱਤ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਲੰਮੇ ਸਮੇਂ ਤੱਕ ਪੁਰਾਣੇ ਖਿਡਾਰੀਆਂ ਨੂੰ ਜੋੜੀ ਰੱਖਣ ਨਾਲ ਉਲੰਪਿਕ ’ਚ ਪ੍ਰਦਰਸ਼ਨ ਕਮਜ਼ੋਰ ਹੁੰਦਾ ਰਿਹਾ।

ਹੁਣ ਇਸ ਗੱਲ ਦੀ ਜ਼ਰੂਰਤ ਹੈ ਕਿ ਹਾਕੀ ਤੇ ਹੋਰ ਖੇਡਾਂ ਨੂੰ ਸਮਾਜ ਦਾ ਅਟੁੱਟ ਅੰਗ ਬਣਾਇਆ ਜਾਵੇ ਸਿਰਫ ਟੂਰਨਾਮੈਂਟ ਲਈ ਖੇਡਣ ਦੀ ਸੋਚ ਤੋਂ ਪਿੱਛਾ ਛਡਾਉਣਾ ਪਵੇਗਾ ਖੇਡਾਂ ਨੂੰ ਕਿਸੇ ਸੀਜ਼ਨ ਤੱਕ ਸੀਮਤ ਕਰਨ ਦੀ ਬਜਾਇ ਸਦਾਬਹਾਰ ਬਣਾਇਆ ਜਾਵੇ ਇੱਥੇ ਸਾਨੂੰ ਪੰਜਾਬ ਦੇ ਪਿੰਡ ਸੰਸਾਰਪੁਰ ਵਾਲਾ ਖੇਡ ਸੱਭਿਆਚਾਰ ਪੈਦਾ ਕਰਨਾ ਪਵੇਗਾ ਜਦੋਂ ਇੱਕ-ਇੱਕ ਜ਼ਿਲ੍ਹੇ ’ਚ 5-6 ਸੰਸਾਰਪੁਰ ਜਿਹੇ ਖੇਡ ਸਟੇਡੀਅਮ ਹੋਣਗੇ ਤਾਂ ਯੋਗ ਖਿਡਾਰੀਆਂ ਦੀ ਕਮੀ ਨਹੀਂ ਰਹੇਗੀ ਅਗਲੇ ਉਲੰਪਿਕ ’ਚ ਹਾਕੀ ਲਈ ਨਿਸ਼ਾਨਾ ਸੋਨੇ ’ਤੇ ਹੀ ਵੱਜਣਾ ਚਾਹੀਦਾ ਹੈ ਪੰਜਾਬ ਲਈ ਇਹ ਜਿੱਤ ਹੋਰ ਵੀ ਮਾਣ ਵਾਲੀ ਹੈ ਕਿ ਸੂਬੇ ਦੇ ਅੱਠ ਖਿਡਾਰੀ ਇਸ ਟੀਮ ਦਾ ਹਿੱਸਾ ਹਨ ਤੇ ਸਾਰੇ ਦੇ ਸਾਰੇ ਗੋਲ ਪੰਜਾਬ ਦੇ ਖਿਡਾਰੀਆਂ ਨੇ ਕੀਤੇ ਹਨ ਪੰਜਾਬ ਨੂੰ ਹਾਕੀ ਦਾ ਗੜ੍ਹ ਕਿਹਾ ਜਾਂਦਾ ਹੈ ਤੇ ਸੂਬੇ ਨੂੰ ਆਪਣੀ ਵਿਰਾਸਤ ਬਰਕਰਾਰ ਰੱਖਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।