‘ਸ਼ਹੀਦੀ’ ਪ੍ਰਾਪਤ ਨਾ ਕਰ ਜਾਵੇ ਨਵਜੋਤ ਸਿੱਧੂ, ਪਹਿਲਾਂ ਹੀ ‘ਆਉਟ’ ਕਰੇਗੀ ਕਾਂਗਰਸ

Navjot Sidhu

ਕਾਂਗਰਸ ਦੇ ਕੈਬਨਿਟ ਮੰਤਰੀ ਦਿਖਾਉਣਗੇ ਇੱਕਜੁਟਤਾ, ਕਾਂਗਰਸ ਤਿਆਰ ਕਰ ਰਹੀਂ ਐ ਰਣਨੀਤੀ

ਚੰਡੀਗੜ(ਅਸ਼ਵਨੀ ਚਾਵਲਾ)। ਨਵਜੋਤ ਸਿੱਧੂ ਅਸਤੀਫੇ ਦੇ ਕੇ ਸਿਆਸੀ ‘ਸ਼ਹੀਦੀ’ ਪ੍ਰਾਪਤ ਕਰਕੇ ਪੰਜਾਬ ਵਿੱਚ ਹੀਰੋ ਨਾ ਬਣ ਜਾਵੇ, ਇਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਸਿੱਧੂ ਨੂੰ ਕੈਬਨਿਟ ਵਿੱਚੋਂ ‘ਆਊਟ’ ਕਰਨ ਦੀ ਤਿਆਰੀ ਵਿੱਚ ਜੁੱਟ ਗਈ ਹੈ। ਕੈਬਨਿਟ ਵਿੱਚੋਂ ‘ਆਊਟ’ ਕਰਨ ਤੋਂ ਬਾਅਦ ਸਿੱਧੂ ਨੂੰ ਪਾਰਟੀ ਦਾ ‘ਚ ਵੀ ਰੱਖਿਆ ਜਾਏਗਾ ਜਾਂ ਫਿਰ ਨਹੀਂ, ਇਸ ਸਬੰਧੀ ਫੈਸਲਾ ਹਾਈ ਕਮਾਨ ‘ਤੇ ਛੱਡਿਆਂ ਜਾਏਗਾ ਪਰ ਸਿੱਧੂ ਨੂੰ ਕੈਬਨਿਟ ਵਿੱਚੋਂ ਬਾਹਰ ਕੱਢਣ ਦਾ ਮੁੱਦਾ ਪੰਜਾਬ ਕਾਂਗਰਸ ਨੇ ਆਪਣੀ ਮੁੱਛ ਦਾ ਸੁਆਲ ਬਣਾ ਲਿਆ ਹੈ।
ਪੰਜਾਬ ਕਾਂਗਰਸ ਅਤੇ ਖ਼ਾਸ ਕਰਕੇ ਕੈਬਨਿਟ ਮੰਤਰੀ ਹੁਣ ਬਿਨਾਂ ਕਿਸੇ ਇੰਤਜ਼ਾਰ ਤੋਂ ਨਵਜੋਤ ਸਿੱਧੂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਜਿਆਦਾ ਸਮਾਂ ਮਿਲਣ ‘ਤੇ ਕਿਥੇ ਨਵਜੋਤ ਸਿੱਧੂ ਅਸਤੀਫ਼ਾ ਦੇ ਕੇ ‘ਸ਼ਹੀਦੀ’ ਪ੍ਰਾਪਤ ਕਰ ਗਏ ਤਾਂ ਕਾਂਗਰਸ ਨੂੰ ਪੰਜਾਬ ਵਿੱਚ ਨੁਕਸਾਨ ਚੁੱਕਣਾ ਪਏਗਾ। ਜਿਹੜਾ ਕਿ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਚਾਹੁੰਦੇ ਹਨ। ਕਾਂਗਰਸ ਨੂੰ ਡਰ ਹੈ ਕਿ ਅਸਤੀਫਾ ਦੇ ਕੇ ਸਿੱਧੂ ਪੰਜਾਬ ‘ਚ ਹਮਦਰਦੀ ਦਾ ਪਾਤਰ ਬਣ ਸਕਦਾ ਹੈ
ਕਾਂਗਰਸ ਦੇ ਕਈ ਮੰਤਰੀਆਂ ਨੇ ਮੰਗਲਵਾਰ ਨੂੰ ਵੀ ਆਪਸ ਵਿੱਚ ਇਸ ਸਬੰਧੀ ਗੱਲਬਾਤ ਕੀਤੀ ਅਤੇ ਜਲਦ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਬਾਰੇ ਵੀ ਵਿਚਾਰ ਹੋਇਆ ਤਾਂ ਕਿ ਸਿੱਧੂ ਦੇ ਖ਼ਿਲਾਫ਼ ਜਿਹੜੀ ਵੀ ਕਾਰਵਾਈ ਕਰਵਾਉਣੀ ਹੈ, ਉਸ ਲਈ ਸਾਰੀ ਪਾਰਟੀ ਇਕੱਠ ਹੁੰਦੇ ਹੋਏ ਹਾਈ ਕਮਾਨ ਕੋਲ ਪਹੁੰਚ ਕਰੇ।
ਇੱਕ ਮੰਤਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਹੁਣ ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚ ਰੱਖਣਾ ਕਾਫ਼ੀ ਜਿਆਦਾ ਔਖਾ ਹੈ, ਕਿਉਂਕਿ ਸਿੱਧੂ ਦੇ ਅਸਤੀਫ਼ੇ ਵਾਲੀ ਗੱਲ ਨੇ ਡਰ ਪੈਦਾ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ‘ਬਰਗਾੜੀ’ ਮਾਮਲੇ ਵਿੱਚ ਨਵਜੋਤ ਸਿੱਧੂ ਹੁਣ ਆਪਣੀ ਹੀ ਪਾਰਟੀ ਨਾਲ ਸਿਆਸਤ ਕਰਨ ਲਗ ਪਏ ਹਨ ਅਤੇ ਇਸੇ ਮੁੱਦੇ ‘ਤੇ ਨਵਜੋਤ ਸਿੱਧੂ ਅਸਤੀਫ਼ਾ ਵੀ ਦੇ ਸਕਦੇ ਹਨ। ਇਸ ਲਈ ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚੋਂ ਬਾਹਰ ਕਰਨਾ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਨੇ ਖ਼ੁਦ ਅਸਤੀਫ਼ਾ ਦੇ ਦਿੱਤਾ ਤਾਂ ਉਹ ਇਸ ਮੁੱਦੇ ‘ਤੇ ਖੁਦ ਹੀਰੋ ਬਣ ਕੇ ਬੈਠ ਜਾਣਗੇ ਅਤੇ ਇਹ ਗੱਲ ਕਾਂਗਰਸ ਪਾਰਟੀ ਦੇ ਖ਼ਿਲਾਫ਼ ਜਾ ਸਕਦੀ ਹੈ। ਇਹ ਸਿੱਧੂ ਚੰਗੀ ਤਰਾਂ ਜਾਣਦੇ ਹਨ ਤਾਂ ਹੀ ਉਨਾਂ ਨੇ ਬਠਿੰਡਾ ਵਿਖੇ ਅਸਤੀਫ਼ਾ ਦੇਣ ਲਈ ਜ਼ੋਰਦਾਰ ਪੇਸ਼ਕਸ਼ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।