ਨਵਜੋਤ ਕੌਰ ਸਿੱਧੂ ਸਮੇਤ ਕਾਂਗਰਸੀਆਂ ਨੇ ਪੰਜਾਬ ਸਰਕਾਰ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜ਼ੇਲ੍ਹ ’ਚ ਬੰਦ ਸਾਬਕਾ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu ) ਦੀ 26 ਜਨਵਰੀ ਵਾਲੇ ਦਿਨ ਰਿਹਾਈ ਨਾ ਹੋਣ ਕਰਕੇ ਕਾਂਗਰਸੀਆਂ ਵੱਲੋਂ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਤਿਆਰੀਆਂ ਧਰੀਆਂ -ਧਰਾਈਆਂ ਰਹਿ ਗਈਆਂ। ਸਿੱਧੂ ਦੀ ਰਿਹਾਈ ਟਲਣ ਤੋਂ ਬਾਅਦ ਸਿੱਧੂ ਦੇ ਪਰਿਵਾਰ ਸਮੇਤ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਆਪਣਾ ਗੁੱਸਾ ਕੱਢਿਆ ਗਿਆ। 26 ਜਨਵਰੀ ਵਾਲੇ ਦਿਨ ਵੱਡੀ ਗਿਣਤੀ ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਘਰ ਪੁੱਜੇ ਹੋਏ ਸਨ।
ਜਸ਼ਨਾਂ ਦੀਆਂ ਵੱਡੀਆਂ ਤਿਆਰੀਆਂ ਵਿਚਕਾਰ ਹੀ ਲਟਕ ਗਈਆਂ
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ 26 ਜਨਵਰੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਅਗੇਤੀ ਰਿਹਾਈ ਮਿਲ ਸਕਦੀ ਹੈ ਅਤੇ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਸਿੱਧੂ ਸਮੇਤ 51 ਕੈਂਦੀਆਂ ਦੀ ਰਿਹਾਈ ਸਬੰਧੀ ਭੇਜਿਆ ਗਿਆ ਸੀ। ਸਿੱਧੂ ਦੀ ਰਿਹਾਈ ਤੋਂ ਪਹਿਲਾਂ ਪਟਿਆਲਾ ਸਮੇਤ ਵੱਖ-ਵੱਖ ਥਾਵਾਂ ’ਤੇ ਸਿੱਧੂ ਦੇ ਵੱਡੇ-ਵੱਡੇ ਬੈਨਰ ਲਗਾਉਣ ਸਮੇਤ ਜਸ਼ਨਾਂ ਦੀਆਂ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਸਨ, ਜੋ ਕਿ ਰਿਹਾਈ ਟਲਣ ਕਾਰਨ ਵਿਚਕਾਰ ਹੀ ਲਟਕ ਗਈਆਂ।
ਸਿੱਧੂ ਦੇ ਨਿਵਾਸ ਸਥਾਨ ’ਤੇ ਕਾਂਗਰਸੀ ਵੀ ਪੁੱਜੇ
ਸਿੱਧੂ (Navjot Sidhu ) ਦੀ ਪਤਨੀ ਵੱਲੋਂ ਟਵੀਟ ਕਰਦਿਆਂ ਆਖਿਆ ਗਿਆ ਕਿ ਉਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ ਅਤੇ ਉਨ੍ਹਾਂ ਵੱਲੋਂ ਆਪਣਾ ਗੁੱਸਾ ਸਰਕਾਰ ’ਤੇ ਕੱਢਿਆ ਗਿਆ। ਇੱਧਰ ਸਿੱਧੂ ਦੇ ਨਿਵਾਸ ਸਥਾਨ ’ਤੇ ਕਾਂਗਰਸੀ ਵੀ ਪੁੱਜੇ ਹੋਏ ਸਨ ਜਿਨ੍ਹਾਂ ਵਿੱਚ ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੁੂਲੋ, ਮਹਿੰਦਰ ਸਿੰਘ ਕੇ.ਪੀ., ਅਸ਼ਵਨੀ ਸੇਖੜੀ, ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਆਦਿ ਵੱਲੋਂ ਮਾਨ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਸਮਸੇਰ ਸਿੰਘ ਦੂਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਧੂ ਸਮੇਤ ਬਾਕੀ ਕੈਂਦੀਆ ਨਾਲ ਵੀ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੈਦੀਆਂ ਨੂੰ ਮਿਲਣ ਵਾਲੇ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਨਾਲ ਬਾਕੀ 50 ਕੈਦੀਆਂ ਨਾਲ ਵੀ ਬੇਇਨਸਾਫ਼ੀ ਕੀਤੀ ਗਈ ਹੈ । ਕਾਂਗਰਸੀ ਆਗੂ ਮਹਿੰਦਰ ਸਿੰਘ ਕੇ.ਪੀ, ਕਾਕਾ ਰਜਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਅੱਜ ਨਹੀਂ ਤਾਂ ਅਗਲੇ ਸਮੇਂ ਦੌਰਾਨ ਸਿੱਧੂ ਦੀ ਰਿਹਾਈ ਤਾਂ ਹੋਣੀ ਹੀ ਹੈ, ਸਰਕਾਰ ਕਿੰਨਾ ਸਮਾਂ ਉਨ੍ਹਾਂ ਦੀ ਰਿਹਾਈ ਰੋਕ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ