135 ਤੋਂ ਵੱਧ ਥਾਵਾਂ ਤੇ ਹੋਣਗੇ ਵੱਡੇ ਇਕੱਠ, ਮੋਦੀ ਸਰਕਾਰ ਖਿਲਾਫ਼ ਗਰਜ਼ਣੇ ਕਿਸਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਭਰ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਕੀਤਾ ਜਾਵੇਗਾ। ਪੰਜਾਬ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪੂਰੀ ਮੋਰਚਾਬੰਦ ਕਰ ਲਈ ਗਈ ਹੈ। ਪੰਜਾਬ ਭਰ ਅੰਦਰ 130 ਤੋਂ ਵੱਧ ਥਾਵਾਂ ਤੇ ਵੱਡੇ ਇਕੱਠ ਕਰਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇੱਧਰ ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ-ਮੀਟਿੰਗ ਚੰਡੀਗੜ੍ਹ ਵਿਖੇ ਹੋਈ।
ਇਸ ਮੌਕੇ ਕਿਸਾਨ ਆਗੂਆਂ ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 20 ਨਵੰਬਰ ਤੱਕ ਮਾਲ-ਗੱਡੀਆਂ ਨੂੰ ਛੋਟ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੈਸਲਾ ਕੀਤਾ ਗਿਆ ਹੈ ਕਿ ਜੋ ਧਰਨੇ ਪਲੇਟਫਾਰਮਾਂ ‘ਤੇ ਚੱਲ ਰਹੇ ਹਨ, ਉਨ੍ਹਾਂ ਨੂੰ ਉਥੋਂ ਥੋੜ੍ਹਾ ਦੂਰ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਇਹ ਬਹਾਨਾ ਨਾ ਬਣਾਵੇ ਕਿ ਕਿਸਾਨ ਅੜਿੱਕਾ ਬਣ ਰਹੇ ਹਨ।
ਉਨ੍ਹਾਂ ਦੱਸਿਆ ਕਿ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਚੱਲ ਰਹੇ ਧਰਨੇ ਜਾਰੀ ਰਹਿਣਗੇ। ਇਸ ਦੇ ਨਾਲ ਹੀ ਭਾਜਪਾ ਆਗੂਆਂ ਦਾ ਘਿਰਾਓ ਵੀ ਜਾਰੀ ਰਹੇਗਾ। 26-27 ਨਵੰਬਰ ਨੂੰ ਦਿੱਲੀ ਵਿਖੇ ਦੇਸ਼-ਪੱਧਰੀ ਇਕੱਠ ਲਈ ਵਿਉਂਤਬੰਦੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਅੰਦਰ ਬੰਦ ਦੌਰਾਨ 30 ਤੋਂ ਵੱਧ ਵੱਡੇ ਇਕੱਠ ਕੀਤੇ ਜਾਣਗੇ। ਉਗਰਾਹਾਂ ਗਰੁੱਪ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਦੀਆਂ ਅੰਦਰੂਨੀ ਲਾਈਨਾਂ ‘ਤੇ ਲਾਇਆ ਗਿਆ ਧਰਨਾ ਜਾਰੀ ਰਹੇਗਾ।
ਪੈਟਰੋਲ ਪੰਪਾਂ ਵਾਲਿਆ ਨੂੰ ਮਿਲ ਸਕਦੀ ਐ ਰਾਹਤ
ਇੱਧਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਨਿੱਜੀ ਮਾਲਕੀ ਅਤੇ ਡੀਲਰਸ਼ਿਪ ਵਾਲੇ ਪੈਟਰੋਲ ਪੰਪਾ ਸਬੰਧੀ ਹਾਂ ਪੱਖੀ ਫੈਸਲਾ ਕੱਲ ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਚੱਕਾ ਜਾਮ ਦੌਰਾਨ ਲੋਕਲ ਆਗੂਆਂ ਵੱਲੋਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਨਿਜੀ ਮਾਲਕੀ ਅਤੇ ਡੀਲਰਸ਼ਿਪ ਵਾਲੇ ਪੈਟਰੋਲ ਪੰਪਾਂ ਵਾਲਿਆ ਵੱਲੋਂ ਯੂਨੀਅਨ ਅੱਗੇ ਗੁਹਾਰ ਲਾਈ ਗਈ ਸੀ ਕਿ ਉਹ ਮਾਲਕ ਹਨ ਨਾ ਕਿ ਰਿਲਾਇਸ। ਇਸ ਲਈ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਨ੍ਹਾਂ ਪੰਪਾਂ ਅੱਗਿਓ ਧਰਨਾ ਹਟਾਉਣ ਦਾ ਫੈਸਲਾ ਕੱਲ ਨੂੰ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.