ਨਵਾਂ ਸੈਸ਼ਨ ਸ਼ੁਰੂ ਪਰ ਨਹੀਂ ਆਈਆਂ ਬੱਚਿਆਂ ਲਈ ਨਵੀਆਂ ਵਰਦੀਆਂ
- ਅਕਸਰ ਹਰ ਸਾਲ ਵਿਦਿਆਰਥੀਆਂ ਲਈ ਵਰਦੀਆਂ ਤੇ ਕਿਤਾਬਾਂ ਸਮੇਂ ਸਿਰ ਨਹੀਂ ਪੁੱਜਦੀਆਂ : ਅਧਿਆਪਕ
School New Session: (ਨਰਿੰਦਰ ਸਿੰਘ ਬਠੋਈ) ਪਟਿਆਲਾ। ਸਰਕਾਰੀ ਸਕੂਲਾਂ ’ਚ ਪੜ੍ਹਦੇ ਛੋਟੇ ਬੱਚਿਆਂ ਦੇ ਪੇਪਰ ਹੋਣ ਤੋਂ ਬਾਅਦ ਲਗਭਗ ਨਤੀਜੇ ਵੀ ਆ ਚੁੱਕੇ ਹਨ ਤੇ ਇਨ੍ਹਾਂ ਬੱਚਿਆਂ ਦੇ ਨਵੀਂਆਂ ਕਲਾਸਾਂ ’ਚ ਦਾਖਲੇ ਵੀ ਹੋ ਗਏ ਹਨ ਪਰ ਨਵੀਂਆਂ ਕਲਾਸਾਂ ’ਚ ਦਾਖਲਾ ਲੈਣ ਤੋਂ ਬਾਅਦ ਵੀ ਇਨ੍ਹਾਂ ਬੱਚਿਆਂ ਕੋਲ ਉਹੀ ਘਸੀਆਂ ਪਿੱਟੀਆਂ ਵਰਦੀਆਂ ਹਨ, ਜੋ ਉਨ੍ਹਾਂ ਨੇ ਪਿਛਲੀ ਕਲਾਸ ’ਚ ਸਾਰਾ ਸਾਲ ਪਾਈਆਂ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਮਾਰਚ ਦਾ ਮਹੀਨਾ ਬੀਤ ਜਾਣ ’ਤੇ ਵੀ ਸਰਕਾਰੀ ਸਕੂਲਾਂ ’ਚ ਹੁਣ ਤੱਕ ਨਵੀਂਆਂ ਵਰਦੀਆਂ ਮੁਹੱਈਆਂ ਨਹੀਂ ਕਰਵਾਈਆਂ ਗਈਆਂ।
ਇਸ ਸਬੰਧੀ ਜਦੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਅੱਜ ਤੱਕ ਕੋਈ ਵੀ ਵਰਦੀ ਜਾਂ ਵਰਦੀ ਲਈ ਪੈਸੇ ਨਹੀਂ ਆਏ। ਉਨ੍ਹਾਂ ਦੱਸਿਆ ਕਿ ਅਕਸਰ ਹਰ ਸਾਲ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ ਤੇ ਕਿਤਾਬਾਂ ਸਮੇਂ ਸਿਰ ਨਹੀਂ ਪੁੱਜਦੀਆਂ, ਜਿਸ ਕਾਰਨ ਬੱਚਿਆਂ ਤੇ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰੀ ਤਾਂ ਉਹ ਬੱਚਿਆਂ ਨੂੰ ਆਪਣੇ ਤੋਂ ਵੱਡੀਆਂ ਕਲਾਸਾਂ ਵਾਲੇ ਬੱਚਿਆਂ ਤੋਂ ਕਿਤਾਬਾਂ ਲੈ ਕੇ ਪੜ੍ਹਨ ਲਈ ਕਹਿ ਦਿੰਦੇ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਵਰਦੀਆਂ ਬਣਾਉਣ ਦਾ ਟੀਚਾ ਸੈਲਫ ਹੈਲਪ ਗਰੁੱਪਾਂ ਨੂੰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab Cabinet Meeting: ਪੰਜਾਬ ਕੈਬਨਿਟ ’ਚ ਹੋਏ ਅਹਿਮ ਫ਼ੈਸਲੇ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹੋਈ ਗੱਲ
ਇੱਥੇ ਹੀ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ 8ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ ਪ੍ਰਤੀ ਬੱਚਾ 600 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਦੀ ਹੈ, ਜਿਸ ਨਾਲ ਬੱਚੇ ਨੂੰ ਪੈਟ ਕਮੀਜ਼, ਟਾਈ, ਬੈਲਟ, ਸਵੈਟਰ, ਟੋਪੀ, ਕੋਟੀ, ਬੂਟ, ਜੁਰਾਬਾਂ, ਪਟਕਾ ਖਰੀਦ ਕੇ ਦੇਣਾ ਹੁੰਦਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀਆ ਦਾ ਕਹਿਣਾ ਹੈ ਕਿ ਇਹ ਮਸਲਾ ਉੱਚ ਅਥਾਰਿਟੀ ਦੇ ਧਿਆਨ ’ਚ ਹੈ ਪਰ ਸਾਡੇ ਅਧਿਆਪਕ ਐੱਨਜੀਓ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਤੇ ਆਪਣੀ ਜੇਬ ’ਚੋਂ ਪੈਸੇ ਖਰਚ ਕੇ ਬੱਚਿਆਂ ਨੂੰ ਪੂਰੀ ਯੂਨੀਫਾਰਮ ਮੁਹੱਈਆ ਕਰਵਾਉਂਦੇ ਹਨ। School New Session
ਐਮੀਨੈਂਸ ਸਕੂਲਾਂ ਵਾਂਗ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਮਿਲਣ ਵਰਦੀਆਂ : ਜੀਟੀਯੂ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮੀ ਤੇ ਠੰਢ ਤੋਂ ਬਚਣ ਲਈ ਮਹਿਜ਼ 600 ਰੁਪਏ ਪ੍ਰਤੀ ਬੱਚਾ ਵਰਦੀ ਦੀ ਗਰਾਂਟ ਦਿੱਤੀ ਜਾਂਦੀ ਹੈ ਪਰ ਇੰਨੀ ਮਹਿੰਗਾਈ ’ਚ 600 ਰੁਪਏ ’ਚ ਵਿਦਿਆਰਥੀਆਂ ਨੂੰ ਦੋਵੇਂ ਮੌਸਮਾਂ ਦੀਆਂ ਵਧੀਆ ਕੁਆਲਿਟੀ ਦੀਆਂ ਵਰਦੀਆਂ ਦੇਣਾ ਅਸੰਭਵ ਹੈ।
ਸਰਕਾਰ ਵੱਲੋਂ ਵਰਦੀਆਂ ਦਾ ਪੈਸਾ ਜਾਰੀ ਕਰ ਦਿੱਤਾ ਗਿਆ ਹੈ : ਹਰਜੋਤ ਬੈਂਸ
ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਰਦੀਆਂ ਦਾ ਪੈਸਾ ਜਾਰੀ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਵਰਦੀਆਂ ਤਿਆਰ ਕਰਨ ਦਾ ਠੇਕਾ ਸੈਲਫ ਹੈਲਪ ਗਰੁੱਪਾਂ ਨੂੰ ਦਿੱਤਾ ਗਿਆ ਹੈ ਤੇ ਜਿਵੇਂ ਜਿਵੇਂ ਇਹ ਗਰੁੱਪ ਵਰਦੀਆਂ ਤਿਆਰ ਕਰਕੇ ਦੇਣਗੇ, ਉਵੇਂ ਉਵੇਂ ਅੱਗੇ ਸਕੂਲਾਂ ’ਚ ਬੱਚਿਆਂ ਨੂੰ ਨਵੀਆਂ ਵਰਦੀਆਂ ਦਿੱਤੀਆਂ ਜਾਣਗੀਆਂ।