ਕਾਲਜ ਫ਼ੰਡਾਂ ਦੀ ਜਾਂਚ ਰਿਪੋਰਟ ’ਤੇ ਕੀਤੀ ਕਾਰਵਾਈ ਦੀ ਉਚੇਰੀ ਸਿੱਖਿਆ ਸਕੱਤਰ ਤੋਂ ਮੰਗੀ ਜਾਣਕਾਰੀ
ਸੰਗਰੂਰ, (ਨਰੇਸ਼ ਕੁਮਾਰ)। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲ ਕਾਲਜ ਫ਼ਾਰ ਵਿਮੈਨ ਸੰਗਰੂਰ ਵਿੱਚ ਵਿਦਿਆਰਥਣਾਂ ਨੂੰ ਦਾਖ਼ਲੇ ਨਾ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਗੰਭੀਰ ਮੁੱਦੇ ’ਤੇ ਸਥਾਨਕ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਬਿਲਕੁਲ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਸਿੱਖਿਆ ਮੰਤਰੀ ਨੂੰ ਸਵਾਲ ਕੀਤਾ, ‘ਕੀ ਸਿੱਖਿਆ ਮੰਤਰੀ ਆਪਣੇ ਇਲਾਕੇ ਦੀਆਂ ਹਜ਼ਾਰਾਂ ਕੁੜੀਆਂ ਨੂੰ ਗਿਆਨ ਤੋਂ ਵਿਹੂਣੀਆਂ ਰੱਖਣੀਆਂ ਚਾਹੁੰਦੇ ਹਨ?
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਕਾਲ ਕਾਲਜ ਫ਼ਾਰ ਵਿਮੈਨ ਸੰਗਰੂਰ ਵਿੱਚ ਫ਼ੰਡਾਂ ਦੀ ਦੁਰਵਰਤੋਂ ਸੰਬੰਧੀ ਜਾਂਚ ਚੱਲ ਰਹੀ ਸੀ, ਪਰ ਪੰਜਾਬ ਸਰਕਾਰ ਨੇ ਜਾਂਚ ਕਮੇਟੀ ਦੀ ਰਿਪੋਰਟ ’ਤੇ ਕੋਈ ਵੀ ਫ਼ੈਸਲਾ ਜਨਤਕ ਨਹੀਂ ਕੀਤਾ ਅਤੇ ਨਾ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਕਾਲਜ ਨੂੰ ਬੰਦ ਕਰਨ ਬਾਰੇ ਕੋਈ ਪ੍ਰਵਾਨਗੀ ਦਿੱਤੀ ਹੈ।
ਚੀਮਾ ਨੇ ਸਵਾਲ ਕੀਤਾ ਬਿਨਾਂ ਉਚੇਰੀ ਕਾਰਵਾਈ ਤੋਂ ਕਾਲਜ ਪ੍ਰਬੰਧਕ ਦਾਖ਼ਲੇ ਲਈ ਆਉਂਦੇ ਵਿਦਿਆਰਥੀਆਂ ਨੂੰ ਕਿਵੇਂ ਰੋਕ ਰਹੇ ਹਨ? ਉਨ੍ਹਾਂ ਦਾਖ਼ਲੇ ਰੋਕੇ ਜਾਣ ’ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਇਸ ਕਾਲਜ ਵਿੱਚ ਇਲਾਕੇ ਦੇ ਗਰੀਬ ਪਰਿਵਾਰਾਂ, ਪਿੰਡਾਂ ਅਤੇ ਦਲਿਤ ਵਰਗ ਦੀਆਂ ਵਿਦਿਆਰਥਣਾਂ ਸਿੱਖਿਆ ਹਾਸਲ ਕਰ ਰਹੀਆਂ ਹਨ ਅਤੇ ਨਵੀਆਂ ਵਿਦਿਆਰਥਣਾਂ ਦਾਖ਼ਲਾ ਲੈਣਾ ਚਾਹੁੰਦੀਆਂ ਹਨ ਤਾਂ ਪ੍ਰਬੰਧਕ ਦਾਖ਼ਲੇ ਕਿਉਂ ਨਹੀਂ ਦੇ ਰਹੇ?
ਵਿਰੋਧੀ ਧਿਰ ਦੇ ਨੇਤਾ ਨੇ ਦੱਸਿਆ ਕਿ ਅਕਾਲ ਕਾਲਜ ਫ਼ਾਰ ਵਿਮੈਨ ਸੰਗਰੂਰ ਵਿੱਚ ਫ਼ੰਡਾਂ ਦੀ ਜਾਂਚ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ 2 ਜੂਨ 2020 ਨੂੰ ਇੱਕ ਪੱਤਰ ਲਿਖਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਸੀ, ਜਿਸ ਵਿੱਚ ਪੁਲਿਸ ਕਪਤਾਨ ਮਾਲੇਰਕੋਟਲਾ, ਪਿ੍ਰੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਅਤੇ ਅਕਾਊਂਟਸ ਜਨਰਲ ਪੰਜਾਬ ਦੇ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ, ਪਰ ਇਸ ਰਿਪੋਰਟ ’ਤੇ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ, ਇਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਇਸ ਰਿਪੋਰਟ ’ਤੇ ਕੀਤੀ ਕਾਰਵਾਈ ਬਾਰੇ 15 ਦਿਨਾਂ ਵਿੱਚ ਸੂਚਿਤ ਕਰਨ ਲਈ ਕਿਹਾ ਹੈ। ਦੂਜੇ ਪਾਸੇ ਅਕਾਲ ਕਾਲਜ ਬਚਾਓ ਮੰਚ ਦੇ ਆਗੂਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਾਲਜ ਪ੍ਰਬੰਧਕਾਂ ਵੱਲੋਂ ਵਿਦਿਆਰਥਣਾਂ ਨੂੰ ਦਾਖ਼ਲੇ ਦੇਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਚੀਮਾ ਨੇ ਦਾਖ਼ਲੇ ਰੋਕੇ ਜਾਣ ਨੂੰ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਦਾਖ਼ਲੇ ਨਹੀਂ ਹੋਣਗੇ ਤਾਂ ਕਾਲਜ ਪ੍ਰਬੰਧਕ ਪੰਜਾਬੀ ਯੂਨੀਵਰਸਿਟੀ ਕੋਲ ਦਾਖ਼ਲੇ ਨਾ ਹੋਣ ਦੀ ਦਲੀਲ ਦੇ ਕੇ ਕਾਲਜ ਬੰਦ ਕਰਨ ਦੀ ਪ੍ਰਵਾਨਗੀ ਲੈ ਸਕਦੇ ਹਨ, ਜਿਸ ਨਾਲ ਇਲਾਕੇ ਦੀਆਂ ਹਜ਼ਾਰਾਂ ਵਿਦਿਆਰਥਣਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ