ਚੰਡੀਗੜ੍ਹ। ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਕਈ ਦਿਨਾਂ ਤੋਂ ਸਰਕਾਰ ਵੱਲੋਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਤਿੰਨ ਦਿਨ ਲਗਾਤਾਰ ਇੰਟਰਨੈੱਟ ਬੰਦ (Internet in Punjab) ਰੱਖਿਆ ਗਿਆ। ਕਿਸੇ ਮੋਬਾਇਲ ਫੋਨ ’ਤੇ ਇੰਟਰਨੈੱਟ ਦੀ ਸੇਵਾ ਨਹੀਂ ਚੱਲੀ ਤੇ ਇਹ ਮਾਮਲਾ ਹਾਈਕੋਰਟ ਵੀ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਚਲਾ ਵੀ ਦਿੱਤਾ ਗਿਆ ਸੀ।
ਹੁਣ ਅੱਜ ਇਸੇ ਨਾਲ ਹੀ ਸਰਕਾਰ ਦਾ ਅਪਡੇਟ ਆਇਆ ਹੈ। ਪੰਜਾਬ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਅਤੇ ਫਿਰੋਜ਼ਪੁਰ ’ਚ ਇੰਟਰਨੈੱਟ ਕੱਲ੍ਹ 24 ਮਾਰਚ ਤੱਕ ਬੰਦ (Internet in Punjab) ਰਹੇਗਾ। ਇਨ੍ਹਾਂ ਦੋ ਜ਼ਿਲ੍ਹਿਆਂ ਵਿੱਚ ਮੋਬਾਇਲ ਇੰਟਰਨੈੱਟ ’ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਅੱਜ ਦੁਪਹਿਰ 12 ਵਜੇ ਤੋਂ ਅੰਮਿ੍ਰਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੰਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਭਲਕੇ 24 ਮਾਰਚ 2023 ਨੂੰ ਦੁਪਹਿਰ 12 ਵਜੇ ਤੱਕ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੋਬਾਇਲ ਇੰਟਰਨੈੱਟ ਤੇ ਐੱਸਐੱਮਐੱਸ ’ਤੇ ਪਾਬੰਦੀ ਜਾਰੀ ਰਹੇਗੀ।