ਵਿਧਾਨ ਸਭਾ ਵੱਲੋਂ ਨਵਜੋਤ ਸਿੱਧੂ ਨੂੰ ਭੇਜ ਦਿੱਤੇ ਗਏ ਹਨ ਸਾਰੇ ਕਾਗ਼ਜ਼, ਡੀਡੀਓ ਸ਼ਕਤੀ ਖ਼ੁਦ ਐ ਸਿੱਧੂ ਕੋਲ
ਨਵਜੋਤ ਸਿੱਧੂ ਦੇ ਦਸਤਖ਼ਤ ਕਰਨ ਤੋਂ ਬਾਅਦ ਹੀ ਬੈਂਕ ਖਾਤੇ ਵਿੱਚ ਜਾਏਗੀ ਤਨਖ਼ਾਹ, 20 ਦਿਨ ਤੋਂ ਕਾਗ਼ਜ਼ ਲਈ ਬੈਠੇ ਹਨ ਸਿੱਧੂ
ਜਨਵਰੀ ਵਿੱਚ ਹੀ ਕਾਗ਼ਜ਼ਾਤ ਸਿੱਧੂ ਨੇ ਮੰਗਵਾ ਲਏ ਸਨ ਪਰ ਨਹੀਂ ਭੇਜੇ ਹੁਣ ਤੱਕ ਵਾਪਸ : ਵਿਧਾਨ ਸਭਾ
ਚੰਡੀਗੜ, (ਅਸ਼ਵਨੀ ਚਾਵਲਾ)। ਪਿਛਲੇ 6 ਮਹੀਨਿਆਂ ਤੋਂ ਤਨਖਾਹ ਦਾ ਇੰਤਜ਼ਾਰ ਕਰਨ ਵਾਲੇ ਨਵਜੋਤ ਸਿੱਧੂ ਹੁਣ ਤਨਖ਼ਾਹ ਪ੍ਰਾਪਤ ਕਰਨ ਲਈ ਕਾਗ਼ਜ਼ਾਤ ‘ਤੇ ਹੀ ਦਸਤਖ਼ਤ ਨਹੀਂ ਕਰ ਰਹੇ ਹਨ, ਜਿਸ ਕਾਰਨ ਹੁਣ ਤੱਕ ਨਵਜੋਤ ਸਿੱਧੂ ਦੇ ਬੈਂਕ ਖਾਤੇ ਵਿੱਚ ਤਨਖ਼ਾਹ ਹੀ ਭੇਜੀ ਗਈ ਹੈ। ਹਾਲਾਕਿ ਪੰਜਾਬ ਵਿਧਾਨਸਭਾ ਦੇ ਅਧਿਕਾਰੀਆਂ ਨੇ ਆਪਣੇ ਵੱਲੋਂ ਕਾਰਵਾਈ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਵਲੋਂ ਕੈਬਨਿਟ ਮੰਤਰੀ ਦੀ ਕੁਰਸੀ ਤੋਂ 15 ਜੁਲਾਈ 2019 ਨੂੰ ਅਸਤੀਫ਼ਾ ਦੇ ਦਿੱਤਾ ਗਿਆ ਸੀ,
ਜਿਸ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ 20 ਜੁਲਾਈ 2019 ਨੂੰ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਸੀ। ਇਸ ਅਸਤੀਫ਼ੇ ਦੇ ਪ੍ਰਵਾਨ ਹੋਣ ਦੇ ਚਲਦੇ ਨਵਜੋਤ ਸਿੱਧੂ ਨੂੰ ਤਨਖ਼ਾਹ ਪੰਜਾਬ ਵਿਧਾਨ ਸਭਾ ਵਲੋਂ ਬਤੌਰ ਵਿਧਾਇਕ ਦਿੱਤੀ ਜਾਣੀ ਸੀ। 21 ਜੁਲਾਈ ਤੋਂ ਬਾਅਦ ਨਵਜੋਤ ਸਿੱਧੂ ਨੂੰ ਵਿਧਾਨ ਸਭਾ ਵਲੋਂ ਇਸ ਕਰਕੇ ਤਨਖ਼ਾਹ ਨਹੀਂ ਭੇਜੀ ਗਈ, ਕਿਉਂਕਿ ਅਸਤੀਫ਼ਾ ਪ੍ਰਵਾਨ ਕਰਨ ਵਾਲਾ ਨੋਟੀਫਿਕੇਸ਼ਨ ਵਿਧਾਨ ਸਭਾ ਵਿੱਚ ਨਹੀਂ ਪੁੱਜਾ ਸੀ, ਇਸ ਬਾਰੇ ‘ਸੱਚ ਕਹੂੰ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਦਸੰਬਰ ਦੇ ਆਖ਼ਰ ਤੱਕ ਦੀ ਸਾਰੀ ਤਨਖ਼ਾਹ ਬਣਾਉਂਦੇ ਹੋਏ ਨਵਜੋਤ ਸਿੱਧੂ ਨੂੰ ਦਸਤਖ਼ਤ ਕਰਨ ਲਈ ਸੁਨੇਹਾ ਭੇਜ ਦਿੱਤਾ।
ਹਰ ਮਹੀਨੇ ਤਨਖ਼ਾਹ ਲੈਣ ਲਈ ਵਿਧਾਇਕ ਨੂੰ ਹੀ ਫਾਰਮ ‘ਤੇ ਦਸਤਖ਼ਤ ਕਰਨੇ ਜਰੂਰੀ ਹਨ
ਡੀ.ਡੀ.ਓ. ਸ਼ਕਤੀਆਂ ਵਿਧਾਇਕਾਂ ਕੋਲ ਹੋਣ ਦੇ ਚਲਦੇ ਹਰ ਮਹੀਨੇ ਤਨਖ਼ਾਹ ਲੈਣ ਲਈ ਵਿਧਾਇਕ ਨੂੰ ਹੀ ਫਾਰਮ ‘ਤੇ ਦਸਤਖ਼ਤ ਕਰਨੇ ਜਰੂਰੀ ਹਨ, ਜਿਸ ਕਰਕੇ 31 ਦਸੰਬਰ ਤੱਕ ਦੀ ਤਨਖ਼ਾਹ ਦੇ ਫਾਰਮ ਨਵਜੋਤ ਸਿੱਧੂ ਨੇ ਆਪਣੇ ਦਫ਼ਤਰ ਦਾ ਇੱਕ ਵਿਅਕਤੀ ਭੇਜਦੇ ਹੋਏ ਮੰਗਵਾ ਲਏ ਸਨ ਤਾਂ ਕਿ ਉਹ ਦਸਤਖ਼ਤ ਕਰਕੇ ਵਾਪਸ ਭੇਜ ਦੇਣ, ਜਿਸ ਤੋਂ ਬਾਅਦ ਉਨਾਂ ਨੂੰ ਸਾਰੀ ਤਨਖ਼ਾਹ ਮਿਲ ਸਕੇ। ਇਨਾਂ ਸਾਰੇ ਕਾਗ਼ਜ਼ਾਤ ਨੂੰ ਭੇਜੇ ਹੋਏ 20 ਦਿਨ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ ਪਰ ਨਵਜੋਤ ਸਿੱਧੂ ਵਲੋਂ ਤਨਖ਼ਾਹ ਲੈਣ ਲਈ ਹੁਣ ਤੱਕ ਕਾਗ਼ਜ਼ਾਤ ‘ਤੇ ਹੀ ਦਸਤਖ਼ਤ ਨਹੀਂ ਕੀਤੇ ਗਏ ਹਨ,
ਜਿਸ ਕਾਰਨ ਵਿਧਾਨ ਸਭਾ ਨੇ ਇੱਕ ਵਾਰ ਫਿਰ ਤੋਂ ਨਵਜੋਤ ਸਿੱਧੂ ਨੂੰ ਸੁਨੇਹਾ ਭੇਜਿਆ ਤਾਂ ਕਿ ਉਨਾਂ ਦੇ ਸਿਰ ‘ਤੇ ਕਿਸੇ ਵੀ ਤਰਾਂ ਦਾ ਦੋਸ਼ ਨਾ ਮੜ ਦਿੱਤਾ ਜਾਵੇ ਕਿ ਅਧਿਕਾਰੀਆਂ ਵਲੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀਂ ਹੈ। ਵਿਧਾਨ ਸਭਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੁਣ ਉਹ ਕੁਝ ਵੀ ਨਹੀਂ ਕਰ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।