ਮੁਕੰਮਲ ਲਾਕਡਾਊਨ ਦੇ ਪੱਖ ’ਚ ਨਹੀਂ ਪਰ ਜੇ ਸਥਿਤੀ ’ਚ ਸੁਧਾਰ ਨਾ ਹੋਇਆ ਤਾਂ ਹੋਰ ਵੀ ਸਖਤ ਕਦਮ ਚੁੱਕਾਂਗੇ: ਮੁੱਖ ਮੰਤਰੀ

Farmers

ਬੰਦਿਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

  • ਰੈਸਟੋਰੈਂਟ ਤੋਂ ਲੋਕਾਂ ਨੂੰ ਖੁਦ ਖਾਣਾ ਲੈ ਕੇ ਜਾਣ ’ਤੇ ਲਗਾਈ ਰੋਕ, ਸਿਰਫ ਹੋਮ ਡਲਿਵਰੀ ਦੀ ਦਿੱਤੀ ਇਜਾਜ਼ਤ

ਸੱਚ ਕਹੂੰ ਨਿਊਜ਼, ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਭਾਵੇਂ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਮੁਕੰਮਲ ਤੇ ਸਖਤ ਲਾਕਡਾਊਨ ਦੇ ਹੱਕ ਵਿੱਚ ਨਹੀਂ ਪਰ ਨਾਲ ਹੀ ਸੂਬੇ ਵਿੱਚ ਲਗਾਈਆਂ ਬੰਦਿਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਮੁਕੰਮਲ ਲਾਕਡਾਊਨ ਲਗਾਉਣ ’ਤੇ ਵਿਚਾਰ ਕਰਨ ਲਈ ਮਜਬੂਰ ਹੋਣਾ ਪਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਵਿੱਚ ਹੁਣ ਤੱਕ ਸੰਪੂਰਨ ਲਾਕਡਾਊਨ ਦੇ ਆਦੇਸ਼ ਦੇਣ ਤੋਂ ਗੁਰੇਜ਼ ਹੀ ਕੀਤਾ ਹੈ ਕਿਉਂਕਿ ਇਸ ਨਾਲ ਸਭ ਤੋਂ ਵੱਧ ਮਾਰ ਗਰੀਬਾਂ ਨੂੰ ਪੈਂਦੀ ਹੈ। ਪਰਵਾਸੀ ਮਜ਼ਦੂਰਾਂ ਨੂੰ ਹਿਜਰਤ ਕਰਨੀ ਪੈਂਦੀ ਹੈ ਅਤੇ ਉਦਯੋਗਾਂ ਨੂੰ ਹਫੜਾ-ਦਫੜੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਵੱਲੋਂ ਬੰਦਿਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਸਖਤ ਕਦਮ ਚੁੱਕਣੇ ਪੈ ਸਕਦੇ ਹਨ। ਸੂਬੇ ਵਿੱਚ ਮੌਜੂਦਾ ਸਮੇਂ ਹਲਕੇ ਲਾਕਡਾਊਨ ਦੀ ਸਥਿਤੀ ਹੈ। ਸਰਕਾਰ ਵੱਲੋਂ ਐਤਵਾਰ ਨੂੰ ਲਗਾਈਆਂ ਹੋਰ ਰੋਕਾਂ ਦੇ ਨਾਲ ਸਖਤ ਬੰਦਿਸ਼ਾਂ ਲਗਾਈਆਂ ਗਈਆਂ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੀਟਿੰਗ ਵਿੱਚ ਦੱਸਿਆ ਕਿ ਮੌਜੂਦਾ ਰੋਕਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।

ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਸੱਦੀ ਗਈ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅੱਜ ਰੈਸਟੋਰੈਂਟ ਤੋਂ ਲੋਕਾਂ ਨੂੰ ਖੁਦ ਖਾਣਾ ਲੈ ਕੇ ਜਾਣ ਦੀ ਰੋਕ ਦੇ ਵੀ ਹੁਕਮ ਦਿੱਤੇ ਕਿਉਂਕਿ ਇਸ ਸਹੂਲਤ ਦੇ ਬਹਾਨੇ ਨੌਜਵਾਨ ਬਾਹਰ ਘੁੰਮਣ ਨਿਕਲ ਜਾਂਦੇ ਸਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਿਰਫ ਖਾਣੇ ਦੀ ਹੋਮ ਡਲਿਵਰੀ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਖਾਦਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ।

ਮੁੱਖ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਉਹ ਪੰਜਾਬ ਨੂੰ ਹੋਰਨਾਂ ਸੂਬਿਆਂ ਦੇ ਰਾਹ ਨਹੀਂ ਜਾਣ ਦੇਣਗੇ ਜਿੱਥੇ ਮਰੀਜ਼ ਸੜਕਾਂ ’ਤੇ ਪਾਏ ਦੇਖੇ ਜਾ ਸਕਦੇ ਹਨ। ਉਨ੍ਹਾਂ ਉਦਯੋਗਾਂ ਨੂੰ ਆਪਣੇ ਸੀ.ਐਸ.ਆਰ. ਫੰਡਾਂ ਦੀ ਵਰਤੋਂ ਟੀਕਾਕਰਨ ਅਤੇ ਮਾਮੂਲੀ ਤੇ ਸਾਧਾਰਣ ਲੱਛਣਾਂ ਵਾਲੇ ਮਜ਼ਦੂਰਾਂ ਦਾ ਇਲਾਜ ਕਰਵਾਉਣ ਲਈ ਆਖਿਆ ਤਾਂ ਜੋ ਉਹ ਘਰ ਰਹਿ ਸਕਣ ਜਿਸ ਨਾਲ ਹਸਪਤਾਲਾਂ ’ਤੇ ਦਬਾਅ ਘਟੇਗਾ।

ਆਉਂਦੇ ਦਿਨਾਂ ਵਿਚ ਕੋਵਿਡ ਦੇ ਸਿਖਰ ਉਤੇ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਤਿਆਰੀਆਂ ਵਧਾਉਣ ਦੀ ਲੋੜ ਉਤੇ ਦਿੰਦੇ ਹੋਏ ਮੁੱਖ ਮੰਤਰੀ ਨੇ ਅਗਲੇ 10 ਦਿਨਾਂ ਵਿਚ ਬੈੱਡਾਂ ਦੀ ਸਮਰੱਥਾ 20 ਫੀਸਦੀ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਵੀ ਮਰੀਜ਼ਾਂ ਨੂੰ ਰੱਖਣ ਲਈ ਸਟੇਡੀਅਮ , ਜਿਮਨੇਜੀਅਮਜ਼ ਅਤੇ ਹੋਰ ਅਜਿਹੀਆਂ ਥਾਵਾਂ ਨੂੰ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ ਕਿਉਂਕਿ ਸੂਬੇ ਵਿੱਚ ਐਲ-3 ਲਈ ਸਿਰਫ 300 ਬੈੱਡ ਉਪਲੱਬਧ ਹਨ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਭਰ ਰਹੇ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਐਤਵਾਰ ਨੂੰ ਸੂਬੇ ਦੀ ਪਾਜ਼ੇਟਿਵਿਟੀ ਦਰ 12 ਫੀਸਦੀ ਉਤੇ ਖੜ੍ਹੀ ਹੈ ਅਤੇ ਪਿਛਲੇ 7-10 ਦਿਨਾਂ ਤੋਂ ਮਾਲਵਾ ਖੇਤਰ ਵਿੱਚ ਕੇਸ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਐਲ-3 ਦੇ 90 ਫੀਸਦੀ ਬੈੱਡ ਭਰ ਗਏ ਹਨ ਅਤੇ ਕਈ ਮਾਮਲਿਆਂ ਵਿੱਚ 100 ਫੀਸਦੀ ਭਰ ਗਏ ਹਨ ਜਿਸ ਕਰਕੇ ਸਥਿਤੀ ਬਹੁਤ ਭਿਆਨਕ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੌਤ ਦਰ 2 ਫੀਸਦੀ ਦੇ ਨੇੜੇ ਪਹੁੰਚ ਗਈ ਹੈ ਅਤੇ ਪੇਂਡੂ ਇਲਾਕਿਆਂ ਵਿੱਚ ਇਸ ਤੋਂ ਵੀ ਵੱਧ (2.7 ਫੀਸਦੀ) ਹੈ। ਇਸ ਵੇਲੇ ਘਰਾਂ ਵਿੱਚ ਮੌਤਾਂ ਦੀ ਦਰ ਵੀ 2 ਫੀਸਦੀ ਹੈ। ਸਭ ਤੋਂ ਚਿੰਤਾ ਦਾ ਕਾਰਨ ਇਹ ਹੈ ਕਿ ਕੱੁਲ ਮੌਤਾਂ ਵਿੱਚੋਂ 17 ਫੀਸਦੀ ਮਰੀਜ਼ ਸਹਿ ਬਿਮਾਰੀਆਂ ਤੋਂ ਵੀ ਪੀੜਤ ਨਹੀਂ ਸਨ। ਮੈਡੀਕਲ ਸਿੱਖਿਆ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਖੁਲਾਸਾ ਕੀਤਾ ਕਿ ਅਪਰੈਲ ਦੇ ਪਹਿਲੇ ਹਫਤੇ ਆਈ.ਸੀ.ਯੂ. ਬੈਡਾਂ ਦੀ ਸਮਰੱਥਾ 343 ਸੀ ਜੋ ਵੱਧ ਕੇ 770 ਹੋ ਗਈ ਹੈ ਅਤੇ ਹਫਤੇ ਦੇ ਅੰਤ ਤੱਕ 900 ਕਰ ਦਿੱਤੀ ਜਾਵੇਗੀ।

ਉਨ੍ਹਾਂ ਖੁਲਾਸਾ ਕੀਤਾ ਕਿ ਆਕਸੀਜਨ ਬੈੱਡਾਂ ਦੀ ਗਿਣਤੀ ਇਸ ਹਫਤੇ 1500 ਤੋਂ ਵਧਾ ਕੇ 1800 ਕਰ ਦਿੱਤੀ ਗਈ ਹੈ ਅਤੇ ਅੱਗੇ 2000 ਕੀਤੀ ਜਾਵੇਗੀ। ਮਨੁੱਖੀ ਸ਼ਕਤੀ ਵਧਾਉਣ ਲਈ ਐਮ.ਬੀ.ਬੀ.ਐਸ. ਦੇ ਅਖੀਰਲੇ ਸਾਲ ਦੇ 700 ਵਿਦਿਆਰਥੀ, ਬੀ.ਡੀ.ਐਸ. ਦੇ ਅਖੀਰਲੇ ਸਾਲ 90 ਵਿਦਿਆਰਥੀ ਅਤੇ 70 ਸੀਨੀਅਰ ਰੈਜੀਡੈਂਟ ਡਾਕਟਰਾਂ ਦੀ ਭਰਤੀ ਛੇਤੀ ਕੀਤੀ ਜਾਵੇਗੀ ਜਦੋਂ ਕਿ ਅਗਲੇ ਇਕ ਹਫਤੇ ਵਿਚ 86 ਨਰਸਾਂ ਵੀ ਨੌਕਰੀ ਜੁਆਇੰਨ ਕਰਨਗੀਆਂ ਅਤੇ ਇਸੇ ਤਰਾਂ 473 ਨਵੀਂ ਭਰਤੀ ਕੀਤੀ ਜਾਵੇਗੀ।

ਕੇਂਦਰ ਤੋਂ ਹੋਰ ਆਕਸੀਜਨ ਟੈਂਕਰਾਂ ਦੀ ਮੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਨੂੰ ਹੋਰ ਆਕਸੀਜਨ ਟੈਂਕਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਪੰਜਾਬ ਕੋਲ ਕੋਵਿਡ ਪੀੜਤ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਕਸੀਜਨ ਲਿਜਾਣ ਲਈ ਲੋੜੀਂਦੇ ਟੈਂਕਰ ਉਪਲੱਬਧ ਨਹੀਂ ਹਨ। ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਮੀਟਿੰਗ ਵਿੱਚ ਕਿਹਾ ਕਿ ਸੂਬੇ ਨੂੰ ਤੁਰੰਤ ਹੋਰ ਟੈਂਕਰਾਂ ਦੀ ਜ਼ਰੂਰਤ ਹੈ ਕਿਉਂਕਿ ਸੂਬੇ ਕੋਲ ਸਿਰਫ 15 ਟੈਂਕਰ ਹੀ ਉਪਲੱਬਧ ਹਨ ਅਤੇ ਕੱਲ੍ਹ ਤੱਕ ਦੋ ਹੋਰ ਆਉਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਇਹ ਗਿਣਤੀ ਦੂਸਰੇ ਸੂਬਿਆਂ ਤੋਂ ਆ ਰਹੀ ਆਕਸੀਜਨ ਸਪਲਾਈ ਨਾਲ ਨਜਿੱਠਣ ਲਈ ਬਹੁਤ ਘੱਟ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਦੂਜੇ ਸੂਬਿਆਂ ਦੇ ਵੱਖ-ਵੱਖ ਪਲਾਂਟਾਂ ਤੋਂ 195 ਮੀਟਰਿਕ ਟਨ ਦੀ ਅਲਾਟਮੈਂਟ ਕੀਤੀ ਗਈ ਹੈ ਪਰ ਪਿਛਲੇ 7 ਦਿਨਾਂ ਦੌਰਾਨ ਅਸਲ ਸਪਲਾਈ ਰੋਜਾਨਾ 110-120 ਮੀਟਰਿਕ ਟਨ ਰਹੀ ਹੈ ਜੋ ਕਿ ਅਸਿਥਰ ਵੀ ਹੋਈ ਹੈ। ਇਸ ਸਮੇਂ ਦੌਰਾਨ, ਆਕਸੀਜਨ ਸਹਾਇਤਾ ’ਤੇ ਮਰੀਜ਼ਾਂ ਦੀ ਗਿਣਤੀ 4000 ਤੋਂ ਵੱਧ ਕੇ 9000 ਦੇ ਕਰੀਬ ਹੋ ਗਈ ਹੈ। ਸੂਬੇ ਵਿੱਚ ਆਕਸੀਜਨ ਦੀ ਮੌਜੂਦਾ ਖਪਤ ਰੋਜਾਨਾ 225 ਮੀਟਿ੍ਰਕ ਟਨ ਤੋਂ ਵੱਧ ਹੈ ਜਦੋਂ ਕਿ ਹਰ ਰੋਜ਼ ਮੰਗ ਵਿਚ ਔਸਤਨ ਵਾਧਾ ਲਗਭਗ 15-20 ਫ਼ੀਸਦੀ ਹੋ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।