ਲੌਂਗੋਵਾਲ ਦੇ ਕਾਇਆ ਕਲਪ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਅਮਨ ਅਰੋੜਾ

longowal-3

ਅਮਨ ਅਰੋੜਾ ਵੱਲੋਂ ਸ: ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਖੂਨਦਾਨ ਕਰਦਿਆਂ ਸ਼ਰਧਾਂਜਲੀ ਭੇਂਟ

  • ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਕੈਬਨਿਟ ਮੰਤਰੀ, ਡਿਪਟੀ ਕਮਿਸ਼ਨਰ ਸਮੇਤ ਹੋਰਾਂ ਵੱਲੋਂ ਸ਼ਰਧਾਂਜਲੀਆਂ

(ਹਰਪਾਲ ਸਿੰਘ/ਕ੍ਰਿਸ਼ਨ) ਲੌਂਗੋਵਾਲ। ਪੰਜਾਬ ਦੇ ਸੂਚਨਾ ’ਤੇ ਲੋਕ ਸੰਪਰਕ, ਮਕਾਨ ਉਸਾਰੀ ’ਤੇ ਸ਼ਹਿਰੀ ਵਿਕਾਸ ਅਤੇ ਨਵੀਂ ’ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿਖੇ ਆਯੋਜਿਤ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਖੁਦ ਖੂਨਦਾਨ ਕਰਕੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੂੰ ਇਹ ਸੱਚੀ ਸ਼ਰਧਾਂਜਲੀ ਹੈ ਕਿ ਉਨ੍ਹਾਂ ਦੀ ਬਰਸੀ ਮੌਕੇ ਨਿਵੇਕਲਾ ਉਪਰਾਲਾ ਕਰਦੇ ਹੋਏ ਸਿਆਸੀ ਦੂਸ਼ਣਬਾਜ਼ੀਆਂ ਅਤੇ ਫੋਕੀਆਂ ਸ਼ੋਹਰਤਾਂ ਤੋਂ ਦੂਰ ਰਹਿ ਕੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਹੈ ਤਾਂ ਜੋ ਖੂਨ ਦੀ ਘਾਟ ਕਾਰਨ ਹਸਪਤਾਲਾਂ ਵਿੱਚ ਜ਼ਿੰਦਗੀ ’ਤੇ ਮੌਤ ਦੀ ਲੜਾਈ ਲੜਨ ਵਾਲੇ ਲੋੜਵੰਦਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਖੂਨਦਾਨ ਕੈਂਪ ਦੌਰਾਨ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਖੂਨਦਾਨ ਕਰਦੇ ਹੋਏ।

ਖੂਨਦਾਨ ਉੱਤਮ ਦਾਨ : ਅਮਨ ਅਰੋੜਾ

ਉਨ੍ਹਾਂ ਕਿਹਾ ਕਿ ਖੂਨਦਾਨ ਉੱਤਮ ਦਾਨ ਹੈ ਅਤੇ ਇਸ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈ। ਕੈਬਨਿਟ ਮੰਤਰੀ ਅਰੋੜਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ। ਸ਼੍ਰੀ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ’ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਸੰਤਾਂ ਦੀ ਯਾਦ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਦਾ ਮਕਸਦ ਵੀ ਮਨੁੱਖਤਾ ਦੀ ਸੇਵਾ ਹੀ ਹੈ ਜਿਸ ਰਾਹੀਂ ਇਕੱਤਰ ਹੋਣ ਵਾਲੇ ਖੂਨ ਦੀ ਇੱਕ ਇੱਕ ਬੂੰਦ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਸਹਾਈ ਸਾਬਤ ਹੋਵੇਗੀ।

ਇਸ ਮੌਕੇ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸਰਵਪੱਖੀ ਵਿਕਾਸ ਲਈ ਸਾਰਥਕ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਕੁਝ ਸਮੇਂ ਵਿੱਚ ਲੋਕਾਂ ਨੂੰ ਹਲਕਾ ਸੁਨਾਮ ਵਿਕਾਸ ਦੀਆਂ ਲੀਹਾਂ ’ਤੇ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਲੌਂਗੋਵਾਲ ਦਾ ਕਾਇਆ ਕਲਪ ਵੀ ਉਨ੍ਹਾਂ ਦੇ ਮਿੱਥੇ ਟੀਚਿਆਂ ਵਿੱਚੋਂ ਇੱਕ ਹੈ ਜਿਸ ਕਾਰਨ ਜਲਦੀ ਹੀ ਇਥੇ ਵੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆ ਦਿੱਤੀ ਜਾਵੇਗੀ।

ਅਨਾਜ ਮੰਡੀ ਲੌਂਗੋਵਾਲ ਵਿਖੇ ਲਾਏ ਖੂਨਦਾਨ ਕੈਂਪ ਦੌਰਾਨ ਅਮਨ ਅਰੋੜਾ ਨੇ ਖੂਨਦਾਨ ਕਰਨ ਵਾਲੇ ਵਾਲੰਟੀਅਰਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਦਿਆਂ ਲੋਕ ਸੇਵਾ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਖੂਨਦਾਨ ਕਰਕੇ ਆਪਣਾ ਵਿਲੱਖਣ ਯੋਗਦਾਨ ਪਾਉਣ ਲਈ ਹੌਂਸਲਾ ਅਫ਼ਜਾਈ ਕੀਤੀ। ਇਸ ਦੌਰਾਨ ਸਲਾਈਟ ਲੌਂਗੋਵਾਲ, ਨਿਰੰਕਾਰੀ ਮਿਸ਼ਨ, ਜੀਵਨ ਆਸ਼ਾ ਵੈਲਫੇਅਰ ਕਲੱਬ ਅਤੇ ਯੰਗ ਵੈਲਫੇਅਰ ਕਲੱਬ ਸਮੇਤ ਹੋਰ ਸਮਾਜ ਸੇਵੀ ਸੰਗਠਨਾਂ ਨੇ ਵੀ ਸਹਿਯੋਗ ਦਿੱਤਾ। ਵਣ ਮੰਡਲ ਸੰਗਰੂਰ ਵੱਲੋਂ ਵਿਸ਼ੇਸ਼ ਸਟਾਲ ਲਗਾ ਕੇ ਸਾਰਿਆਂ ਨੂੰ ਮੁਫ਼ਤ ਬੂਟਿਆਂ ਦੀ ਵੰਡ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਨਵਰੀਤ ਕੌਰ ਸੇਖੋਂ, ਸੁਤੰਤਰਤਾ ਸੰਗਰਾਮੀ ਬੀਬੀ ਸ਼ਮਿੰਦਰ ਕੌਰ ਲੌਂਗੋਵਾਲ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਕੱਤਰ ਰੈਡ ਕਰਾਸ ਸੁਸਾਇਟੀ ਕਿ੍ਰਸ਼ਨ ਕੁਮਾਰ ਮਿੱਤਲ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰਾਂ, ਆਗੂਆਂ, ਵਰਕਰਾਂ ’ਤੇ ਪਤਵੰਤਿਆਂ ਨੇ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ