ਨਵਜੋਤ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ

ਨਵਜੋਤ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ

ਲਖਨਊ। ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਵੱਲੋਂ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਮ੍ਰਿਤਕ ਪੱਤਰਕਾਰ ਰਮਨ ਕਸ਼ਯਪ ਦੀ ਪੁੱਤਰੀ ਨੇ ਨਵਜੋਤ ਸਿੱਧੂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖਤਮ ਕਰਵਾਈ। ਸਿੱਧੂ ਨੇ ਕਸ਼ਯਪ ਦੇ ਘਰ ਇਹ ਭੁੱਖ ਹੜਤਾਲ ਤੇ ਮੋਨ ਵਰਤ ਸ਼ੁਰੂ ਕੀਤਾ ਸੀ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਮੰਗ ਕੀਤੀ ਸੀ ਕਿ ਜਦੋਂ ਤੱਕ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਾਂ ਓਹ ਪੇਸ਼ ਨਹੀਂ ਹੁੰਦੇ ਉਦੋਂ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ।

ਲਖੀਮਪੁਰ ਹਿੰਸਾ ਦੇ ਸੱਤਵੇਂ ਦਿਨ ਮੁੱਖ ਦੋਸ਼ੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਅੱਜ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਇਆ। ਉਹ 11 ਵਜੇ ਦੇ ਨਿਰਧਾਰਤ ਸਮੇਂ ਤੋਂ ਲਗਭਗ 20 ਮਿੰਟ ਪਹਿਲਾਂ ਪਹੁੰਚ ਗਿਆ। ਉਸ ਨੂੰ ਕ੍ਰਾਈਮ ਬ੍ਰਾਂਚ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਲਿਜਾਇਆ ਗਿਆ। ਪੁਲਿਸ ਵਾਲੇ ਉਸਨੂੰ ਮੀਡੀਆ ਤੋਂ ਬਚਾਉਂਦੇ ਹੋਏ ਦਫਤਰ ਲੈ ਗਏ। ਹੁਣ ਉਸ ਤੋਂ ਪੁੱਛਗਿੱਛ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਡੀਆਈਜੀ, ਐਸਪੀ ਵਿਜੇ ਕੁਮਾਰ ਧੂਲ ਖੁਦ ਮੌਕੇ ‘ਤੇ ਹਨ।

ਲਖੀਮਪੁਰ ਪੁਲਿਸ ਨੇ ਸ਼ਨੀਵਾਰ ਯਾਨੀ ਅੱਜ 11 ਵਜੇ ਮੰਤਰੀ ਦੇ ਘਰ ਦੁਬਾਰਾ ਨੋਟਿਸ ਚਿਪਕਾ ਕੇ ਆਸ਼ੀਸ਼ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ, ਪੁਲਿਸ ਨੇ ਵੀਰਵਾਰ ਨੂੰ ਇੱਕ ਨੋਟਿਸ ਪਾ ਕੇ ਉਸਨੂੰ ਸ਼ੁੱਕਰਵਾਰ ਰਾਤ 10 ਵਜੇ ਪੇਸ਼ ਹੋਣ ਲਈ ਕਿਹਾ ਸੀ, ਪਰ ਆਸ਼ੀਸ਼ ਨਹੀਂ ਪਹੁੰਚਿਆ। ਬਾਅਦ ਵਿੱਚ, ਆਸ਼ੀਸ਼ ਨੇ ਇੱਕ ਪੱਤਰ ਲਿਖਿਆ ਸੀ ਕਿ ਉਹ ਬਿਮਾਰ ਸੀ, ਇਸ ਲਈ ਉਹ 9 ਅਕਤੂਬਰ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ