ਜੱਥੇਬੰਦੀ ਵੱਲੋਂ 21 ਨੂੰ ਨਿਗਮ ਦੇ ਘਿਰਾਓ ਦਾ ਐਲਾਨ
ਅਸ਼ੋਕ ਵਰਮਾ/ਬਠਿੰਡਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਮੰਡੀਆਂ ‘ਚ ਕਪਾਹ ਉਤਪਾਦਕ ਕਿਸਾਨਾਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਦਾ ਸਖਤ ਨੋਟਿਸ ਲੈਂਦਿਆਂ ਪ੍ਰਸ਼ਾਸ਼ਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ 21 ਅਕਤੂਬਰ ਨੂੰ ਭਾਰਤੀ ਕਪਾਹ ਨਿਗਮ ਦੇ ਖੇਤਰੀ ਦਫਤਰ ਬਠਿੰਡਾ ਦਾ ਘਿਰਾਓ ਕੀਤਾ ਜਾਏਗਾ ਕਿਸਾਨ ਆਖਦੇ ਹਨ ਕਿ ਵਪਾਰੀਆਂ ਦੇ ਮੁਕਾਬਲੇ ‘ਚ ਭਾਰਤੀ ਕਪਾਹ ਨਿਗਮ ਤਾਂ ਖਰੀਦ ਸਬੰਧੀ ਆਟੇ ‘ਚ ਲੂਣ ਵੀ ਨਹੀਂ ਪਾ ਰਿਹਾ ਹੈ ਅੱਜ ਯੂਨੀਅਨ ਦੇ ਆਗੂਆਂ ਨੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ ਵੀ ਕੀਤੀ ਹੈ ਜਿਸ ਦੌਰਾਨ ਖਰੀਦ ਨਾਲ ਜੁੜੇ ਮੁੱਦੇ ਵਿਚਾਰੇ ਗਏ ਕਿਸਾਨਾਂ ਦੀ ਵੱਡੀ ਸਮੱਸਿਆ ਕੇਂਦਰ ਸਰਕਾਰ ਵੱਲੋਂ ਪਿਛਲੇ ਵਰ੍ਹੇ ਤੋਂ ਖਰੀਦ ਸਬੰਧੀ ਲਾਗੂ ਕੀਤੇ ਨਵੇਂ ਨਿਯਮਾਂ ਦੀ ਹੈ ਕੇਂਦਰੀ ਨਿਯਮਾਂ ਅਨੁਸਾਰ ਭਾਰਤੀ ਕਪਾਹ ਨਿਗਮ ਨੂੰ ਕਿਸਾਨਾਂ ਤੋਂ ਸਿੱਧੀ ਫ਼ਸਲ ਖ਼ਰੀਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜੋ ਆੜ੍ਹਤੀਆਂ ਨੂੰ ਹਜਮ ਨਹੀਂ ਹੋ ਰਹੇ ਪਹਿਲਾਂ ਕਪਾਹ ਨਿਗਮ ਨੂੰ ਉਡੀਕਦਿਆਂ ਮੰਡੀਆਂ ‘ਚ ਨਰਮੇ ਦੀ ਫਸਲ ਰੁਲਦੀ ਰਹੀ ਤੇ ਹੁਣ ਸਿੱਧੀ ਖਰੀਦ ਦਾ ਮਸਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਜੇਕਰ ਕਿਸਾਨ ਨਿਗਮ ਨੂੰ ਨਰਮਾ ਵੇਚ ਦਿੰਦੇ ਹਨ ਤਾਂ ਆੜ੍ਹਤੀਆਂ ਦੇ ਪੈਸੇ ਫਸਣ ਦਾ ਖਤਰਾ ਬਣਦਾ ਹੈ ਆੜ੍ਹਤੀਆਂ ਵੱਲੋਂ ਕਿਸੇ ਕਿਸਮ ਦੇ ਸੰਘਰਸ਼ ਦੇ ਡਰੋਂ ਸੀਸੀਆਈ ਦੇ ਅਧਿਕਾਰੀ ਮੰਡੀਆਂ ‘ਚ ਜਾਣ ਤੋਂ ਗੁਰੇਜ਼ ਕਰਨ ਲੱਗੇ ਹਨ ਇਸ ਦਾ ਸਿੱਟਾ ਨਰਮੇ ਦੀ ਫਸਲ ਦਾ ਸਰਕਾਰੀ ਭਾਅ ਤੋਂ ਨੀਵਾਂ ਵਿਕਣ ਦੇ ਰੂਪ ‘ਚ ਨਿਕਲ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਕਪਾਹ ਨਿਗਮ ਮਾੜਾ ਮੋਟਾ ਨਰਮਾ ਖਰੀਦਣ ਲੱਗਿਆ ਹੈ ਪਰ ਜਦੋਂ ਤੱਕ ਬਰਾਬਰ ਬੋਲੀ ਨਹੀਂ ਹੁੰਦੀ ਤਾਂ ਉਦੋਂ ਤੱਕ ਭਾਅ ‘ਚ ਅਸਾਵਾਂਪਣ ਖਤਮ ਨਹੀਂ ਕੀਤਾ ਜਾ ਸਕਦਾ ਹੈ ਨਰਮੇ ਦੇ ਘਟੇ ਭਾਅ ਨੂੰ ਦੇਖਦਿਆਂ ਕਿਸਾਨ ਧਿਰ ਨੇ ਘਿਰਾਓ ਵਰਗੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਪਤਾ ਲੱਗਿਆ ਹੈ ਕਈ ਕਪਾਹ ਮੰਡੀਆਂ ਵਿਚ ਟਕਰਾਓ ਵਾਲਾ ਮਾਹੌਲ ਵੀ ਬਣ ਚੁੱਕਿਆ ਹੈ ਜਿਸ ਨੂੰ ਲੈਕੇ ਭਾਰਤੀ ਕਪਾਹ ਨਿਗਮ ਦੇ ਅਧਿਕਾਰੀਆਂ ‘ਚ ਸਹਿਮ ਦਾ ਮਹੌਲ ਹੈ ।
ਨਿਗਮ ਵਿਚਲੇ ਸੂਤਰ ਦੱਸਦੇ ਹਨ ਕਿ ਖਰੀਦ ਸਟਾਫ ਨੂੰ ਖਰੀਦ ਦੇ ਨਾਲ ਨਾਲ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਪੈ ਰਿਹਾ ਹੈ ਉਨ੍ਹਾਂ ਦੱਸਿਆ ਕਿ ਕੰਮ ਲਈ ਇੱਕ ਵਾਤਾਵਰਨ ਦੀ ਜਰੂਰਤ ਹੁੰਦੀ ਹੈ ਜੋ ਮੰਡੀਆਂ ਵਿਚ ਹੁਣ ਨਹੀਂ ਰਿਹਾ ਹੈ ਕਪਾਹ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਮੰਡੀਆਂ ‘ਚ ਜਾ ਰਹੇ ਹਨ ਪਰ ਕਿਸਾਨ ਫਸਲ ਦੇਣ ਨੂੰ ਤਿਆਰ ਨਹੀਂ ਹੈ ਕਪਾਹ ਮੰਡੀਆਂ ਵਿੱਚ ਇਸ ਵੇਲੇ ਨਰਮੇ ਕਪਾਹ ਦੀ ਫ਼ਸਲ ਸਰਕਾਰੀ ਭਾਅ 5450 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਵਿਕ ਰਹੀ ਹੈ ਬਠਿੰਡਾ ਮੰਡੀ ‘ਚ ਨਰਮਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਕਪਾਹ ਨਿਗਮ ਦੇ ਅਧਿਕਾਰੀ ਤਾਂ ਆਏ ਹੀ ਨਹੀਂ ਜਿਸ ਕਰਕੇ ਘਰਾਂ ਦੀਆਂ ਜਰੂਰਤਾਂ ਨੂੰ ਦੇਖਦਿਆਂ ਨਰਮਾ ਮੰਡੀ ਲਿਆਉਣਾ ਪਿਆ ਹੈ ਉਨ੍ਹਾਂ ਦੱਸਿਆ ਕਿ ਚੁਗਾਈ ਦੇ ਖਰਚੇ ਕੱਢਕੇ ਜੋ ਪਿੱਛੇ ਬਚਿਆ ਹੈ ਉਸ ਨਾਲ ਲਾਗਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਹਨ
ਆੜ੍ਹਤੀਆਂ ਦੇ ਦਬਾ ਹੇਠ ਨਿਗਮ:ਕਿਸਾਨ ਆਗੂ
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਸੀ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਤਾਂ ਨਰਮੇ ਦੀਆਂ ਢੇਰੀਆਂ ਮਿੱਟੀ ਦੇ ਭਾਅ ਖਰੀਦੀਆਂ ਜਾ ਰਹੀਆਂ ਹਨ ਜੋਕਿ ਚਿੰਤਾਜਨਕ ਹੈ ਉਨ੍ਹਾਂ ਆਖਿਆ ਕਿ ਆੜ੍ਹਤੀਆਂ ਦੇ ਦਬਾ ਹੇਠ ਕਪਾਹ ਨਿਗਮ ਖ਼ਰੀਦ ਕਰਨ ਤੋਂ ਭੱਜ ਗਿਆ ਹੈ ਜਿਸ ਕਰਕੇ ਸਰਕਾਰ ਨੂੰ ਫ਼ੌਰੀ ਦਾਖਲ ਦੇਣਾ ਚਾਹੀਦਾ ਹੈ ਇੰਨ੍ਹਾਂ ਮਸਲਿਆਂ ਸਬੰਧੀ ਭਾਰਤੀ ਕਪਾਹ ਨਿਗਮ ਦਾ ਪੱਖ ਜਾਨਣ ਲਈ ਵਾਰ ਵਾਰ ਸੰਪਰਕ ਕਰਨ ਤੇ ਖੇਤਰੀ ਦਫਤਰ ਬਠਿੰਡਾ ਦੇ ਸਹਾਇਕ ਜਰਨਲ ਮੈਨੇਜਰ ਨੀਰਜ ਕੁਮਾਰ ਨੇ ਫੋਨ ਨਹੀਂ ਚੁੱਕਿਆ।
‘ਅੱਛੇ ਦਿਨਾਂ ਦੇ ਵਾਅਦਿਆਂ ਦੀ ਫੂਕ ਨਿਕਲੀ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ) ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਬਠਿੰਡਾ ਰੈਲੀ ਵਿਚ ਨਰਮੇ ਦੀ ਫਸਲ ਦੇ ‘ਅੱਛੇ ਦਿਨ’ ਲਿਆਉਣ ਦਾ ਵਾਅਦਾ ਕੀਤਾ ਸੀ ਇਵੇਂ ਹੀ ਮਲੋਟ ਰੈਲੀ ਵਿਚ ਵੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਐਤਕੀਂ ਨਰਮਾ ਪੱਟੀ ਵਿਚ ਨਰਮੇ ‘ਚ ਨਰਮੀ ਨਹੀਂ ਰਹਿਣ ਦਿਆਂਗੇ ਉਨ੍ਹਾਂ ਆਖਿਆ ਕਿ ਜੋ ਹਾਲ ਨਰਮੇ ਦਾ ਹੋ ਰਿਹਾ ਹੈ ਉਸ ਨੂੰ ਦੇਖਦਿਆਂ ਸਭ ਦਾਅਵਿਆਂ ਦੀ ਫ਼ੂਕ ਨਿਕਲ ਗਈ ਹੈ ਉਨ੍ਹਾਂ ਮੰਗ ਕੀਤੀ ਕਿ ਕਪਾਹ ਨਿਗਮ ਫੌਰੀ ਤੌਰ ‘ਤੇ ਮੰਡੀਆਂ ‘ਚ ਪ੍ਰਾਈਵੇਟ ਵਪਾਰੀਆਂ ਦੇ ਬਰਾਬਰ ਖੜ੍ਹ ਕੇ ਖਰੀਦ ਕਰੇ ਨਹੀਂ ਤਾਂ 21 ਦੇ ਧਰਨੇ ਤੋਂ ਬਾਅਦ ਸੰਘਰਸ਼ ਹੋਰ ਵੀ ਤੇਜ ਕੀਤਾ ਜਾਏਗਾ।
ਸਮੱਸਿਆ ਦੇ ਹੱਲ ਲਈ ਕਿਹਾ:ਵਧੀਕ ਡਿਪਟੀ ਕਮਿਸ਼ਨਰ
ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸੁਖਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਪਾਹ ਨਿਗਮ ਨੂੰ ਸਿੱਲ੍ਹ ਦੀ ਸਮੱਸਿਆ ਆ ਰਹੀ ਹੈ ਜਿਸ ਕਰਕੇ ਨਰਮੇ ਦੀ ਖਰੀਦ ਪ੍ਰਭਾਵਿਤ ਹੋਈ ਹੈ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਗ ਮੁਤਾਬਕ ਕਪਾਹ ਨਿਗਮ ਨੂੰ ਸਮੱਸਿਆ ਦਾ ਹੱਲ ਕੱਢਣ ਲਈ ਆਖ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।