ਨਵਜੋਤ ਸਿੱਧੂ ਵੱਲੋਂ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ, ਕਿਹਾ, ਭਾਜਪਾ ਦੀ ਬੋਲੀ ਬੋਲ ਰਹੇ ਹਨ ਕੈਪਟਨ
- ਪ੍ਰਧਾਨ ਮੰਤਰੀ ਸੁਰੱਖਿਆ ਦੀ ਘਟਨਾ ਨੂੰ ਦੱਸਿਆ ਗਿਆ ਖ਼ੁਦ ਵੱਲੋਂ ਰੱਖੀ ਗਈ ਸਾਜ਼ਿਸ਼
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰਨ ਵਾਲੇ ਭਾਜਪਾ ਦੀ ਚੂਰੀ ਖਾਣ ਵਾਲੇ ਤੋਤੇ ਹਨ, ਇਨਾਂ ਭਾਜਪਾ ਦੀ ਬੋਲੀ ਬੋਲਣ ਵਾਲੇ ਤੋਤਿਆਂ ਨੂੰ ਚੋਣਾਂ ਵਿੱਚ ਪੰਜਾਬ ਵਿੱਚ ਜਨਤਾ ਕਰਾਰਾ ਜਵਾਬ ਦੇਵੇਗੀ। ਅਮਰਿੰਦਰ ਸਿੰਘ ਭਾਜਪਾ ਦੀ ਬੋਲੀ ਬੋਲਣਾ ਬੰਦ ਕਰਨ, ਕਿਉਂਕਿ ਇਹ ਅਚਾਨਕ ਹੋਈ ਘਟਨਾ ਨਹੀਂ ਸਗੋਂ ਭਾਜਪਾ ਵੱਲੋਂ ਖ਼ੁਦ ਰਚੀ ਗਈ ਸਾਜ਼ਿਸ਼ ਹੈ। ਇਸ ਸਾਜ਼ਿਸ਼ ਦੇ ਰਾਹੀਂ ਖ਼ਾਲੀ ਪਈ ਕੁਰਸੀਆਂ ਦੇ ਸਾਹਮਣੇ ਰੈਲੀ ਨਾ ਕਰਨ ਦੇ ਨਾਲ ਹੀ ਪੰਜਾਬ ਨੂੰ ਬਦਨਾਮ ਕੀਤਾ ਜਾਣਾ ਹੈ। ਇਸ ਲਈ ਭਾਜਪਾ ਦੇ ਤੋਤੇ ਪੰਜਾਬ ਦਾ ਨੁਕਸਾਨ ਨਾ ਕਰਨ।
ਇਹ ਤਿੱਖੀ ਬਿਆਨਬਾਜ਼ੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਕਾਫ਼ੀ ਜਿਆਦਾ ਚੰਗੀ ਹੈ ਅਤੇ ਕਿਸੇ ਆਮ ਵਿਅਕਤੀ ਤੱਕ ਨੂੰ ਵੀ ਪੰਜਾਬ ਵਿੱਚ ਜਾਨ ਦਾ ਖ਼ਤਰਾ ਨਹੀਂ ਹੈ, ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਜਾਨ ਦਾ ਖ਼ਤਰਾ ਦੱਸਦੇ ਹੋਏ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬੀਅਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵਿੱਚ ਪੰਜਾਬ ਦੇ ਹੀ ਲੀਡਰ ਉਨਾਂ ਦਾ ਸਾਥ ਦੇਣ ਵਿੱਚ ਲਗੇ ਹੋਏ ਹਨ। ਜਿਸ ਤਰੀਕੇ ਨਾਲ ਭਾਜਪਾ ਚੂਰੀ ਖਵਾਉਂਦੀ ਹੈ ਤਾਂ ਉਸੇ ਤਰੀਕੇ ਨਾਲ ਤੋਤੇ ਬੋਲਣ ਲੱਗੇ ਜਾਂਦੇ ਹਨ। ਉਨਾਂ ਕਿਹਾ ਕਿ ਇਨਾਂ ਭਾਜਪਾ ਦੇ ਤੋਤਿਆਂ ਦੀ ਪਾਰਟੀ ਨੂੰ ਪੰਜਾਬ ਵਿੱਚ 2 ਸੀਟਾਂ ਵੀ ਨਹੀਂ ਆਉਣਗੀਆਂ ਅਤੇ ਪੰਜਾਬ ਦੇ ਲੋਕ ਇਨਾਂ ਨੂੰ ਕਰਾਰਾ ਜਵਾਬ ਦੇਣਗੇ।
ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੜਕੀਂ ਮਾਰਗ ਰਾਹੀਂ ਕੋਈ ਰੂਟ ਨਹੀਂ ਸੀ ਅਤੇ ਪਹਿਲਾਂ ਤੋਂ ਸੂਬਾ ਸਰਕਾਰ ਨੂੰ ਇਸ ਸਬੰਧੀ ਜਾਣਕਾਰੀ ਵੀ ਨਹੀਂ ਦਿੱਤੀ ਗਈ ਪਰ ਮੌਕੇ ’ਤੇ ਸੜਕੀਂ ਮਾਰਗ ਰਾਹੀਂ ਜਾਣ ਦਾ ਪ੍ਰੋਗਰਾਮ ਬਣਾ ਲਿਆ ਗਿਆ ਤਾਂ ਕਿ ਪ੍ਰੋਗਰਾਮ ਵਿੱਚ ਪੁੱਜਣ ਵਿੱਚ ਦੇਰੀ ਹੋ ਸਕੇ। ਇਸ ਦੌਰਾਨ ਇਹ ਇਸ ਤਰਾਂ ਦੀ ਸਾਜ਼ਿਸ਼ ਰਚਦੇ ਹੋਏ ਉਹ ਵਾਪਸ ਦਿੱਲੀ ਪਰਤ ਗਏ।
ਸਿੱਧੂ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਕੋਈ ਜਿਆਦਾ ਨਹੀਂ ਬੋਲਣਗੇ, ਕਿਉਂਕਿ ਮਾਮਲਾ ਸੁਪਰੀਮ ਕੋਰਟ ਵਿੱਚ ਪੁੱਜਣ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਸਾਰਾ ਸੱਚ ਬਾਹਰ ਆ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ