ਨਹੀਂਓ ਲੱਭਿਆ ਲਾਲ ਗੁਆਚਾ

ਨਹੀਂਓ ਲੱਭਿਆ ਲਾਲ ਗੁਆਚਾ

ਬੰਤੋ ਨੇ ਰੱਬ ਤੋਂ ਬੜੀਆਂ ਮਿੰਨਤਾਂ-ਤਰਲੇ ਕਰਕੇ ਪੁੱਤਰ ਦੀ ਦਾਤ ਲਈ ਸੀ। ਪੁੱਤ ਦੇ ਆਉਣ ਨਾਲ ਪਰਿਵਾਰ ਦੇ ਨਿੱਤ ਦੇ ਤਾਅਨੇ-ਮਿਹਣੇ ਅਤੇ ਉਨ੍ਹਾਂ ਦਾ ਬੰਤੋ ਨਾਲ ਕਲੇਸ਼ ਜਿਵੇਂ ਖ਼ਤਮ ਹੀ ਹੋ ਗਿਆ ਸੀ। ਪਰਿਵਾਰ ਦਾ ਮਾਹੌਲ ਹੀ ਬਦਲ ਗਿਆ ਸੀ। ਬੰਤੋ ਅਤੇ ਉਸ ਦਾ ਪਤੀ ਦੋਵੇਂ ਬਹੁਤ ਖੁਸ਼ ਸਨ ਅਤੇ ਮੇਰੀ ਧੀ ਨੂੰ ਐਨਾ ਚਾਅ ਸੀ ਜਿਵੇਂ ਕੋਈ ਦੱਬਿਆ ਖਜ਼ਾਨਾ ਲੱਭ ਗਿਆ ਹੋਵੇ। ਸਾਰਾ ਦਿਨ ਆਪਣੇ ਛੋਟੇ ਜਿਹੇ ਵੀਰ ਨੂੰ ਹਿੱਕ ਨਾਲ ਲਾਈ ਰੱਖਣਾ, ਮਾਂ ਦੀ ਤਰ੍ਹਾਂ ਲੋਰੀਆਂ ਦੇਈ ਜਾਣਾ। ਇੰਝ ਲੱਗ ਰਿਹਾ ਸੀ ਜਿਵੇਂ ਕੋਈ ਕਾਲੀ ਰਾਤ ਤੋਂ ਬਾਅਦ ਚਾਨਣ ਹੋ ਗਿਆ ਹੋਵੇ। ਪੁੱਤ ਨੂੰ ਬੰਤੋ ਨੇ ਬੜੇ ਲਾਡਾਂ ਨਾਲ ਪਾਲਿਆ, ਉਸ ਦੀ ਹਰ ਇੱਕ ਰੀਝ ਪੁਗਾਈ। ਉਸ ਨੂੰ ਵੱਡਾ ਹੁੰਦਾ ਵੇਖ ਕੇ ਜੋ ਖੁਸ਼ੀ ਬੰਤੋ ਅਤੇ ਉਸ ਦੇ ਪਰਿਵਾਰ ਨੂੰ ਮਹਿਸੂਸ ਹੁੰਦੀ ਸੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਸੀ, ਰੱਬ ਨੇ ਰੰਗ-ਰੂਪ ਜੋ ਉਸ ਨੂੰ ਐਨਾ ਪਿਆਰਾ ਦਿੱਤਾ ਸੀ।

ਸਮਾਂ ਲੰਘਦਾ ਗਿਆ, ਪੁੱਤ ਜਵਾਨ ਹੋਇਆ। ਪਰ ਬੰਤੋ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ। ਇੱਕ ਰਾਤ ਕਾਕਾ ਨਸ਼ੇ ਨਾਲ ਧੁੱਤ ਹੋ ਕੇ ਘਰ ਆਇਆ। ਨਾ ਬੰਤੋ ਨੇ ਕੋਈ ਸੁਆਲ ਕੀਤਾ ਤੇ ਨਾ ਕਾਕੇ ਨੇ ਕੋਈ ਗੱਲ ਕੀਤੀ। ਪਰ ਬੰਤੋ ਦੀਆਂ ਨਜ਼ਰਾਂ ਵਿਚ ਫਿਕਰਮੰਦੀ ਸਾਫ ਝਲਕ ਰਹੀ ਸੀ। ਉਸ ਨੂੰ ਵੇਖ ਕੇ ਦੋਵੇਂ ਜੀਅ ਜਿਵੇਂ ਕੰਝ ਹੀ ਬਣ ਗਏ ਸਨ। ਉਨ੍ਹਾਂ ਨੇ ਕਾਕੇ ਨੂੰ ਫੜ ਕੇ ਮੰਜੇ ’ਤੇ ਲਿਟਾਇਆ। ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਇਹ ਕੀ ਹੋਇਆ ਅਤੇ ਕੀ ਕੀਤਾ ਜਾਵੇ ਹੁਣ। ਉਹ ਰਾਤ ਬੜੀ ਕਹਿਰ ਭਰੀ ਸੀ। ਬੰਤੋ ਦੀਆਂ ਅੱਖਾਂ ਵਿਚ ਰਾਤ ਭਰ ਨੀਂਦ ਨਾ ਪਈ।

ਸਵੇਰ ਹੋਈ ਤਾਂ ਕਾਕੇ ਨੂੰ ਬੜਾ ਪਿਆਰ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਕਾਕੇ ਨੇ ਕੁਝ ਵੀ ਨਾ ਦੱਸਿਆ। ਉਸ ਦੀ ਨਸ਼ੇ ਦੀ ਲਤ ਦਿਨੋ-ਦਿਨ ਵਧਦੀ ਜਾ ਰਹੀ ਸੀ, ਹੁਣ ਤਾਂ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਵੀ ਕਰਨ ਲੱਗ ਗਿਆ ਸੀ। ਬੰਤੋ ਨੂੰ ਉਹ ਸਾਰੇ ਸੁਪਨੇ ਸੰਕਟ ਵਿਚ ਜਾਪਣ ਲੱਗੇ ਜੋ ਉਸ ਨੇ ਕਾਕੇ ਦੇ ਵਿਆਹ ਲਈ ਵੇਖੇ ਸਨ। ਪੁੱਤ ਦੇ ਬਚਪਨ ਦੇ ਲਾਡ, ਪੁੱਤ ਦੀ ਹੋਂਦ ਦਾ ਮਾਣ, ਖਿਆਲਾਂ ਵਿਚ ਆਉਂਦੇ ਵਿਹੜੇ ਵਿਚ ਖੇਡਦੇ ਕਾਕੇ ਦੇ ਨਿੱਕੇ-ਨਿੱਕੇ ਪੈਰ, ਉਸ ਦੀਆਂ ਕਿਲਕਾਰੀਆਂ ਬੰਤੋ ਨੂੰ ਰੁਆ ਦਿੰਦਿਆਂ। ਬੰਤੋ ਪੁੱਤ ਦੇ ਦੁੱਖ ਵਿਚ ਖੁਰਦੀ ਜਾ ਰਹੀ ਸੀ। ਕਾਕੇ ਦੀ ਫਿਕਰ ਬੰਤੋ ਅਤੇ ਉਸ ਦੇ ਪਤੀ ਨੂੰ ਇਸ ਤਰ੍ਹਾਂ ਖਾ ਰਹੀ ਸੀ ਜਿਵੇਂ ਲੱਕੜ ਨੂੰ ਘੁਣ ਖਾਂਦਾ ਹੈ। ਫੇਰ ਇੱਕ ਦਿਨ ਅਜਿਹਾ ਆਇਆ ਕਿ ਕਾਕਾ ਘਰ ਛੱਡ ਕੇ ਚਲਾ ਗਿਆ। ਉਸ ਨੂੰ ਹਰ ਥਾਂ ਲੱਭਿਆ, ਪਰ ਉਸ ਦਾ ਕੋਈ ਅਤਾ-ਪਤਾ ਨਾ ਮਿਲਿਆ।

ਸਾਲਾਂ ਦੇ ਸਾਲ ਲੰਘ ਗਏ, ਬੰਤੋ ਦਾ ਸੂਹਾ ਚਿਹਰਾ ਝੁਰੜੀਆਂ ਵਿਚ ਤਬਦੀਲ ਹੋ ਗਿਆ। ਪੁੱਤ ਦੇ ਦੁੱਖ ਨੇ ਬੰਤੋ ਨੂੰ ਮੁਟਿਆਰ ਤੋਂ ਬੁੱਢੀ ਕਰ ਦਿੱਤਾ। ਪਰ ਪੁੱਤ ਮੁੜ ਕੇ ਨੀ ਆਇਆ। ਇੱਕ ਦਿਨ ਬੰਤੋ ਰੋਜ਼ ਦੀ ਤਰ੍ਹਾਂ ਸੋਚਾਂ ਵਿਚ ਡੁੱਬੀ ਮੰਜੇ ’ਤੇ ਪਈ ਸੀ ਕਿ ਅਚਾਨਕ ਘਰ ਦਾ ਬੂਹਾ ਖੜਕਿਆ। ਉਸ ਦੀ ਡਾਕਟਰ ਧੀ ਬੂਹੇ ’ਤੇ ਖੜ੍ਹੀ ਸੀ ਜੋ ਕਿ ਉਨ੍ਹਾਂ ਦੋਹਾਂ ਜੀਆਂ ਨੂੰ ਆਪਣੇ ਨਾਲ ਲਿਜਾਣ ਲਈ ਆਈ ਸੀ।

ਬੇਟੀ ਦੀ ਜ਼ਿੱਦ ਅਤੇ ਆਪਣੀ ਬੇਬੱਸੀ ਅੱਗੇ ਦੋਵੇਂ ਜੀਅ ਹਾਰ ਗਏ ਅਤੇ ਬੇਟੀ ਨਾਲ ਜਾਣ ਦਾ ਫੈਸਲਾ ਕਰ ਲਿਆ। ਬੰਤੋ ਅਤੇ ਉਸ ਦਾ ਪਤੀ ਸੋਚ ਰਹੇ ਸੀ ਕਿ ਐਨੇ ਸਾਲ ਜੇਕਰ ਪੁੱਤ ਦੀ ਥਾਂ ’ਤੇ ਇੱਕ ਹੋਰ ਧੀ ਦੀ ਦਾਤ ਮੰਗੀ ਹੁੰਦੀ ਤਾਂ ਅੱਜ ਜ਼ਿੰਦਗੀ ਕਿੰਨੀ ਸੁਹਾਵਣੀ ਹੋਣੀ ਸੀ। ਜਦੋਂ ਆਸਾਂ ਨੂੰ ਬੂਰ ਪੈ ਕੇ ਵੀ ਕੁਝ ਹੱਥ-ਵੱਸ ਨਹੀਂ ਰਹਿੰਦਾ ਫੇਰ ਬੜਾ ਦੁੱਖ ਲੱਗਦਾ। ਬੰਤੋ ਦੇ ਮੂੰਹੋਂ ਆਪ-ਮੁਹਾਰੇ ਨਿੱਕਲਿਆ ‘ਜੇ ਪੁੱਤਰ ਮਿੱਠੜੇ ਮੇਵੇ, ਧੀਆਂ ਮਿਸ਼ਰੀ ਡਲੀਆਂ’।
ਮਨੀਸ਼ਾ ਰਾਣੀ
ਪੰਜਾਬੀ ਮਿਸਟ੍ਰੈਸ, ਸ. ਸ. ਸ. ਸਕੂਲ ਦਲੇਲ ਸਿੰਘ ਵਾਲਾ, ਮਾਨਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ