ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਇਨਸਾਫ ਲਈ ਲਾਵਾਂਗਾ ਪੂਰੀ ਵਾਹ
- ਪਿੰਡ ਮੂਸਾ ਪੁੱਜ ਕੇ ਸਿੱਧੂ ਦੇ ਮਾਪਿਆਂ ਨਾਲ ਕੀਤਾ ਦੁੱਖ ਸਾਂਝਾ
(ਸੁਖਜੀਤ ਮਾਨ) ਮਾਨਸਾ। ਰੋਡ ਰੇਜ ਮਾਮਲੇ ’ਚ ਇਕ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੰਘ ਸਿੱਧੂ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ। ਉਨ੍ਹਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨਾਲ ਸਿੱਧੂ ਦੇ ਵਿਛੋੜੇ ਦਾ ਦੁੱਖ ਸਾਂਝਾਂ ਕੀਤਾ। ਇਸ ਮਗਰੋਂ ਉਨ੍ਹਾਂ ਨੇ ਸਿੱਧੂ (Sidhu Moose Wala) ਦੇ ਨਿਵਾਸ ਸਥਾਨ ’ਤੇ ਹੀ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਇਸ ਕਤਲ ਮਾਮਲੇ ’ਚ ਨਿਆਂ ਲੈਣ ਲਈ ਉਹ ਆਪਣੀ ਪੂਰੀ ਵਾਹ ਲਾਉਣਗੇ।
ਇਹ ਵੀ ਪੜ੍ਹੋ : ਜਲੰਧਰ ‘ਚ ਪੁਲਿਸ ਕਾਂਸਟੇਬਲ ਦੀ ਪਾੜੀ ਵਰਦੀ, ਹਸਪਤਾਲ ’ਚ ਭਰਤੀ
ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਸਿੱਧੂ ਮੂਸੇ ਵਾਲਾ ਨੂੰ ਸੀਮਤ ਕਰਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਉਸਦੀ ਚੜ੍ਹਤ ਵਿਦੇਸ਼ਾਂ ਤੱਕ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ (Sidhu Moose Wala) ਨਾਲ ਜੋ ਘਟਨਾ ਹੋਈ ਉਸ ਪਿੱਛੇ ਇੱਕ ਸਵਾਲ ਹੈ ਕਿ ਕਿਤੇ ਇਸ ਪਿੱਛੇ ਕੋਈ ਸਿਆਸਤ ਤਾਂ ਨਹੀਂ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਵਿਸ਼ਵ ਪ੍ਰਸਿੱਧ ਸਿੱਧੂ ਮੂਸੇ ਵਾਲਾ ਦੀ ਸੁਰੱਖਿਆ ’ਚ ਕਟੌਤੀ ਕਿਉਂ ਕੀਤੀ ਗਈ ਤੇ ਜੇਕਰ ਕੀਤੀ ਗਈ ਫਿਰ ਉਸ ਨੂੰ ਜਨਤਕ ਕਿਉਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੋ ਸਿੱਧੂ ਮੂਸੇ ਵਾਲਾ ਨਾਲ ਹੋਇਆ ਸੀ, ਨਵਜੋਤ ਸਿੱਧੂ ਨਾਲ ਵੀ ਉਹੀ ਹੋ ਰਿਹਾ ਕਿਉਂਕਿ ਪਹਿਲਾਂ ਜੈੱਡ ਸੁਰੱਖਿਆ ਸੀ ਪਰ ਹੁਣ 13 ਸੁਰੱਖਿਆ ਮੁਲਾਜ਼ਮ ਰਹਿ ਗਏ ਪਰ ਜੇਕਰ ਸਰਕਾਰ ਚਾਹੇ ਤਾਂ 13 ਨੂੰ ਵੀ ਲਿਜਾ ਸਕਦੀ ਹੈ ਕੋਈ ਫਰਕ ਨਹੀਂ ਪੈਂਦਾ। ਸਿੱਧੂ ਨੇ ਕਿਹਾ ਕਿ ਗੈਂਗਸਟਰ ਸਾਡੇ ਹੀ ਭੜਕੇ ਹੋਏ ਨੌਜਵਾਨ ਨੇ, ਜੋ ਹਿਰਾਸਤ ’ਚ ਨੇ ਉਨ੍ਹਾਂ ਨੂੰ ਉੱਥੇ ਬੈਠਿਆਂ ਨੂੰ ਵਰਤਿਆ ਜਾ ਰਿਹਾ ਹੈ।
ਪੰਜਾਬ ਦੇ ਜ਼ੇਲ੍ਹ ਪ੍ਰਬੰਧਾਂ ’ਤੇ ਸਵਾਲ ਚੁੱਕੇ
ਉਨ੍ਹਾਂ ਪੰਜਾਬ ਦੇ ਜ਼ੇਲ੍ਹ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜ਼ੇਲ੍ਹ ’ਚ 10 ਰੁਪਏ ਵਾਲੀ ਜ਼ਰਦੇ ਦੀ ਪੁੜੀ 2 ਹਜ਼ਾਰ ’ਚ ਵਿਕਦੀ ਹੈ। ਜ਼ੇਲ੍ਹ ’ਚ ਅੰਡਰ ਟ੍ਰਾਇਲ ਮੁਲਜ਼ਮਾਂ ਤੋਂ ਕੰਮ ਨਹੀਂ ਲਿਆ ਜਾ ਸਕਦਾ ਪਰ ਸ਼ਾਮ ਨੂੰ ਮਿਲਦੀ ਇੱਕ ਜ਼ਰਦੇ ਦੀ ਪੁੜੀ ਖਾਤਰ ਕੰਮ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਜ਼ੇਲ੍ਹਾਂ ਦੁਆਲੇ ਸੈਟੇਲਾਈਟ ਹੋਣ ਕਰਕੇ ਫੋਨ ਨਹੀਂ ਚਲਦੇ ਪਰ ਇੱਥੋਂ ਦੀਆਂ ਜ਼ੇਲ੍ਹਾਂ ’ਚ ਇੰਟਰਨੈਟ ਵੀ ਚਲਦਾ ਹੈ, ਜਿਸ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ, ਫਿਰ ਹੀ ਜ਼ੇਲ੍ਹਾਂ ਸੁਧਾਰ ਘਰ ਬਣਨਗੀਆਂ ।
ਉਨ੍ਹਾਂ ਕਿਹਾ ਕਿ ਸਿੱਧੂ ਦਾ ਕਤਲ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਪੰਜਾਬ ’ਚ ਕੋਈ ਅਮਨ ਕਾਨੂੰਨ ਨਹੀਂ। ਉਨ੍ਹਾਂ ਭਾਜਪਾ ਦਾ ਨਾਂਅ ਲਏ ਬਿਨ੍ਹਾਂ ਕਿਹਾ ਕਿ ਜਿਹੜੇ ਰਾਜਾਂ ’ਚ ਉਨ੍ਹਾਂ ਦੀ ਸੱਤਾ ਨਹੀਂ ਉੱਥੋਂ ਦੇ ਹਾਲਾਤਾਂ ਨੂੰ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀਆਂ ਇਕੱਠੀਆਂ ਹੋ ਕੇ ਚੱਲਣ ਤਾਂ ਪੰਜਾਬ ਬਚ ਜਾਵੇਗਾ ਤੇ ਮੁੜ ਲੀਹ ’ਤੇ ਆ ਸਕਦਾ ਹੈ।
ਲਾਰੈਂਸ ਬਿਸ਼ਨੋਈ ਦੀ ਜ਼ੇਲ੍ਹ ’ਚੋਂ ਇੰਟਰਵਿਊ ਬਾਰੇ ਕੋਈ ਜਾਂਚ ਨਹੀਂ ਹੋਈ
ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਜ਼ੇਲ੍ਹ ’ਚੋਂ ਇੰਟਰਵਿਊ ਆਏ ਨੂੰ ਕਾਫੀ ਦਿਨ ਹੋ ਗਏ ਪਰ ਇਸ ਬਾਰੇ ਕੋਈ ਜਾਂਚ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲਾਰੈਂਸ ਜ਼ੇਲ੍ਹ ’ਚ ਹੈ ਤਾਂ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਸਿਰਫ ਜਾਂਚ ਟੀਮ ਬਣਾ ਕੇ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਰਸੀ ਮੌਕੇ ਵੀ ਕਰਫਿਊ ਵਰਗੇ ਹਾਲਾਤ ਬਣਾ ਦਿੱਤੇ ਸੀ। ਉਨ੍ਹਾਂ ਮੰਗ ਕੀਤੀ ਕਿ ਜੋ ਨਾਂਅ ਅਸੀਂ ਸਰਕਾਰ ਨੂੰ ਦਿੰਦੇ ਹਾਂ ਉਨ੍ਹਾਂ ਨੂੰ ਕੇਸ ’ਚ ਨਾਮਜ਼ਦ ਕੀਤਾ ਜਾਵੇ। ਬਲਕੌਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੋਂ ਭਵਿੱਖ ’ਚ ਵੀ ਸਹਿਯੋਗ ਦੀ ਮੰਗ ਕੀਤੀ ਤਾਂ ਨਵਜੋਤ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ