(ਸੁਖਜੀਤ ਮਾਨ) ਬਠਿੰਡਾ। NIA Raid ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਅੱਜ ਗੈਂਗਸਟਰ ਹਰਜੀਤ ਸਿੰਘ ਉਰਫ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਘਰ ਨੂੰ ਸੀਲ ਕਰਨ ਤੋਂ ਪਹਿਲਾਂ ਜਾਂਚ ਟੀਮ ਨੇ ਕਾਫੀ ਸਮਾਂ ਤਲਾਸ਼ੀ ਲਈ। ਜਾਂਚ ਟੀਮ ਦੇ ਆਉਣ ਤੋਂ ਪਹਿਲਾਂ ਬਠਿੰਡਾ ਪੁਲਿਸ ਵੱਲੋਂ ਮੂੰਹ ਹਨ੍ਹੇਰੇ ਘਰ ਨੂੰ ਘੇਰਾ ਪਾਇਆ ਗਿਆ ਸੀ, ਉਸ ਮਗਰੋਂ ਐੱਨਆਈਏ ਟੀਮ ਘਰ ’ਚ ਦਾਖਲ ਹੋਈ ਤੇ ਤਲਾਸ਼ੀ ਕੀਤੀ ਗਈ।
ਇਹ ਵੀ ਪੜ੍ਹੋ: ਆਉਂਦੇ ਦਿਨਾਂ ’ਚ ਕਿਵੇਂ ਰਹੇਗਾ ਮੌਸਮ, ਸ਼ਿਮਲਾ ਤੋਂ ਵੀ ਘਟਿਆ ਤਾਪਮਾਨ
ਵੇਰਵਿਆਂ ਮੁਤਾਬਿਕ ਐੱਨਆਈਏ ਦੇ ਅਧਿਕਾਰੀਆਂ ਨੇ ਘਰ ’ਚ ਪਏ ਸਮਾਨ ਵਗੈਰਾ ਦੀ ਤਲਾਸ਼ੀ ਲਈ ਅਤੇ ਪਰਿਵਾਰਕ ਮੈਂਬਰਾਂ ਤੋਂ ਵੀ ਬਾਰੀਕੀ ਨਾਲ ਪੁੱਛਗਿੱਛ ਵੀ ਕੀਤੀ। ਇਸ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰੋਂ ਬਾਹਰ ਜਾਂ ਫਿਰ ਬਾਹਰੋਂ ਅੰਦਰ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ। ਕਾਰਵਾਈ ਖਤਮ ਕਰਨ ਤੋਂ ਬਾਅਦ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਜਿਸ ’ਤੇ ਐੱਨਆਈਏ ਨੇ ਆਪਣੀ ਮੋਹਰ ਵੀ ਲਾਈ ਹੈ। ਐੱਨਆਈਏ ਨੇ ਕੁਝ ਦਿਨ ਪਹਿਲਾਂ ਵੀ ਹੈਰੀ ਦੇ ਘਰ ਛਾਪਾ ਮਾਰਿਆ ਸੀ। ਹੈਰੀ ਇਸ ਸਮੇਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਹੈ।