ਕੇਂਦਰ ਵੱਲੋਂ ਕਣਕ ਦੀ ਖਰੀਦ ‘ਚ ਨਾਂਹ-ਨੁੱਕਰ, 35 ਰੁਪਏ ਕੁਇੰਟਲ ਦਾ ਲਾਇਆ ਜਾ ਰਿਹੈ ਕੱਟ : ਕਿਸਾਨ ਆਗੂ

Sunam News

ਭਾਕਿਯੂ ਉਗਰਾਹਾਂ ਜੱਥੇਬੰਦੀ ਵੱਲੋਂ ਕੀਤੀ ਗਈ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹਿਰ ਦੇ ਗੁਰੂ ਘਰ ਸੱਚਖੰਡ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗਾਂ ਉਪਰੰਤ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਕਿਹਾ ਕਿ ਭਾਰਤ ਸਰਕਾਰ ਦੀ ਤਰਫ਼ੋਂ ਕਣਕ ਦੀ ਖਰੀਦ ਨੂੰ ਲੈ ਕੇ ਆਨਾ-ਕਾਨੀ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ। (Sunam News)

ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੀ ਫਸਲ ਦੀ ਕਟਾਈ ਪੂਰੇ ਜੋਰਾਂ ਸ਼ੋਰਾਂ ਤੇ ਚਲ ਰਹੀ ਹੈ ਪਰ ਮੋਦੀ ਸਰਕਾਰ ਵੱਲੋਂ ਕਣਕ ਦੀ ਫਸਲ ਤੇ 35 ਰੁਪਏ ਕੁਇੰਟਲ ਦਾ ਕੱਟ ਲਾਇਆ ਜਾ ਰਿਹਾ ਹੈ। ਸਰਕਾਰ ਆਖ ਰਹੀ ਹੈ ਕਿ ਕਣਕ ਦਾ ਦਾਣਾ ਅਦਰੰਗ ਹੋ ਗਿਆ ਹੈ, ਮਾਜੂ, ਟੁੱਟਿਆ ਹੋਇਆ ਤੇ ਮਰਿਆ ਹੋਇਆ ਦਾਣਾ ਬਹੁਤ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਨੇ ਪਹਿਲਾਂ ਹੀ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਫਸਲਾਂ ਦਾ ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ। (Sunam News)

ਮੀਟਿੰਗ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ

ਇਸ ਮੌਕੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਜੌਲੀਆਂ ਵਿਖੇ ਆੜ੍ਹਤੀਏ ਦੀ ਤਰਫੋਂ ਸਰੇਆਮ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆੜਤੀਏ ਦੀ ਤਰਫੋਂ ਲਗਭਗ 6 ਸਾਲ ਪਹਿਲਾਂ ਕਿਸਾਨਾਂ ਤੋਂ ਜ਼ਮੀਨ ਬੈਅ ਕਰਵਾ ਲਈ ਸੀ ਪਰ ਆੜ੍ਹਤੀਏ ਨੇ ਸਰੇਆਮ ਠੱਗੀ ਮਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਜੱਥੇਬੰਦੀ ਕਿਸਾਨ ਨਾਲ ਡਟ ਕੇ ਖੜ੍ਹੀ ਹੈ। ਕਿਸਾਨ ਦੀ ਪੂਰੀ ਮਦਦ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਆੜ੍ਹਤੀਏ ਦੀ ਤਰਫੋਂ ਝੂਠ ਦਾ ਪੁਲੰਦਾ ਬਣਾਇਆ ਗਿਆ ਹੈ। (Sunam News)

ਇਸ ਮੀਟਿੰਗ ਸਮੇਂ ਬਹਾਲ ਸਿੰਘ ਢੀਂਡਸਾ, ਰਣਜੀਤ ਸਿੰਘ ਲੌਂਗੋਵਾਲ, ਬਹਾਦਰ ਸਿੰਘ ਭੁਟਾਲ ਖੁਰਦ, ਧਰਮਿੰਦਰ ਪਿਸ਼ੌਰ, ਜਸਵੰਤ ਸਿੰਘ ਤੋਲਾਵਾਲ, ਰਿੰਕੂ ਮੂਣਕ, ਹਰਬੰਸ ਸਿੰਘ ਲੱਡਾ, ਨਾਇਬ ਸਿੰਘ ਗੁੱਜਰਾਂ, ਮਨਜੀਤ ਸਿੰਘ ਘਰਾਚੋਂ, ਕਰਮਜੀਤ ਸਿੰਘ ਮੰਗਵਾਲ ਆਦਿ ਹਾਜ਼ਰ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ