ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਨਹੀਂ ਲਿਆ ਫੈਸਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਅਜੇ ਕੋਈ ਵੀ ਵਾਧਾ ਨਹੀਂ ਹੋਇਆ ਹੈ। ਇਸ ਲਈ ਪੁਰਾਣੀਆਂ ਕੀਮਤਾਂ ਹੀ ਪੰਜਾਬ ਵਿੱਚ ਫਿਲਹਾਲ ਲਾਗੂ ਰਹਿਣਗੀਆਂ। ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਬਿਜਲੀ ਦੇ ਬਿੱਲ ਆਉਣਗੇ, ਉਨ੍ਹਾਂ ’ਤੇ ਪਿਛਲੇ ਸਾਲ ਵਾਲੇ ਤੈਅ ਕੀਤੇ ਗਏ ਬਿਜਲੀ ਦੇ ਰੇਟ ਹੀ ਚੱਲਣਗੇ। ਇਹ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਤੋਂ ਮਿਲੀ ਹੈ, ਹਾਲਾਂਕਿ ਇਹ ਰਾਹਤ ਪੂਰੇ ਸਾਲ ਭਰ ਚੱਲੇਗੀ ਜਾਂ ਫਿਰ 13 ਮਈ ਤੋਂ ਬਾਅਦ ਇਸ ਵਿੱਚ ਕੋਈ ਫੇਰਬਦਲ ਹੋ ਜਾਵੇਗਾ, ਇਸ ਸਬੰਧੀ ਫੈਸਲਾ ਮਈ ਦੇ ਤੀਜੇ ਹਫ਼ਤੇ ਹੀ ਆਵੇਗਾ।
ਘਰੇਲੂ ਤੋਂ ਲੈ ਕੇ ਕਮੱਰਸ਼ੀਅਲ ਦਰਾਂ ਦੇ ਵਾਧੇ ਸਬੰਧੀ ਨਹੀਂ ਹੋ ਸਕਿਆ ਕੋਈ ਫੈਸਲਾ
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬਿਜਲੀ ਬਿੱਲ ’ਤੇ ਲਾਗੂ ਹੋਣ ਵਾਲੀ ਬਿਜਲੀ ਦੀਆਂ ਦਰਾਂ ਬਾਰੇ ਹਰ ਫੈਸਲਾ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਹੀ ਕੀਤਾ ਜਾਂਦਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਹਰ ਜਨਵਰੀ ਮਹੀਨੇ ਤੋਂ ਪਹਿਲਾਂ ਹੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਿੱਚ ਆਪਣੀ ਪਟੀਸ਼ਨ ਦਾਖ਼ਲ ਕਰਦੇ ਹੋਏ ਬਿਜਲੀ ਦੀ ਦਰਾਂ ਵਿੱਚ ਵਾਧੇ ਲਈ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪਟੀਸ਼ਨ ’ਤੇ ਸੁਣਵਾਈ ਕਰਨ ਦੇ ਨਾਲ ਹੀ ਇੰਡਸਟਰੀ ਤੇ ਆਮ ਲੋਕਾਂ ਨੂੰ ਵੀ ਸੁਣਿਆ ਜਾਂਦਾ ਹੈ। ਜਿਸ ਤੋਂ ਬਾਅਦ ਅਗਲੇ ਵਿੱਤੀ ਸਾਲ ਲਈ ਬਿਜਲੀ ਦੀਆਂ ਦਰਾਂ ਬਾਰੇ ਫੈਸਲਾ ਕੀਤਾ ਜਾਂਦਾ ਹੈ ਅਤੇ ਹਰ ਸਾਲ ਬਿਜਲੀ ਦੀ ਦਰਾਂ ਨੂੰ ਇੱਕ ਅਪਰੈਲ ਤੋਂ ਹੀ ਲਾਗੂ ਕੀਤਾ ਜਾਂਦਾ ਹੈ।
ਪਟੀਸ਼ਨ ਦਾਖ਼ਲ ਕੀਤੀ ਗਈ ਸੀ | Electricity Rates
ਪਿਛਲੇ ਸਾਲਾਂ ਵਿੱਚ ਬਿਜਲੀ ਦੀ ਦਰਾਂ ਬਾਰੇ ਫੈਸਲਾ ਕਰਨ ਮੌਕੇ ਦੇਰੀ ਹੋਈ ਹੈ ਪਰ ਬਿਜਲੀ ਦੀ ਦਰਾਂ ਇੱਕ ਅਪਰੈਲ ਤੋਂ ਹੀ ਲਾਗੂ ਕਰਦੇ ਹੋਏ ਬਕਾਇਆ ਬਣਦੀ ਰਾਸ਼ੀ ਨੂੰ ਅਗਲੇ ਬਿੱਲ ਵਿੱਚ ਲੈ ਲਿਆ ਜਾਂਦਾ ਰਿਹਾ ਹੈ। ਮੌਜ਼ੂਦਾ ਵਿੱਤ ਸਾਲ 2023-24 ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਲਈ ਪਾਵਰਕੌਮ ਵਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਇਸ ਪਟੀਸ਼ਨ ’ਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਸੁਣਵਾਈ ਵੀ ਸ਼ੁਰੂ ਕਰ ਦਿੱਤੀ ਗਈ ਪਰ ਇਸ ਪਟੀਸ਼ਨ ਸਬੰਧੀ ਕੋਈ ਆਖ਼ਰੀ ਫੈਸਲਾ ਕਰਨ ਤੋਂ ਪਹਿਲਾਂ ਹੀ ਜਲੰਧਰ ਲੋਕ ਸਭਾ ਦੀ ਉਪ ਚੋਣ ਦਾ ਐਲਾਨ ਹੋ ਗਿਆ।
ਚਰਚਾ ਹੈ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਇਸ ਸਬੰਧ ਵਿੱਚ ਆਖਰੀ ਫੈਸਲੇ ਨੂੰ ਚੋਣ ਨਤੀਜੇ ਆਉਣ ਅਤੇ ਚੋਣ ਜ਼ਾਬਤੇ ਦੇ ਖ਼ਤਮ ਹੋਣ ਤੱਕ ਲਈ ਟਾਲ ਦਿੱਤਾ ਗਿਆ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਇਸ ਫੈਸਲੇ ਨੂੰ ਦੇਖਦੇ ਹੋਏ ਪਾਵਰਕੌਮ ਵੱਲੋਂ ਅਗਲੇ ਹੁਕਮਾਂ ਤੱਕ ਪਿਛਲੇ ਸਾਲ ਵਾਲੀ ਬਿਜਲੀ ਦਰਾਂ ਨੂੰ ਹੀ ਇਸ ਵਿੱਤ ਸਾਲ 2023-24 ਵਿੱਚ ਲਾਗੂ ਕਰਨ ਦੇ ਸਬੰਧ ਵਿੱਚ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਹੁਣ ਪਿਛਲੇ ਸਾਲ ਦੀ ਬਿਜਲੀ ਦਰਾਂ ਅਨੁਸਾਰ ਹੀ ਪੰਜਾਬ ਦੇ ਲੋਕਾਂ ਬਿਜਲੀ ਦੇ ਬਿੱਲ ਆਉਣਗੇ।