ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੀ ਮੈਂਬਰ ਤੇ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਪ੍ਰਧਾਨ ਨੀਤਾ ਅੰਬਾਨੀ (Nita Ambani) ਨੇ ਓਲੰਪਿਕ 2028 ’ਚ ਕਿ੍ਰਕਟ ਨੂੰ ਸ਼ਾਮਲ ਕਰਨ ’ਤੇ ਦੁਨੀਆ ਭਰ ਦੇ ਕਿ੍ਰਕਟ ਪ੍ਰੇਮੀਆਂ ਨੂੰ ਵਧਾਈ ਦਿੱਤੀ ਹੈ। ਓਲੰਪਿਕ ਵਿੱਚ ਕਿ੍ਰਕਟ ਨੂੰ ਸ਼ਾਮਲ ਕਰਨ ਦਾ ਫੈਸਲਾ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਚੱਲ ਰਹੀ ਆਈਓਸੀ ਦੀ ਮੀਟਿੰਗ ਵਿੱਚ ਲਿਆ ਗਿਆ। ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਸੋਮਵਾਰ ਨੂੰ ਇੱਥੇ ਇਸ ਦੀ ਅਧਿਕਾਰਤ ਘੋਸਣਾ ਕੀਤੀ। ਲਾਸ ਏਂਜਲਸ ਓਲੰਪਿਕ ‘ਚ ਕਿ੍ਰਕਟ ਤੋਂ ਇਲਾਵਾ ਬੇਸਬਾਲ ਅਤੇ ਸਾਫਟਬਾਲ, ਫਲੈਗ ਫੁੱਟਬਾਲ, ਸਕੁਐਸ ਅਤੇ ਲੈਕਰੂਕਸ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਕਿ੍ਰਕਟ ਪ੍ਰਸ਼ੰਸਕਾਂ ਨੂੰ ਵਧਾਈ ਦਿੰਦੇ ਹੋਏ ਮੈਂਬਰ ਸ੍ਰੀਮਤੀ ਅੰਬਾਨੀ ਨੇ ਕਿਹਾ, ‘1.4 ਅਰਬ ਭਾਰਤੀਆਂ ਲਈ, ਕਿ੍ਰਕਟ ਸਿਰਫ ਇੱਕ ਖੇਡ ਨਹੀਂ ਹੈ, ਇਹ ਇੱਕ ਧਰਮ ਹੈ! ਮੈਨੂੰ ਖੁਸ਼ੀ ਹੈ ਕਿ ਸਾਡੇ ਦੇਸ਼ ਵਿੱਚ ਮੁੰਬਈ ਵਿੱਚ ਹੋ ਰਹੇ 141ਵੇਂ ਆਈਓਸੀ ਸੈਸਨ ਵਿੱਚ ਇਹ ਇਤਿਹਾਸਕ ਮਤਾ ਪਾਸ ਕੀਤਾ ਗਿਆ। ਮੈਂਬਰਾਂ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ, ਉਸਨੇ ਕਿਹਾ, ‘ਇੱਕ ਮੈਂਬਰ, ਇੱਕ ਮਾਣਮੱਤੇ ਭਾਰਤੀ ਅਤੇ ਇੱਕ ਕਿ੍ਰਕਟ ਪ੍ਰਸ਼ੰਸਕ ਹੋਣ ਦੇ ਨਾਤੇ, ਮੈਨੂੰ ਖੁਸ਼ੀ ਹੈ ਕਿ ਆਈਓਸੀ ਦੇ ਮੈਂਬਰਾਂ ਨੇ ਲਾਸ ਏਂਜਲਸ ਸਮਰ ਓਲੰਪਿਕ 2028 ਵਿੱਚ ਕਿ੍ਰਕਟ ਨੂੰ ਇੱਕ ਓਲੰਪਿਕ ਖੇਡ ਦੇ ਰੂਪ ਵਿੱਚ ਸਾਮਲ ਕਰਨ ਲਈ ਵੋਟ ਕੀਤਾ ਹੈ।
ਇਹ ਵੀ ਪੜ੍ਹੋ ; ਬੀਐਸਐਫ਼ ਚੌਂਕੀ ਗੱਟੀ ਹਯਾਤ ਤੋਂ ਮਿਲਿਆ ਕੁਆਡਕੈਪਟਰ ਮੇਡ ਇਨ ਚਾਇਨਾ ਡਰੋਨ
ਵਰਨਣਯੋਗ ਹੈ ਕਿ ਆਪਣੀ ਜਬਰਦਸਤ ਪ੍ਰਸਿੱਧੀ ਅਤੇ ਵੱਕਾਰ ਦੇ ਬਾਵਜੂਦ, ਕਿ੍ਰਕਟ ਨੂੰ ਓਲੰਪਿਕ ਖੇਡਾਂ ਵਿੱਚ ਦੁਬਾਰਾ ਸ਼ਾਮਲ ਕਰਨ ਲਈ 128 ਸਾਲ ਉਡੀਕ ਕਰਨੀ ਪਈ। ਸਾਲ 1900 ਵਿੱਚ ਓਲੰਪਿਕ ਖੇਡਾਂ ਵਿੱਚ ਕਿ੍ਰਕਟ ਸਿਰਫ ਇੱਕ ਵਾਰ ਖੇਡਿਆ ਗਿਆ ਸੀ ਅਤੇ ਉਹ ਵੀ ਸਿਰਫ ਦੋ ਟੀਮਾਂ ਵਿਚਕਾਰ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਆਯੋਜਿਤ ਇਸ ਓਲੰਪਿਕ ਵਿੱਚ ਫਰਾਂਸ ਅਤੇ ਬਰਤਾਨੀਆ ਦੀਆਂ ਟੀਮਾਂ ਨੇ ਭਾਗ ਲਿਆ। ਇਸ ਤੋਂ ਬਾਅਦ ਟੀਮਾਂ ਦੀ ਘਾਟ ਕਾਰਨ ਇਸ ਖੇਡ ਨੂੰ ਓਲੰਪਿਕ ਤੋਂ ਹਟਾ ਦਿੱਤਾ ਗਿਆ।