ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ, 6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼
- ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹੀ ਬਜਟ ਸੈਸ਼ਨ ਨੂੰ ਛੋਟਾ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਕਿ ਹਮੇਸ਼ਾ ਹੀ ਬੈਠਕਾਂ ਨੂੰ ਲੈ ਕੇ ਹੰਗਾਮਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਅੱਗੇ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਸਰਕਾਰ ਵਲੋਂ ਅਗਾਮੀ 20 ਮਾਰਚ ਤੋਂ ਸਿਰਫ਼ 7 ਮੀਟਿੰਗ ਵਾਲਾ ਬਜਟ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2009-10 ਵਿੱਚ 7 ਬੈਠਕ, 2014-15 ਵਿੱਚ 6 ਬੈਠਕ ਅਤੇ 2015-16 ਨੂੰ ਸਿਰਫ਼ 8 ਬੈਠਕਾ ਦਾ ਸਭ ਤੋਂ ਛੋਟਾ ਬਜਟ ਸੈਸ਼ਨ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਨਿਯਮਾਂ ਅਨੁਸਾਰ ਕੋਈ ਵੀ ਸਰਕਾਰ ਸਾਲ ਵਿੱਚ 40 ਬੈਠਕ ਤੋਂ ਘੱਟ ਸੈਸ਼ਨ ਨਹੀਂ ਕਰ ਸਕਦੀ ਹੈ ਅਤੇ ਹਰ ਸਰਕਾਰ ਨੂੰ ਹਰ ਹਾਲਤ ਵਿੱਚ 40 ਜਾਂ ਫਿਰ ਇਸ ਤੋਂ ਜਿਆਦਾ ਬੈਠਕ ਦਾ ਸੈਸ਼ਨ ਕਰਨਾ ਜਰੂਰੀ ਹੈ। ਪੰਜਾਬ ਵਿਧਾਨ ਸਭਾ ਵਿੱਚ ਸਾਲ 1997-98 ਤੋਂ ਪਹਿਲਾਂ ਨਿਯਮਾਂ ਅਨੁਸਾਰ ਹੀ ਬਜਟ ਸੈਸ਼ਨ 20 ਤੋਂ 29 ਬੈਠਕ ਤੱਕ ਹੁੰਦਾ ਰਿਹਾ ਹੈ ਪਰ ਪਿਛਲੇ 20 ਸਾਲਾਂ ਵਿੱਚ ਬਜਟ ਸੈਸ਼ਨ 20 ਤੋਂ 29 ਬੈਠਕ ਤੋਂ ਸੁੰਗੜ ਕੇ ਸਿਰਫ਼ 6 ਤੋਂ 8 ਬੈਠਕ ਤੱਕ ਹੀ ਸੀਮਤ ਰਹਿ ਗਿਆ ਹੈ, ਜਦੋਂ ਕਿ ਸਾਲ ਵਿੱਚ 40 ਦੀ ਥਾਂ ‘ਤੇ ਸਿਰਫ਼ 15-17 ਬੈਠਕ ਹੀ ਹੋ ਰਹੀਆਂ ਹਨ।
ਅਕਾਲੀ-ਭਾਜਪਾ ਵਿਚਕਾਰ ਕਦੇ ਵੀ 17-18 ਤੋਂ ਵੱਧ ਨਹੀਂ ਹੋਈ ਬੈਠਕਾਂ
ਇਸ ਸਾਲ 2018-19 ਦੇ ਬਜਟ ਸੈਸ਼ਨ ‘ਚ 7 ਬੈਠਕ ਰੱਖੇ ਜਾਣ ‘ਤੇ ਹੰਗਾਮਾ ਕਰਨ ਵਾਲੇ ਅਕਾਲੀ-ਭਾਜਪਾ ਲੀਡਰਾਂ ਨੇ ਹੀ ਛੋਟੇ ਸੈਸ਼ਨ ਦੀ ਸ਼ੁਰੂਆਤ ਆਪਣੀ ਸਰਕਾਰ ਵਿੱਚ ਕੀਤੀ ਹੋਈ ਹੈ। ਪਿਛਲੇ 5 ਸਾਲਾ ਦਰਮਿਆਨ ਬਜਟ ਸੈਸ਼ਨ ਅਕਾਲੀ-ਭਾਜਪਾ ਸਰਕਾਰ ਨੇ ਸਿਰਫ਼ 8 ਤੋਂ 10 ਬੈਠਕ ਤੱਕ ਹੀ ਸੀਮਤ ਰੱਖਿਆ ਹੈ। ਅਕਾਲੀ-ਭਾਜਪਾ ਦੀ ਸਰਕਾਰ ਦਰਮਿਆਨ 2012-13 ਵਿੱਚ 8 ਬੈਠਕਾਂ, 2013-14 ਵਿੱਚ 10 ਬੈਠਕਾਂ, 2014-15 ਵਿੱਚ 6 ਬੈਠਕਾਂ, 2015-16 ਵਿੱਚ 8 ਬੈਠਕਾਂ, 20116-17 ਵਿੱਚ 10 ਬੈਠਕਾਂ ਦਾ ਬਜਟ ਸੈਸ਼ਨ ਕੀਤਾ ਗਿਆ ਹੈ। ਜਦੋਂ ਕਿ ਹੁਣ ਖ਼ੁਦ ਛੋਟਾ ਬਜਟ ਸੈਸ਼ਨ ਨੂੰ ਲੈ ਕੇ ਅਕਾਲੀ-ਭਾਜਪਾ ਹੰਗਾਮੇ ਕਰਨ ਲਗੇ ਹੋਏ ਹਨ।
ਦਿੱਲੀ ਨਾਲ ਸਾਡਾ ਨਹੀਂ ਕੋਈ ਸਾਰੋਕਾਰ, ਪੰਜਾਬ ‘ਚ ਘੱਟ ਬੈਠਕ ਨਹੀਂ ਬਰਦਾਸ਼ਤ : ਅਮਨ ਅਰੋੜਾ
ਪੰਜਾਬ ਵਿੱਚ ਬਜਟ ਸੈਸ਼ਨ ਦਰਮਿਆਨ ਬੈਠਕ ਘੱਟ ਹੋਣ ਦੇ ਕਾਰਨ ਹੰਗਾਮਾ ਕਰ ਰਹੀਂ ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਸਰਕਾਰ 15-20 ਨਹੀਂ ਸਗੋਂ ਸਿਰਫ਼ 3-4 ਬੈਠਕ ਵਿੱਚ ਬਜਟ ਸੈਸ਼ਨ ਨੂੰ ਖ਼ਤਮ ਕਰ ਰਹੀਂ ਹੈ। ਪਿਛਲੇ 3 ਸਾਲਾਂ ਤੋਂ ਬਜਟ ਸੈਸ਼ਨ 3-4 ਬੈਠਕ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਆਪ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਦਿੱਲੀ ਨਾਲ ਉਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਹੈ, ਦਿੱਲੀ ਭਾਵੇਂ 3-4 ਬੈਠਕ ‘ਚ ਸੈਸ਼ਨ ਹੋਵੇ ਜਾਂ ਫਿਰ ਇਸ ਤੋਂ ਘੱਟ ਹੋਵੇ। ਉਥੇ ਭਾਜਪਾ ਦੇ ਵਿਧਾਇਕਾਂ ਸਦਨ ਵਿੱਚ ਰੌਲਾ ਪਾਉਣ ਪਰ ਪੰਜਾਬ ਵਿੱਚ 7-8 ਬੈਠਕਾਂ ਦਾ ਸੈਸ਼ਨ ਬਰਦਾਸ਼ਤ ਤੋਂ ਬਾਹਰ ਹੈ, ਕਿਉਂਕਿ ਉਹ ਸਦਨ ਵਿੱਚ ਇੰਨੇ ਛੋਟੇ ਸੈਸ਼ਨ ਦਰਮਿਆਨ ਆਪਣੀ ਗਲ ਨਹੀਂ ਰੱਖ ਸਕਣਗੇ।
40 ਬੈਠਕਾਂ ਦੀ ਮੰਗ ਕਰਨ ਵਾਲੀ ਕਾਂਗਰਸ ਨੇ ਧਾਰੀ ‘ਚੁੱਪੀ’
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਜਦੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਤਾਂ ਸੈਸ਼ਨ ਦੀ ਬੈਠਕਾਂ ਨੂੰ ਲੈ ਕੇ ਜੰਮ ਕੇ ਹੰਗਾਮਾ ਕਰਦੇ ਸਨ ਕਿ ਸਰਕਾਰ ਧੱਕਾ ਕਰ ਰਹੀਂ ਹੈ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਛੋਟਾ ਸੈਸ਼ਨ ਕਰ ਰਹੀਂ ਹੈ। ਹੁਣ ਜਦੋਂ ਖ਼ੁਦ ਕਾਂਗਰਸ ਸੱਤਾ ਵਿੱਚ ਆ ਗਈ ਹੈ ਤਾਂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ• ਨੇ ‘ਚੁੱਪੀ’ ਧਾਰ ਲਈ ਹੈ। ਇਸ ਕਾਂਗਰਸ ਸਰਕਾਰ ਵਿੱਚ 2016-17 ‘ਚ ਬਜਟ ਸੈਸ਼ਨ 8 ਬੈਠਕ ਦਾ ਹੋਇਆ ਸੀ, ਜਦੋਂ ਕਿ ਹੁਣ 2018-19 ਦਾ ਬਜਟ ਸੈਸ਼ਨ ਸਿਰਫ਼ 7 ਬੈਠਕ ਦਾ ਹੋ ਰਿਹਾ ਹੈ।